17 C
United Kingdom
Sunday, June 21, 2026

More

    ਅਜੋਕੇ ਸਿੱਖਿਆ ਤੰਤਰ ਵਿੱਚ ਨਾ- ਭੁੱਲਣਯੋਗ ਯੋਗਦਾਨ ਦੇਣ ਵਾਲੀ ਕਰਮਯੋਗੀ ਸ਼ਖਸ਼ੀਅਤ : ਮਾ. ਅਮਰੀਕ ਸਿੰਘ ਗਰੇਵਾਲ

    ਬੀਤੇ ਦਿਨੀ ਸ੍ਰ. ਅਮਰੀਕ ਸਿੰਘ ਗਰੇਵਾਲ ( ਰਿਟਾ: ਹੈੱਡ ਟੀਚਰ) ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ । ਉਹਨਾਂ ਦੇ ਜੀਵਨ ਬਾਰੇ ਲਿਖਦਿਆਂ ਸਮਝ ਨਹੀ ਆ ਰਹੀ ਕਿ ਕਿੱਥੋਂ ਸ਼ੁਰੂ ਕਰਾਂ । ਉਹ ਇੱਕ ਸਹੀ ਅਰਥਾਂ ਵਿੱਚ ਸਿੱਖਿਆ ਦੇ ਖੇਤਰ ਨੂੰ ਪ੍ਰਣਾਈ ਹੋਈ ਸ਼ਖਸ਼ੀਅਤ ਸਨ । ਉਹ ਜੋ ਵੀ ਕਹਿੰਦੇ ਸਨ, ਕਰ ਕੇ ਦਿਖਾਉਣਾ ਉਹਨਾਂ ਦੀ ਜੀਵਨ ਜਾਚ ਵਿੱਚ ਸ਼ਾਮਿਲ ਸੀ । ਮੈਂ ਬਚਪਨ ਤੋਂ ਹੀ ਤਾਇਆ ਜ‌ੀ ਤੋਂ ਉਂਗਲੀ ਫੜ ਕੇ ਜ਼ਿੰਦਗ‌ੀ ਦੇ ਸਬਕ ਸਿੱਖਦਾ ਰਿਹਾ । ਉਹਨਾਂ ਜਦੋਂ ਕਹਿਣਾ ,” ਸਾਡੇ ਬੱਚੇ ਬੜੇ ਕਾਬਿਲ ਨੇ, ਇੰਨਾ ਨੇ ਸਾਡਾ ਨਾਮ ਰੌਸ਼ਨ ਕਰਨਾ ਹੈ । ” ਤਾਂ ਮਨ ਵਿੱਚ ਅਜੀਬ ਜਿਹੀ ਖੁਸ਼ੀ ਹੋਣੀ । ਅੱਜ ਜਦੋਂ ਉਹ ਸਾਡੇ ਵਿੱਚ ਨਹੀਂ ਤਾਂ ਉਹਨਾਂ ਦੇ ਬੋਲਾਂ ਦੀ ਸਮਝ ਪੈਣ ਲੱਗੀ ਹੈ । ਉਹ ਆਪਣੇ ਸਪੰਰਕ ਵਿੱਚ ਆਉਣ ਵਾਲੇ ਹਰ ‌ਇਨਸਾਨ ਨੂੰ ਆਪਣੀ ਸ਼ਖਸ਼ੀਅਤ ਨਾਲ ਪ੍ਰਭਾਵਿਤ ਕਰਦੇ ਸਨ, ਹਰ ਬੰਦਾ ਉਹਨਾਂ ਦੇ ਖੁਸ਼-ਮਿਜ਼ਾਜ਼ ਵਿਆਕਤੀਤਵ ਦੀ ਤਾਰੀਫ ਕਰਦਾ ਨਹੀਂ ਥੱਕਦਾ ਸੀ । ਉਹ ਕਿਸਾਨ ਦੇ ਪੁੱਤਰ ਸਨ ਅਤੇ ਸਾਰੀ ਉਮਰ ਉਹਨਾਂ ਦਾ ਖੇਤੀ ਨਾਲ ਲਗਾਅ ਰਿਹਾ । ਉਹ ਦੱਸਦੇ ਹੁੰਦੇ ਸਨ ਕਿ ਜਦੋਂ ਉਹ ਪੜਦੇ ਸਨ ਉਦੋਂ ਸਕੂਲ ਤੋਂ ਘਰ ਆ ਕੇ ਘਰਦਿਆਂ ਨਾਲ ਖੇਤੀ ਵਿੱਚ ਹੱਥ ਵਟਾਉਣਾ ਉਹਨਾਂ ਦਾ ਨਿੱਤਨੇਮ ਹੁੰਦਾ ਸੀ ਜੋ ਕਿ ਸਰਕਾਰੀ ਨੌਕਰੀ ਮਿਲਣ ਤੋਂ ਬਾਅਦ ਵੀ ਜਾਰੀ ਰਿਹਾ । ਉਹਨਾਂ ਨੌਕਰੀ ਤੋਂ ਘਰ ਆ ਕੇ ਖੇਤ‌ੀ ਦੇ ਕੰਮਾਂ ਵਿੱਚ ਮਗ਼ਨ ਰਹਿਣਾ । ਦੋਵੇਂ ਬੱਚ‌ਿਆਂ ਨੂੰ ਚੰਗੀ ਤਾਲੀਮ ਦੇਣ ਦੇ ਨਾਲ -2 ਸਾਰਾ ਇਲਾਕੇ ਦੇ ਬੱਚਿਆਂ ਨੂੰ ਵੀ ਉਹ ਆਪਣਾ ਪਰਿਵਾਰ ਹੀ ਸਮਝਦੇ ਸਨ । ਜਦੋਂ,ਉਹਨਾਂ ਦੇ ਵੱਡੇ ਫਰਜੰਦ ਸ੍ਰ. ਜਸਵਿੰਦਰਪਾਲ ਸਿੰਘ ਗਰੇਵਾਲ ਜਿਹੜੇ ਕਿ ਅੱਜ ਖੇਤੀਬਾੜੀ ਵਿਭਾਗ ਵਿੱਚ ਮੁੱਖ ਖੇਤੀਬਾੜੀ ਅਫਸਰ ਵਜੋਂ ਸੇਵਾ ਨਿਭਾ ਰਹੇ ਹਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿੱਚ ਪੜਾਈ ਕਰ ਰਹੇ ਸਨ, ਉਹਨਾਂ ਦਾ ਘਰ ਖੇਤੀਬਾੜੀ ਯੂਨਵਿਰਸਿਟੀ ਦੀਆਂ ਛੁੱਟੀਆਂ ਵੇਲੇ ਦਾ ਸਮਾਂ ਮੁੰਡਿਆਂ ਦੀ ਛੁੱਟੀਆਂ ਦੀ ਸੈਰਗਾਹ ਬਣ ਜਾਣਾ । ਉਹਨਾਂ ਸਾਰ‌ਿਆਂ ਨੂੰ ਪੁੱਤਰਾਂ ਤੋਂ ਵਧ ਕੇ ਪਿਆਰ ਦੇਣਾ, ਮੁੰਡਿਆਂ ਇਕੱਠੇ ਰਲ ਕੇ ਕਣਕਾਂ ਦੀਆਂ ਵਾਡ‌ੀਆਂ ਕਰਨੀਆਂ । ਅੱਜ ਉਹ ਸਾਰੇ ਵੱਡੇ -2 ਅਹੁਦਿਆਂ ਤੇ ਪਹੁੰਚਣ ਦੇ ਬਾਵਜੂਦ ਵੀ ਤਾ‌ਇਆ ਜ‌ੀ ਨੂੰ ਮਿਲਣਾ ਨਹੀਂ ਭੁੱਲਦੇ । ਤਾਈ ਦੇ ਹੱਥੀਂ ਬਣੀਆਂ ਪੰਜ਼ੀਰੀਆਂ ਦਾ ਸਵਾਦ ਅੱਜ ਵੀ ਉਹਨਾਂ ਨੂੰ ਪਿੰਡ ਖਿੱਚ  ਲਿਆਉਂਦਾ ਹੈ ।                      ਉਹਨਾਂ ਸਾਰ‌ੀ ਉਮਰ ਅਧਿਆਪਨ ਕੀਤਾ, ਅੱਜ ਉਹਨਾਂ ਦੇ ਵਿਦਿਆਰਥੀ ਦੇਸ਼ਾਂ -ਵਿਦੇਸ਼ਾਂ ਵਿੱਚ ਉਹਨਾਂ ਦੇ ਦਰਸਾਏ ਮਾਰਗਾਂ ਉੱਪਰ ਚਲ ਕੇ ਆਪਣਾ ਸਫਲ ਜੀਵਨ ਬਤੀਤ ਕਰ ਰਹੇ ਹਨ । ਉਹ ਇੱਕ ਅਜਿਹੇ ਸਕਾਰਾਤਮਕ ਇਨਸਾਨ ਸਨ ਕਿ ਜਦੋਂ ਵੀ ਕੋਈ ਉਹਨਾਂ ਨੂੰ ਮਿਲਦਾ ਤਾਂ ਪ੍ਰਭਾਵਿਤ ਹੋਏ ਬਿਨਾ ਨਾ ਰਹਿ ਸਕਦਾ । ਉਹਨਾ ਦਾ ਮੰਨਣਾ ਸੀ ਕਿ ਹਰ ਇੱਕ ਇਨਸਾਨ ਵਿੱਚੋਂ ਚੰਗੇ ਗੁਣ ਹੁੰਦੇ ਹਨ, ਬੱਸ ਉਹਨਾਂ ਨੂੰ ਬਾਹਰ ਲਿਆਉਣ ਦਾ ਕਾਰਜ ਹੀ ਇੱਕ ਅਧਿਆਪਕ ਦਾ ਮੁੱਢਲ਼ਾ ਫਰਜ਼ ਹੋਣਾ ਚਾਹੀਦਾ ਹੈ । ਜਦੋਂ ਵੀ ਕੋਈ ਉਹਨਾਂ ਨੂੰ ਮਿਲਦਾ, ਉਹਨਾਂ ਹਮੇਸ਼ਾਂ ਹੌਸਲਾ ਦੇਣਾ ਅਤੇ ਹਰ ਬੰਦੇ ਨੂੰ ਉਤਸ਼ਾਹਿਤ ਕਰਨਾ । ਮੈਨੂੰ ਯਾਦ ਹੈ ਕਿ ਮੈਂ ਪਹਿਲੀ ਵਾਰ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣੀ ਸੀ , ਇੱਕ ਰਾਤ ਪਹਿਲਾਂ ਮੇਰੇ ਮਨ ਵਿੱਚ ਡਰ ਬੈਠ ਗਿਆ ਅਤੇ ਮੈਨੂੰ ਲੱਗਿਆ ਕਿ ਮੈ ਕੱਲ ਇਹ ਨਹੀਂ ਕਰ ਪਾਵਾਂਗਾ । ਪਰ ਉਹ ਇਕੱਲੇ ਹੀ ਮੇਰੇ ਅੱਗੇ ਮੇਰੀ ਪ੍ਰੈਕਟਿਸ ਕਰਾਉਣ ਬੈਠ ਜਾਂਦੇ ਤੇ ਉਤਸ਼ਾਹਿਤ ਕਰਦੇ ਕਹਿੰਦੇ ਕਿ “ਤੇਰੇ ਤੋਂ ਵਧੀਆ ਇਹ ਕੰਮ ਹੋਰ ਕੋਈ ਕਰ ਹੀ ਨਹੀ ਸਕਦਾ । “ਉਹਨਾਂ ਦੇ ਇਹ ਸ਼ਬਦ ਹੀ ਮੇਰੇ ਡਰ ਉੱਪਰ ਭਾਰੂ ਪੈ ਜਾਂਦੇ ਅਤੇ ਅਗਲੇ ਦਿਨ ਦੀ ਮੇਰੀ ਨੀਂਹ ਦਾ ਆਧਾਰ ਬਣ ਜਾਂਦੇ । ਉਹ ਹਰ ਇੱਕ ਇਨਸਾਨ ਨਾਲ ਇੰਨਾ ਘੁਲ-ਮਿਲ ਜਾਂਦੇ ਕਿ ਕਿਸੇ ਨੂੰ ਵ‌ੀ ਪਤਾ ਨਾ ਲੱਗਦਾ ਕਿ ਉਹਨਾਂ ਦੀ ਅਤੇ ਸਾਹਮਣੇ ਵਾਲੇ ਇਨਸਾਨ ਦੀ ਉਮਰ ਵਿੱਚ ਕੋਈ ਉਮਰ ਦਾ ਫਾਸਲਾ ਹੈ ਵੀ ਜਾਂ ਨਹੀਂ । ਅਧਿਆਪਨ ਉਹਨਾਂ ਦੀ ਜੀਵਨ ਜਾਂਚ ਦਾ ਹਿੱਸਾ ਸੀ ਅਤੇ ਉਹਨਾਂ ਦਾ ਜੀਵਨ ਹਰ ਇੱਕ ਲਈ ਇੱਕ ਖੁੱਲ਼ੀ ਕਿਤਾਬ ਦੀ ਤਰਾਂ ਸੀ । ਜਿੱਥੇ ਵੀ ਉਹਨਾਂ ਪੜਾਇਆ , ਲੋਕਾਂ ਨੇ ਇੰਨਾ ਸਤਿਕਾਰ ਦਿੱਤਾ, ਕਿੰਨੇ ਹੀ ਪਰਵਿਾਰ ਉਹਨਾਂ ਦੇ ਜੀਵਨ ਦਾ ਹਿੱਸਾ ਹੀ ਬਣ ਗਏ । ਰਿਟਾਇਰ ਹੋਣ ਤੋਂ ਬਾਅਦ ਵੀ ਉਹਨਾਂ ਗਲੋਬਲ ਐਜ਼ੂਕੇਸ਼ਨਲ ਐਂਡ ਸ਼ੋਸ਼ਲ ਵੈੱਲਫੇਅਰ ਸੋਸਾਇਟੀ ਦੇ ਕੋਆਰਡੀਨੇਟਰ ਰਹੇ, ਅਤੇ ਸੋਸਾਇਟੀ ਦੁਆਰਾ ਕੀਤੇ ਜਾਂਦੇ ਸਮਾਜਿਕ ਕਾਰਜਾਂ ਦਾ ਹਿੱਸਾ ਬਣੇ ਰਹੇ । ਸੋਸਾਇਟੀ ਦੁਆਰਾ ਚਲਾਏ ਜਾਂਦੇ ਗਲੋਬਲ ਪਰਲਜ਼ ਪਬਲਿਕ ਸਕੂਲ ਦੁਆਰਾ ਸਿੱਖਿਆ ਕਾਰਜ ਨਿਰਵਿਘਨ ਅੰਤ ਤੱਕ ਜਾਰੀ ਰਹੇ ।          ਪਰਵਾਰਿਕ ਤੌਰ ਤੇ ਉਹ ਭਰੇ-ਪੂਰੇ ਪਰਿਵਾਰ ਜਿਸ ਵਿੱਚ ਉਹਨਾਂ ਦੇ ਦੋ ਪੁੱਤਰ , ਨੂੰਹਾਂ, ਪੋਤਰੇ ਅਤੇ ਇੱਕ ਪੋਤਰ‌ੀ ਦੇ ਲਾਡਲੇ ਦਾਦਾ ਜੀ ਸਨ । ਪਰਿਵਾਰਕ ਕਦਰਾ-ਕੀਮਤਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰਹਾਂ ਨੂੰ ਧੀਆਂ ਦੀ ਤਰਾਂ ਪਿਆਰ ਦਿੱਤਾ, ਉਹਨਾਂ ਦੇ ਅਨੁਸਾਰ ਪੜਾਈ- ਲਿਖਾਈ ਦੇ ਨਾਲ-2 ਸਾਨੂੰ ਨੈਤਿਕ ਤੌਰ ਤੇ ਪਰਿਵਾਰ ਅਤੇ ਰਿਸ਼ਤਿਆਂ ਨੂੰ ਸਮਝਣ ਦੀ ਸਿੱਖਿਆ ਦੀ ਵੀ ਸਾਡੇ ਸਮਾਜ ਨੂੰ ਜ਼ਰੂਰਤ ਹੈ । ਅਸੀਂ ਸਾਡੇ ਤਾਈ ਜੀ ਨੂੰ ‘ਮਾਸੀ ਜੀ ‘ ਕਹਿੰਦੇ ਹਾਂ ਜਿਸਦਾ ਮਤਲਬ ਮੈਂਨੂੰ ਬਹੁਤ ਦੇਰ ਬਾਅਦ ਸਮਝ ਆਇਆ ਅਜਿਹਾ ਉਹਨਾਂ ਸਾਨੂੰ ਇਸ ਲਈ ਸਿਖਾਇਆ ਤਾਂ ਜੋ ਕਿ ਦਰਾਣੀ – ਜੇਠਾਣੀ ਦੀ ਜਗਾ ਭੈਣਾਂ ਦਾ ਪਿਆਰ ਪਰਿਵਾਰ ਵਿੱਚ ਪ੍ਰਫੁਲਿਤ ਹੋ ਸਕੇ, ਅਜਿਹੇ ਦੂਰ-ਅੰਦੇਸ਼ੀ ਫੈਸਲੇ ਹੀ ਸਨ ਕਿ ਅਸੀਂ ਅਚਨਚੇਤ ਹੀ ਬਚਪਨ ਵਿੱਚ ਅਵਚੇਤਨ ਰੂਪ ਵਿੱਚ ਅਜਿਹੇ ਗੁਣ ਆਪਣੀ ਸ਼ਖਸ਼ੀਅਤ ਵਿੱਚ ਧਾਰਨ ਕਰਦੇ ਗਏ । ਉਹਨਾਂ ਵਿੱਚ ਬੱਚਿਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਦਾ ਅਜਿਹਾ ਹੁਨਰ ਸੀ ਜੋ ਕਿ ਬੱਚਿਆਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਛੋਟੇ -2 ਬਦਲਾਅ ਕਰਕੇ ਕਿਵੇਂ ਉਹਨਾਂ ਦੀ ਸ਼ਖਸ਼ੀਅਤ ਘੜਨੀ ਹੈ ਤਾਂ ਕਿ ਬੱਚਿਆਂ ਦੇ ਬਿਹਤਰ ਭਵਿੱਖ ਲਈ ਮਜਬੂਤ ਨੀਂਹ ਦਾ ਨਿਰਮਾਣ ਹੋ ਸਕੇ , ਅਜੋਕੇ ਸਿੱਖਿਆ ਤੰਤਰ ਵਿੱਚ ਉਹਨਾਂ ਦੀ ਦੇਣ ਨੂੰ ਨਾ- ਭੁੱਲਣਯੋਗ ਬਣਾਉਂਦਾ ਹੈ ।             ਉਹ ਇੱਕ ਕਰਮ-ਯੋਗੀ ਸਨ, ਕਈ ਵਾਰ ਲੱਗਣਾ ਕਿ ਉਹ ਲੋਕਾਂ ਵਾਂਗ ਰਿਟਾਇਰਡ ਜ਼ਿੰਦਗੀ ਕਿਉਂ ਨਹੀਂ ਬ‌ਿਤਾਉਂਦੇ । ਫਿਰ ਉਹਨਾਂ ਦੀ ਜ਼ਿੰਦਗੀ ਦਾ ਦੂਸਰਾ ਪਹਿਲੂ ਸਾਹਮਣੇ ਆ ਜਾਂਦਾ, ਉਹ ਅੰਧ- ਵਿਸ਼ਵਾਸ਼ ਤੋਂ ਸਦਾ ਦੂਰ ਰਹਿੰਦੇ ਅਤੇ ਲੋਕਾਂ ਨੂੰ ਇਹਨਾਂ ਤੋਂ ਦੂਰ ਰਹਿਣ ਦ‌ੀ ਤਾਕੀਦ ਕਰਦੇ ਰਹਿੰਦੇ । ਜਦੋਂ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਖੇਤੀ ਕਰਨੀ ਸ਼ੁਰੂ ਕੀਤੀ ਤਾਂ ਸਕੇ-ਸਨੇਹੀਆਂ ਨੇ ਕਿਹਾ ਕਿ ਉਹਨਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ , ਪਰ ਉਹਨਾਂ ਕਿਸੇ ਦੀ ਨਹੀਂ ਸੁਣੀ ਅਤੇ ਅੰਤ ਤੱਕ ਸਫਲ਼ ਖੇਤੀ ਕਰਦੇ ਰਹੇ , ਕਿਸਾਨ ਦੇ ਪੁੱਤਰ ਜੋ ਸੀ । ਜ਼ਿੰਦਗੀ ਦੇ ਆਖਰੀ ਦਿਨ ਵੀ, ਉਹ ਲੁਧਿਆਣੇ ਆਪਣੇ ਛੋਟੇ ਬੇਟੇ ਜਸਵੀਰ ਸਿੰਘ ਗਰੇਵਾਲ ਜੋ ਕਿ ਪੰਜਾਬੀ ਚੇਤਨਾ ਸੱਥ ਦੇ ਸਰਪ੍ਰਸਤ ਹਨ, ਨੂੰ ਕਹਿ ਰਹੇ ਸੀ ਕਿ ਅੱਜ ਪਿੰਡ ਜਾ ਕੇ ਪਨੀਰੀ ਬੀਜਣੀ ਹੈ । ਉਹਨਾਂ ਅੰਧ ਵਿਸ਼ਵਾਸ਼ ਦ‌ੀ ਥਾਂ ਗੁਰਬਾਣੀ ਦੇ ਅਸੂਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾਇਆ ਹੋਇਆ ਸੀ, ਮੈਨੂੰ ਲੱਗਦਾ ਜਿਵੇਂ ਬਾਬਾ ਨਾਨਕ ਜੀ ਨੇ ਸਾਨੂੰ ਕਿਰਤ ਦਾ ਸ਼ੰਦੇਸ਼ ਦੇਣ ਲਈ ਆਖਰੀ ਸਮੇਂ ਖੇਤੀ ਕੀਤੀ, ਜਦੋਂ ਉਹ ਖੇਤੀ ਕਰਦੇ ਤਾਂ ਉਹ ਬਾਬਾ ਨਾਨਕ ਦੇ ਅਸਲੀ ਪੈਰੋਕਾਰ ਲੱਗਦੇ ਜਿਵੇਂ ਆਪਣੇ ਵਿਦਿਆਰਥੀਆਂ ਨੂੰ ਕਿਰਤ ਕਰਨ ਦੇ ਸ਼ੰਦੇਸ਼ ਦਿੰਦੇ ਹੋਣ ।               ਉਹਨਾਂ ਨਮਿਤ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ 9 ਜੂਨ ਮੰਗਲਵਾਰ ਪਿੰਡ ਕੌਲਗੜ੍ਹ ਜ਼ਿਲਾ ਫਤਿਹਗੜ ਸਾਹਿਬ ਪੰਜਾਬ ਵਿਖੇ ਮਹਾਂਮਾਰੀ ਦੇ ਪ੍ਰਕੋਪ ਕਾਰਨ ਸੀਮਿਤ ਲੋਕਾਂ ਦੀ ਹਾਜ਼ਰੀ ਵਿੱਚ ਪਾਇਆ ਜਾਵੇਗਾ । ਮੇਰੇ ਲਈ ਉਹਨਾਂ ਦੇ ਜਾਣ ਨਾਲ ਜੋ ਖਲਾਅ ਪੈਦਾ ਹੋਇਆ ਹੈ ਸ਼ਾਇਦ ਹੀ ਜ਼ਿੰਦਗੀ ਭਰ ਪੂਰਿਆ ਜਾ ਸਕੇ । ਮੈਂ ਉਹਨਾਂ ਦੇ ਵਿਖਾਏ ਰਾਹਾਂ ਤੇ ਚਲਦਿਆਂ ਹਰ ਪਲ ਉਹਨਾਂ ਨੂੰ ਅੰਗ-ਸੰਗ ਮਹਿਸੂਸ ਕਰਦਾ ਹੋਇਆ ਉਨਾਂ ਦੇ ਕਹਿਣ ਅਨੁਸਾਰ ਅੱਗੇ ਵੱਧਣਾ ਜਾਰੀ ਰੱਖਾਂਗਾ ।  
    – ਕੁਲਵੰਤ ਗਰੇਵਾਲ, ਐਡਮਿੰਟਨ ਕੈਨੇਡਾ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!