ਗੁਰਦਿੱਤ ਦੀਨਾ

ਖੁਰਾਸਾਨ ਖੁਸਮਾਨਾ ਕੀਆ ,
ਹਿੰਦੁਸਤਾਨੁ ਡਰਾਇਆ ।।
ਏਤੀ ਮਾਰ ਪਈ ਕੁਰਲਾਣੇ ,
ਤੈਂ ਕੀ ਦਰਦੁ ਨਾ ਆਇਆ ।।
ਅਸੀਂ ਸਾਰੇ ਪਿੱਛਲੇ ਦਿਨੀ ਗੁਰੂ ਬਾਬਾ ਨਾਨਕ ਦਾ 550 ਸਾਲਾਂ ਮਨਾਂ ਰਹੇ ਸੀ । ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਦੀਆਂ ਦਿੱਤੀਆਂ ਸਿਖਿਆਵਾਂ ਰਾਹੀਂ ਜ਼ੁਲਮ ਦੇ ਖਿਲਾਫ਼ ਖੜੇ ਹੋਈਏ । ਕਿਉਕਿ ਜੇਕਰ ਗੁਰੂ ਬਾਬਾ ਨਾਨਕ ਆਪਣੇ ਉਸ ਸਮੇਂ ਵੀ ਇਹ ਕਹਿ ਰਿਹਾ ਕਿ “”ਖੁਰਾਸਾਨ ਖੁਸਮਾਨਾ ਕੀਆ ,
ਹਿੰਦੁਸਤਾਨੁ ਡਰਾਇਆ ।। ……………।।
ਤਾਂ ਗੱਲ ਸਮਝ ਪੈਂਦੀ ਹੈ ਕਿ ਉਹਨਾਂ ਦੇ ਸਮੇਂ ਵੀ ਜ਼ੁਲਮ ਜੋਬਨ ਤੇ ਸੀ । ਤੇ ਉਹਨਾਂ ( ਬਾਬਾ ਨਾਨਕ ) ਨੇ ਉਸ ਸਮੇਂ ਦੀਆਂ ਆਰਥਿਕ ਹਾਲਤਾਂ ਅਤੇ ਸੀਮਤ ਸਾਧਨਾਂ ਨੂੰ ਮੱਦੇ ਨਜ਼ਰ ਰੱਖਦਿਆਂ ਪੈਦਲ ਚਲਦਿਆਂ ਦੁਨੀਆ ਦੇ ਚਾਰੇ ਕੋਨਿਆਂ ਵਿੱਚ ਜਾਕੇ ਜ਼ੁਲਮ ਵਿਰੁੱਧ ਲੜਾਈ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ । ਤੇ ਲੋਕਾਈ ਨੂੰ ਅਗਿਆਨ ਵਿਰੁੱਧ ਤਰਕ ਕਰਨਾ ਸਿਖਾਇਆ । ਅੱਜ ਵੀ ਸਾਡੇ ਲਈ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਸਿੱਖਿਆਦਾਇਕ ਬਣਦੇ ਹਨ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ।
ਪਰ ਕੀ ਉਹ ( ਗੁਰੂ ਬਾਬਾ ਨਾਨਕ ) ਉਸ ਸਮੇਂ ਦੀਆਂ ਹਕੂਮਤਾਂ ਦਾ ਜ਼ੁਲਮ ਖ਼ਤਮ ਕਰਨ ਵਿੱਚ ਕਾਮਯਾਬ ਰਹੇ ? ਨਹੀਂ ।
ਪਰ ਹਾਂ। ਉਹਨਾਂ ਦੀ ਤਰਕ ਨਾਲ ਹਕੂਮਤ ਵਿਰੁੱਧ ਲੜੀ ਲੜਾਈ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਿਆ ਜਾਵੇਗਾ ,ਉਸਤੋਂ ਸਿੱਖਿਆ ਜਾਵੇਗਾ ।
ਉਹਨਾਂ ਤੋਂ ਬਾਅਦ ਵੀ ਜ਼ੁਲਮ ਖਿਲਾਫ ਲੜਨ ਵਾਲਿਆਂ ਨੂੰ ਸੀਸ ਤਲੀ ਤੇ ਟਿਕਾਉਣੇ ਪਏ , ਚਰਖੜੀਆਂ ਤੇ ਚੜਨਾ ਪਿਆ , ਪੁੱਤ ਪੋਤਰਿਆਂ ਦੀਆਂ ਕੁਰਬਾਨੀਆਂ ਦੇਣੀਆਂ ਪਈਆ , ਫਾਂਸੀ ਦੇ ਰੱਸਿਆਂ ਨੂੰ ਹੱਸ ਕੇ ਚੁੰਮਣਾ ਪਿਆ , ਤਾਂਕਿ ਇਹ ਸਾਰੀ ਦੁਨੀਆਂ ਖੁੱਲੀ ਹਵਾ ਵਿੱਚ ਬਾਹਾਂ ਖਿਲਾਰ ਕੇ ਸਾਹ ਲੈ ਸਕੇ ।
ਪਰ ਹਾਂ । ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਮਹਾਨ ਗੁਰੂ ( ਗੁਰੂ ਬਾਬਾ ਨਾਨਕ ) ਨੇ ਆਪਣੀ ਜ਼ਿੰਦਗੀ ਵਿੱਚ ਆਪਣੇ ਹਿੱਸੇ ਆਇਆ ਕੰਮ ਕੀਤਾ । ਜ਼ੁਲਮ ਵਿਰੁੱਧ ਲੜੇ ਰਹੇ , ਸਿਰਫ਼ ਜ਼ੁਲਮ ਵਿਰੁੱਧ ਲੜੇ ਹੀ ਨਹੀਂ ਸਗੋਂ ਸਮਾਜ ਨੂੰ ਉੱਚਾ ਚੁੱਕਣ ਲਈ ” ਕਿਰਤ ਕਰੋ ” ਦਾ ਨਾਹਰਾ ਦੇ ਕੇ ” ਕਿਰਤ ” ਨੂੰ ਵਡਿਆਇਆ ਹੈ । ਤੇ ਆਪ ਵੀ ਆਖਰੀ ਸਮੇਂ ਤੱਕ ਹਲ ਵਾਹੁਣ ਦਾ ਕੰਮ ਕੀਤਾ ।
ਜਦੋਂ ਅਸੀਂ ਅੱਜ ਦੀਆਂ ਹਾਲਤਾਂ ਵੱਲ ਦੇਖਦੇ ਹਾਂ ਤਾਂ ਉਹੀ ਸਮੇਂ ਦੀ ਝਲਕ ਮੁੜ ਪੈਂਦੀ ਹੈ । ਜੋ ਹਾਲਤਾਂ ਉਦੋਂ ਗੁਰੂ ਬਾਬਾ ਨਾਨਕ ਦੇ ਸਮੇਂ ਸੀ । ਉਹੀ ਜ਼ੁਲਮ , ਜਾਤ ਪਾਤ ਦਾ ਪਾੜਾ , ਧਰਮ ਦੇ ਨਾਮ ਉੱਪਰ ਮਾਰ- ਕੁੱਟ , ਸਾਨੂੰ ਵਿਦੇਸ਼ੀ ਤਾਕਤਾਂ ਦੇ ਅਧੀਨ ਗੁਲਾਮ ਬਣਾ ਕੇ ਰੱਖਣ ਦਾ ਰਵੱਈਆ ਤੇ ਕਿਰਤ ( ਕੰਮ ) ਮੰਗਦੇ ਹੱਥਾਂ ਨੂੰ ਕੰਮ ਤੋਂ ਬਾਹਰ ਰੱਖਣਾ ਆਦਿ। ਭਾਵੇਂ ਕਿਸਾਨੀ , ਦੁਕਾਨਦਾਰੀ , ਵਪਾਰੀ , ਬੇਰੁਜ਼ਗਾਰੀ , ਨੌਜਵਾਨੀ , ਮੁਲਾਜ਼ਮ ਦੀ ਹਾਲਤ ਪਹਿਲਾ ਵੀ ਕੋਈ ਬਹੁਤੀ ਚੰਗੀ ਨਹੀਂ ਸੀ । ਪਰ ਰਾਜ ਕਰਦੀ ਧਿਰ ਵੱਲੋ ਅਚਾਨਕ ਕੀਤੇ ( ਤੁਗ਼ਲੁਕੀ ਫੈਸਲੇ ) ਜਿਵੇਂ ਕਿ ਨੋਟ ਬੰਦੀ ਨੇ ਹਰ ਵਰਗ ਦੇ ਸਾਹ ਸੂਤ ਲਏ । ਕਿਸੇ ਵੀ ਹੱਥ ਵਿੱਚ ਪੈਸਾ ਨਹੀਂ ਰਿਹਾ । ਲੋਕਾਂ ਨੂੰ ਮਜਬੂਰਨ ਲਾਈਨਾਂ ਵਿੱਚ ਲੱਗਣਾ ਪਿਆ । ਜਿਸ ਨਾਲ ਬਹੁਤ ਸਾਰੇ ਲੋਕਾਂ ਨੂੰ ਮੌਤ ਅਤੇ ਭਿਆਨਕ ਬਿਮਾਰੀਆਂ ਦਾ ਮੂੰਹ ਦੇਖਣਾ ਪਿਆ ।
ਜਦੋ ਸਰਕਾਰਾ ਆਪਣੀਆ ਲੋਕ ਮਾਰੂ ਨੀਤੀਆਂ ਰਾਹੀਂ ਹਰ ਕੰਮ ਮੰਗਦੇ ਹੱਥ ਨੂੰ ਕੰਮ ਤੋ ਬਾਹਰ ਰੱਖੀ ਬੈਠੀਆਂ ਹੋਣ ਹੋਰ ਤੇ ਹੋਰ ਕੰਮ ਮੰਗਦਿਆਂ ਨੂੰ ਡਾਂਗਾਂ ਨਾਲ ਨਵਾਜਿਆ ਜਾਂਦਾ ਹੋਵੇ । ਤਾ ਆਮ ਲੋਕਾਂ ਦੇ ਹੱਥ ਵਿੱਚ ਪੈਸਾ ਕਿੱਥੋਂ ਆਵੇਗਾ । ਜੇਕਰ ਹਰ ਹੱਥ ਵਿੱਚ ਪੈਸਾ ਨਹੀਂ ਹੋਵੇਗਾ ਤਾ ਬਜ਼ਾਰ ਦੀ ਖਰੀਦ ਸ਼ਕਤੀ ਘਟੇਗੀ । ਜੇਕਰ ਖਰੀਦ ਸ਼ਕਤੀ ਘਟੇਗੀ ਤਾਂ ਦੁਕਾਨਦਾਰੀ ਮੰਦੇ ਵਿੱਚ ਜਾਵੇਗੀ । ( ਜੋ ਪਿੱਛਲੇ ਸਮੇ ਵਿੱਚ ਹੋਇਆ ਹੈ )
ਤੇ ਉਹੀ ਜੇਕਰ ਦੁਕਾਨਦਾਰ ਦਾ ਸਾਮਾਨ ਨਹੀਂ ਵਿਖੇਗਾ ਤਾਂ ਕਿਸਾਨ ਦੀ ਪੈਦਾ ਕੀਤੀ ਫ਼ਸਲ ਕਥਾਨਾਂ , ਟੋਇਆ ਵਿੱਚ ਸੁੱਟਣੀ ਪਵੇਗੀ । ਜਿਸ ਨਾਲ ਕਿਸਾਨ ਦੀ ਹਾਲਤ ਹੋਰ ਵੀ ਮਾੜੀ ਹੋਵੇਗੀ । ( ਜੋ ਪਿੱਛਲੇ ਸਮੇ ਵਿੱਚ ਹੋਇਆ ਅਸੀਂ ਸਾਰਿਆਂ ਨੇ ਦੇਖਿਆ ਹੈ ) । ਜੇਕਰ ਹਰ ਹੱਥ ਨੂੰ ਉਸਦੀ ਯੋਗਤਾ ਮੁਤਾਬਿਕ ਕੰਮ ਤੇ ਕੰਮ ਅਨੁਸਾਰ ਪੈਸੇ ਮਿਲਣ ਤਾ ਇਹ ਖ਼ਰੀਦੋ ਫਰੋਖਤ ਦਾ ਸਰਕਲ ਬਜ਼ਾਰ / ਸਮਾਜ ਨੂੰ ਤਰੱਕੀ ਦੇ ਰਾਹ ਉੱਪਰ ਲੈ ਜਾਵੇਗਾ । ਜਿਵੇਂ ਜਿਵੇਂ ਦੁਕਾਨਦਾਰੀ ਮੰਦੀ ਵਿੱਚ ਜਾ ਰਹੀ ਹੈ ਉਵੇ ਉਵੇ ਹੀ ਸਰਕਾਰਾਂ ਇਸਨੂੰ ਹੋਰ ਮਰਨ ਕਿਨਾਰੇ ਕਰ ਰਹੀਆਂ ਹਨ । ਜਿੱਥੇ ਪਹਿਲਾ ਹੀ ਬਜ਼ਾਰ ਪੈਸੇ ਦੇ ਸਰਕਲ ਤੋ ਵਾਂਝੇ ਹਨ ਉਥੇ ਹੀ ਵੱਡੀਆ ਵੱਡੀਆਂ ਬਹੁ- ਕੋਮੀ ਕੰਪਨੀਆਂ ਦੇ ਖੁੱਲ ਰਹੇ ਮਾਲ ਛੋਟੀ ਦੁਕਾਨਦਾਰੀ ਨੂੰ ਖ਼ਤਮ ਕਰਨ ਵੱਲ ਧੱਕ ਰਹੇ ਹਨ । ਅਤੇ ਉਪਰੋਂ ਸਰਮਾਏਦਾਰੀ ਦੇ ਅਧੀਨ ਚੱਲਣ ਵਾਲੀਆ ਸਰਕਾਰਾ ਇਸ ਦੁਕਾਨਦਾਰੀ ਨੂੰ ਖ਼ਤਮ ਕਰਨ ਲਈ ਨਵੇ ਨਵੇਂ ਟੈਕਸ , ਨਵੀਆਂ ਲਿਖਤਾਂ ( ਬਿੱਲਾਂ ) ਵਿੱਚ ਉੱਲਝਾਕੇ ਇਸ ਲੋਟੂ ਪ੍ਰਬੰਧ ਦਾ ਸਾਥ ਦੇ ਰਹੀਆਂ ਹਨ ।
ਭਾਵੇ ਨੰਬਰਾ ਦੀ ਵੱਧਦੀ ਪ੍ਰਤੀਸ਼ਤ ਖੁਸ਼ੀ ਦਾ ਪ੍ਰਤੀਕ ਹੁੰਦੀ ਹੈ ।ਪਰ ਕਈ ਵਾਰ ਇਹ ਨਾਸੂਰ ਵੀ ਬਣ ਜਾਂਦੀ ਹੈ । ਜੇਕਰ ਅਸੀਂ ਪਿੱਛੇ ਝਾਤ ਮਾਰੀਏ ਤਾ ਦੇਸ਼ ਦੀ ਗਰੀਬੀ / ਬੇਰੁਜ਼ਗਾਰੀ ਦੀ ਪ੍ਰਤੀਸ਼ਤ ਸਾਡੇ ਦੇਸ਼ ਦੀ ਬਹੁਤ ਵਧੀ ਹੈ , ਜੋ ਸਰਕਾਰਾਂ ਲਈ ਬੇਸ਼ਰਮੀ ਦਾ ਆਲਮ ਹੈ । ਇਹ ਵੱਧਦੀ ਪ੍ਰਤੀਸ਼ਤ ਸਾਨੂੰ ਮੌਤ ਦੇ ਮੂੰਹ ਉੱਪਰ ਦਸਤਕ ਦੇਣ ਲਈ ਮਜਬੂਰ ਕਰਦੀ ਹੈ ।
ਇੱਕ ਪਰਿਵਾਰ ਆਪਣੇ ਬੱਚਿਆਂ ਨੂੰ ਪੜਾਉਣ ਲਈ ਆਪਣਾ ਸਾਰਾ ਕੁੱਝ ਦਾਅ ਤੇ ਲਾ ਦਿੰਦਾ ਹੈ । ਤਾਂ ਜੋ ਉਹ ਧੀ , ਪੁੱਤਰ ਪੜ ਲਿਖ ਕੇ ਨੌਕਰੀ ਕਰਕੇ ਘਰ ਦੀ ਹਾਲਤ ਨੂੰ ਸੁਧਾਰਨ ਵਿੱਚ ਸਹਾਈ ਹੋਵੇਗਾ । ਪਰ ਪਿੱਛਲੇ ਸਮੇਂ ਤੋਂ ਭਾਵੇ ਕੇਂਦਰ ਦੀਆਂ ਸਰਕਾਰਾਂ ਹੋਣ ਜਾ ਪੰਜਾਬ ਦੀਆਂ ਸਰਕਾਰਾਂ ਹੋਣ ਦੋਨੋ ਗਾਰੰਟੀਸ਼ੁਦਾ ਰੁਜ਼ਗਾਰ ਪੈਦਾ ਕਰਨ ਵਿੱਚ ਬੁਰੀ ਤਰਾਂ ਅਸਫਲ ਰਹੀਆਂ ਹਨ । ਤੇ ਸਗੋਂ ਸਾਰੇ ਸਰਕਾਰੀ ਅਦਾਰਿਆਂ ਨੂੰ ਵੇਚ ਵੱਟ ਕੇ ਸਰਮਾਏਦਾਰੀ ਪ੍ਰਬੰਧ ਦੀਆਂ ਵਫ਼ਾਦਾਰ ਬਣ ਰਹੀਆ ਹਨ । ਅਸੀਂ ਰੋਜ਼ ਸੁਣਦੇ / ਦੇਖਦੇ ਹਾਂ ਕਿ ਕਿਵੇਂ ਸਾਡੇ ਉੱਚ ਸਿੱਖਿਆ ਪ੍ਰਾਪਤ ਧੀਆਂ ਪੁੱਤਰਾਂ ਨੂੰ ਪਕੌੜੇ ਤਲਣ , ਆਟੋ ਰਿਕਸ਼ਾ ਚਲਾਉਣ , ਪ੍ਰਾਈਵੇਟ ਕੰਪਨੀਆਂ ਦੀ ਗੁਲਾਮੀ ਕਰਨ ਦੀਆਂ ਸਲਾਹਾਂ ਇਹ ਬੇਸ਼ਰਮ ਸਰਕਾਰਾਂ ਦੇ ਰਹੀਆਂ ਹਨ । ਇਹ ਗੱਲ ਹੁਣ ਬਿਲਕੁੱਲ ਨੰਗੀ ਚਿੱਟੀ ਹੈ ਕਿ ਕਿਵੇਂ ਸਰਕਾਰਾਂ ਪ੍ਰਾਈਵੇਟ ਕੰਪਨੀਆਂ ਦੇ ਰੋਜ਼ਗਾਰ ਮੇਲੇ ਲਾਕੇ ਆਪਣੇ ਆਪ ਦਾ ਸਰਮਾਏਦਾਰੀ ਦੀ ਬੁੱਕਲ ਵਿੱਚ ਬੈਠਣ ਦਾ ਸਬੂਤ ਦੇ ਰਹੀਆਂ ਹਨ । ਪਰ ਜੇਕਰ ਅਸੀਂ ਗੁਰੂ ਬਾਬਾ ਨਾਨਕ ਤੋ ਲੈਕੇ ਦਸ ਗੁਰੂ ਸਾਹਿਬਾਨਾਂ ਦੀ ਜ਼ਿੰਦਗੀ ਦੀ ਸਿੱਖਿਆ , ਰਿਸ਼ੀਆਂ ਮੁਨੀਆ , ਗ਼ਦਰੀ ਬਾਬਿਆਂ , ਭਗਤ , ਸਰਾਭਿਆਂ , ਦੇ ਖੁਦ ਨੂੰ ਪੈਰੋਕਾਰ ਮੰਨਦੇ ਹਾਂ ਤਾ ਹੁਣ ਇਹ ਸਾਡੇ ਹਿੱਸੇ ਆਇਆ ਕਿ ਅਸੀਂ ਆਪਣੇ ਗੁਰੂਆਂ ਦੇ ਕਹੇ ਬੋਲ ” ਐਸਾ ਚਾਹੂੰ ਰਾਜ ਮੈਂ, ਜਹਾਂ ਮਿਲੇ ਸਭਨ ਕੋ ਅੰਨ ,
ਛੋਟ ਬੜੇ ਸਭ ਸਮ ਵਸੇ, ਰਵਿਦਾਸ ਰਹੇ ਪ੍ਰਸੰਨ ।। ਉੱਪਰ ਫੁੱਲ ਚੜਾਉਦਿਆਂ ਸਾਨੂੰ ਇਕਜੁੱਟ ਹੋਕੇ ਸਾਰੇ ਵਰਗਾਂ ਨੂੰ ਇੱਕ ਲੜਾਈ ਇਸ ਹਕੂਮਤ ਵਿਰੁੱਧ ਲੜਨੀ ਚਾਹੀਦੀ ਹੈ ਤੇ ਮੰਗ ਕਰਨੀ ਚਾਹੀਦੀ ਹੈ ਕਿ ਹਰ ਕੰਮ ਮੰਗਦੇ ਹੱਥ ਨੂੰ ਉਸਦੀ ਯੋਗਤਾ ਕੰਮ ਦੀ ਗਰੰਟੀ ਕਰਦਾ ਕਾਨੂੰਨ ਬਣਾਇਆ ਜਾਵੇ । ਕਿਉਂਕਿ ਜੇ ਹਰ ਹੱਥ ਵਿੱਚ ਕਿਰਤ ਹੋਵੇਗੀ , ਫਿਰ ਹੀ ਵੰਡ ਕੇ ਛਕਿਆ ਜਾਵੇਗਾ । ਤੇ ਜੇ ਵੰਡ ਛਕ ਕੇ ਹਰ ਰੂਹ ਪ੍ਰਸੰਨ ਹੋਵੇਗੀ ਫਿਰ ਹੀ ਨਾਮ ਜਪਣ ਵਾਲਾ ਕੰਮ ਹੋਵੇਗਾ । ਗੁਰੂ ਬਾਬਾ ਨਾਨਕ ਦੇ 550 ਸਾਲਾਂ ਤੇ ਇਹ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਦੋ ਅਸੀਂ ਸਾਰੇ “ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ ।। ਦੇ ਨਾਹਰੇ ਤੇ ਇਕੱਤਰ ਹੋਕੇ
ਕਿਰਤ ਕਰੋ ।
ਵੰਡ ਸਕੋ।
ਨਾਮ ਜਪੋ ।।
ਤੋ ਸਿੱਖਿਆ ਲੈਂਦਿਆਂ
ਸਰਕਾਰਾਂ ਵਿਰੁੱਧ ਚੇਤਨ ਹੋਕੇ ਲੜਾਈ ਲੜੀਏ ।
ਸੰਪਰਕ
9464277169
ਵਟਸਐਪ
8146380649