ਨਵੀਂ ਦਿੱਲੀ(ਪੰਜ ਦਰਿਆ ਬਿਊਰੋ)
ਸੋਮਵਾਰ ਤੋਂ ਮਸਜਿਦਾਂ, ਗੁਰਦੁਆਰੇ, ਚਰਚ ਤੇ ਮੰਦਰਾਂ ਨੂੰ ਆਮ ਨਾਗਰਿਕਾਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਲਈ ਤਿਆਰੀਆਂ ਕਾਫੀ ਤੇਜ਼ੀ ਨਾਲ ਚੱਲ ਰਹੀਆਂ ਹਨ। ਇਸ ਨੂੰ ਲੈ ਕੇ ਗ੍ਰਹਿ ਮੰਤਰਾਲੇ ਨੇ ਗਾਈਡਲਾਈਨ ਵੀ ਜਾਰੀ ਕੀਤੀ ਹੈ। ਵੀਰਵਾਰ ਨੂੰ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ਵੱਲੋਂ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਨੂੰ ਲੈ ਕੇ ਗਾਈਡਲਾਈਨ ਜਾਰੀ ਕੀਤੀ ਗਈ ਹੈ। ਇਸ ਦੇ ਤਹਿਤ ਧਾਰਮਿਕ ਸਥਾਨਾਂ ਨੂੰ ਤਮਾਮ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ ਤੇ ਨਾਲ ਹੀ ਇਹ ਆਉਣ ਵਾਲੇ ਸ਼ਰਧਾਲੂਆਂ ਨੂੰ ਵੀ ਸਖ਼ਤ ਨਿਯਮਾਂ ਦੀ ਪਾਲਣਾ ਦੇ ਅਨੁਸਾਰ ਹੀ ਪੂਜਾ ਅਰਚਨਾ ਕਰਨ ਦੀ ਆਗਿਆ ਦਿੱਤੀ ਗਈ ਹੈ।
ਇਕ ਵਾਰੀ ‘ਚ ਸਿਰਫ਼ 10 ਸ਼ਰਧਾਲੂ
ਲੋਧੀ ਰੋਡ ‘ਤੇ ਸਥਿਤ ਦਿੱਲੀ ਦੇ ਸਾਈ ਮੰਦਰ ਨੂੰ 8 ਜੂਨ ਤੋਂ ਖੋਲ੍ਹਿਆ ਜਾਵੇਗਾ। ਮੰਦਰ ਦੇ ਪ੍ਰਬੰਧਨ ਨੇ ਕਿਹਾ ਕਿ ਇਕ ਵਾਰ ‘ਚ ਇੱਥੇ ਸਿਰਫ ਦਸ ਵਿਅਕਤੀਆਂ ਨੂੰ ਹੀ ਪ੍ਰਵੇਸ਼ ਕਰਨ ਦੀ ਆਗਿਆ ਹੋਵੇਗੀ।
ਧਾਰਮਿਕ ਸਥਾਨਾਂ ‘ਤੇ ਪ੍ਰਸਾਦ ਵਰਗੀ ਭੇਟ ਨਹੀਂ ਚੜ੍ਹਾਈ ਜਾਵੇਗੀ
ਸ਼ਰਧਾਲੂਆਂ ਨੂੰ ਧਾਰਮਿਕ ਸਥਾਨ ‘ਤੇ ਜਨਤਕ ਆਸਨ ਇਸਤੇਮਾਲ ਕਰਨ ਦੀ ਥਾਂ ਆਪਣਾ ਆਸਨ ਜਾਂ ਚਟਾਈ ਲਿਆਉਣੀ ਪਵੇਗੀ ਤੇ ਉਸ ਨੂੰ ਆਪਣੇ ਨਾਲ ਹੀ ਵਾਪਸ ਲਿਜਾਣਾ ਪਵੇਗਾ। ਧਾਰਮਿਕ ਸਥਾਨਾਂ ‘ਤੇ ਪ੍ਰਸਾਦ ਵਰਗੀਆਂ ਭੇਟਾਂ ਨਹੀਂ ਚੜ੍ਹੀਆਂ ਜਾਣਗੀਆਂ ਤੇ ਨਾ ਹੀ ਪਵਿੱਤਰ ਜਲ ਦਾ ਛਿੜਕਾਅ ਜਾਂ ਵੰਡਿਆ ਜਾਵੇਗਾ। ਭਾਈਚਾਰਕ ਰਸੋਈ, ਲੰਗਰ ਤੇ ਅੰਨ ਦਾਨ ਆਦਿ ਦੀ ਤਿਆਰੀ ਤੇ ਭੋਜਨ ਦੀ ਵੰਡ ‘ਚ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇਗੀ।
ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਜ਼ਰੂਰੀ
ਸਾਰੇ ਧਾਰਮਿਕ ਸਥਾਵਾਂ ਦੇ ਐਂਟਰੀ ਗੇਟ ‘ਤੇ ਲਾਜ਼ਮੀ ਤੌਰ ‘ਤੇ ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉੱਥੇ ਸਿਰਫ਼ ਬਿਨਾਂ ਲੱਛਣਾਂ ਵਾਲੇ ਮਾਸਕ ਪਾਉਣ ਵਾਲੇ ਸ਼ਰਧਾਲੂਆਂ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਸਾਬਣ ਨਾਲ ਹੱਥ-ਪੈਰ ਧੋ ਕੇ ਕੰਪਲੈਕਸ ‘ਚ ਜਾਣ ਲਈ ਕਿਹਾ ਗਿਆ ਹੈ। ਧਾਰਮਿਕ ਸਥਾਨਾਂ ‘ਤੇ ਮੂਰਤੀਆਂ ਤੇ ਧਾਰਮਿਕ ਪੁਸਤਕਾਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ-19 ਇਹਤਿਆਤੀ ਉਪਾਵਾਂ ਬਾਰੇ ਆਡੀਓ-ਵੀਡੀਓ ਜ਼ਰੀਏ ਜਾਗਰੂਕਤਾ ਵੀ ਫੈਲਾਈ ਜਾਵੇਗੀ।
ਜੁੱਤੇ-ਚੱਪਲਾਂ ਆਪਣੇ ਵਾਹਨਾਂ ‘ਚ ਹੀ ਉਤਾਰਨੇ ਪੈਣਗੇ
ਸੰਭਵ ਹੋਵੇ ਤਾਂ ਸ਼ਰਧਾਲੂ ਆਪਣੇ ਜੁੱਤੇ-ਚੱਪਲਾਂ ਨੂੰ ਆਪਣੇ ਵਾਹਨ ‘ਚ ਹੀ ਉਤਾਰਨਗੇ। ਜ਼ਰੂਰਤ ਪੈਣ ‘ਤੇ ਵਿਅਕਤੀ ਜਾਂ ਪਰਿਵਾਰ ਦੇ ਜੁੱਤੇ-ਚੱਪਲਾਂ ਨੂੰ ਸ਼ਰਧਾਲੂ ਵੱਲੋਂ ਖ਼ੁਦ ਵੱਖਰੇ ਸਲਾਟ ‘ਚ ਰੱਖਿਆ ਜਾਵੇਗਾ। ਧਾਰਮਿਕ ਸਥਾਨ ਦੇ ਅੰਦਰ ਜਾਂ ਬਾਹਰ ਸਥਿਤ ਦੁਕਾਨਾਂ, ਸਟਾਲਾਂ ਤੇ ਕੈਫੇਟੇਰੀਆ ‘ਚ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਹਰ ਸਮੇਂ ਪਾਲਣਾ ਕਰਨੀ ਪਵੇਗੀ। ਏਅਰ ਕੰਡੀਸ਼ਨ ਤੇ ਵੈਂਟੀਲੇਸ਼ਨ ਬਾਰੇ ਕਿਹਾ ਗਿਆ ਹੈ ਕਿ ਤਾਪਮਾਨ 24 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਹੋਣਾ ਚਾਹੀਦਾ ਹੈ ਤੇ ਰਿਲੇਟਿਵ ਹਿਊਮੀਟਿਡੀ 40 ਤੋਂ 70 ਫ਼ੀਸਦੀ ਦੇ ਵਿਚਕਾਰ ਹੋਣੀ ਚਾਹੀਦੀ ਹੈ। ਧਾਰਮਿਕ ਸਥਾਨ ਪ੍ਰਬੰਧਨ ਨੂੰ ਨਿਯਮਤ ਰੂਪ ‘ਚ ਫਰਸ਼ ਤੇ ਹੋਰ ਸਤ੍ਹਾ ਦੀ ਸਫ਼ਾਈ ਕਰਵੇਗੀ ਪਵੇਗੀ ਤੇ ਡਿਸਇਨਫੈਕਸ਼ਨ ਕਰਵਾਉਣਾ ਪਵੇਗਾ।
ਕੰਟਨੇਮੈਂਟ ਜ਼ੋਨਾਂ ਅੰਦਰ ਸਥਿਤ ਧਾਰਮਿਕ ਸਥਾਨ ਫਿਲਹਾਲ ਬੰਦ ਰਹਿਣਗੇ
ਕੰਟੇਨਮੈਂਟ ਜ਼ੋਨਾਂ ਅੰਦਰ ਸਥਿਤ ਧਾਰਮਿਕ ਸਥਾਨ ਫਿਲਹਾਲ ਬੰਦ ਰਹਿਣਗੇ ਜਦਕਿ ਇਸ ਦੇ ਬਾਹਰ ਸਥਿਤ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਾਰਥਨਾ ਵਾਲੀਆਂ ਥਾਵਾਂ ‘ਤੇ ਅਕਸਰ ਵੱਡੀ ਗਿਣਤੀ ਲੋਕ ਪਹੁੰਚਦੇ ਹਨ। ਲਿਹਾਜ਼ਾ ਮਹੱਤਵਪੂਰਨ ਹੈ ਕਿ ਇਨ੍ਹਾਂ ਕੰਪਲੈਕਸਾਂ ‘ਚ ਸਰੀਰਕ ਦੂਰੀ ਤੇ ਹੋਰ ਇਹਤਿਆਤੀ ਉਪਾਵਾਂ ਦੀ ਪਾਲਣਾ ਕੀਤੀ ਜਾਵੇ। ਐੱਸਓਪੀ ਮੁਤਾਬਿਕ ਧਾਰਮਿਕ ਸਥਾਨਾਂ ‘ਤੇ ਰਿਕਾਰਡਡ ਭਗਤੀ ਸੰਗੀਤ ਵਜਾਇਆ ਜਾ ਸਕਦਾ ਹੈ, ਇਨਫੈਕਸ਼ਨ ਦੇ ਖ਼ਤਰੇ ਤੋਂ ਬਚਣ ਲਈ ਗਰੁੱਪ ‘ਚ ਗਾਣ ਦੀ ਇਜਾਜ਼ਤ ਨਹੀਂ ਹੋਵੇਗੀ।