ਅੰਮ੍ਰਿਤਸਰ,(ਰਾਜਿੰਦਰ ਰਿਖੀ)
ਅੱਜ ਦਿਹਾਤੀ ਮਜ਼ਦੂਰ ਸਭਾ ਦੇ ਕਾਰਕੁਨਾਂ ਵੱਲੋਂ ਐਸਡੀਐਮ ਬਾਬਾ ਬਕਾਲਾ ਸਾਹਿਬ ਨੂੰ ਮਜ਼ਦੂਰਾਂ ਵਿਰੁੱਧ ਪਾਏ ਪੰਚਾਇਤਾਂ ਵੱਲੋਂ ਮਤਿਆਂ ਖਿਲਾਫ਼ ਮੰਗ ਪੱਤਰ ਦਿੱਤਾ ਗਿਆ। ਜਿਸ ਦੀ ਪ੍ਰਧਾਨਗੀ ਪਲਵਿੰਦਰ ਸਿੰਘ ਮਹਿਸਮਪੁਰ ਵੱਲੋਂ ਕੀਤੀ ਗਈ। ਇਸ ਮੌਕੇ ਸੂਬਾ ਆਗੂ ਗੁਰਨਾਮ ਸਿੰਘ ਭਿੰਡਰ, ਅਮਰੀਕ ਸਿੰਘ ਦਾਊਦ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪਹਿਲਾਂ ਹੀ ਮਜ਼ਦੂਰਾਂ ਦੀ ਹਾਲਤ ਬਹੁਤ ਹੀ ਮਾੜੀ ਹੈ । ਮਜ਼ਦੂਰਾਂ ਦੀ ਬਾਂਹ ਫੜਨ ‘ਚ ਕਾਂਗਰਸ ਦੀ ਸਰਕਾਰ ਫੇਲ ਸਾਬਿਤ ਹੋਈ ਹੈ ।ਲਾਕਡਾਊਨ ਅੰਦਰ ਮਜ਼ਦੂਰਾਂ ਨੂੰ ਘਰਾਂ ‘ਚ ਬੰਦ ਕਰਕੇ ਮਰਨ ਲਈ ਮਜ਼ਬੂਰ ਕੀਤਾ। ਉਥੇ ਅੱਜ ਸਾਰੇ ਪੰਜਾਬ ਅੰਦਰ ਮਜ਼ਦੂਰ ਵਿਰੋਧੀ ਨਵਾਂ ਮਸਲਾ ਆ ਖੜ੍ਹਾ ਹੋਇਆ ਹੈ ਜੋਕਿ ਝੋਨੇ ਦੀ ਲਵਾਈ ਨੂੰ ਲੈ ਕੇ ਪੰਚਾਇਤਾਂ ਵੱਲੋਂ ਮਜ਼ਦੂਰਾਂ ਦੀ ਲਵਾਈ ਦੇ ਮਤੇ ਪਾ ਕੇ ਰੇਟ ਤਹਿ ਕੀਤੇ ਜਾ ਰਹੇ ਹਨ। ਮਜ਼ਦੂਰਾਂ ਦੀ ਮਿਹਨਤ ਤਹਿ ਕਰਕੇ ਜਿੱਥੇ ਮਜ਼ਦੂਰਾਂ ਅੰਦਰ ਨਫ਼ਰਤ ਫੈਲਾਈ ਜਾ ਰਹੀ ਹੈ ਉਥੇ ਉਨ੍ਹਾਂ ਦੇ ਅਧਿਕਾਰਾਂ ‘ਤੇ ਅਣਮਨੁੱਖੀ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਪੰਚਾਇਤਾਂ ਨੂੰ ਅਜਿਹਾ ਕੋਈ ਅਧਿਕਾਰ ਨਹੀਂ ਹੈ। ਇਨ੍ਹਾਂ ਮਤਿਆਂ ‘ਚ ਪਿੰਡ ਤੋਂ ਬਾਹਰ ਝੋਨਾ ਨਾ ਲਗਾਉਣ ,ਦੁੱਧ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਮਹਿੰਗੀਆਂ ਦੇਣ ,ਚਾਹ ਦੋ ਵਾਰ ਤੇ ਹੋਰ ਸ਼ਰਤਾਂ ਤੇ ਜੁਰਮਾਨਾ ਆਦਿ ਰੱਖਿਆ ਗਿਆ ਹੈ ਜੋ ਕਿ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਫੋਰੀ ਤੌਰ ‘ਤੇ ਇਨ੍ਹਾਂ ਪੰਚਾਇਤਾਂ ਦੀ ਮਾਨਤਾ ਰੱਦ ਕਰੇ ਤੇ ਜਿੰਨਾ ਪਿੰਡਾਂ ਚ ਪੰਚਾਇਤਾਂ ਨੇ ਮਜ਼ਦੂਰਾਂ ਵਿਰੁੱਧ ਮਤੇ ਪਾਸ ਕੀਤੇ ਹਨ ਉਨ੍ਹਾਂ ਤੇ ਪਰਚੇ ਦਰਜ ਕੀਤੇ ਜਾਣ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਨ੍ਹਾਂ ਪੰਚਾਇਤਾਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ‘ਚ ਜਥੇਬੰਦੀ ਵੱਲੋਂ ਵੱਡਾ ਸੰਘਰਸ਼ ਲਾਮਬੰਦ ਕੀਤਾ ਜਾਵੇਗਾ। ਜਿਸਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ। ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਪਿੰਡਾਂ ਅੰਦਰ ਰਾਸ਼ਨ ਨਾ ਦੇਣ ਤੇ ਰਾਸ਼ਨ ਕਾਰਡ ਕੱਟਣ ਵਾਲਿਆਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਤੇ ਤੁਰੰਤ ਰਾਸ਼ਨ ਕਾਰਡ ਬਹਾਲ ਕਰਨ ਲਈ ਕਿਹਾ। ਇਸ ਮੌਕੇ ਵਰਿੰਦਰ ਸਿੰਘ ਉਦੋਨੰਗਲ, ਬਲਵਿੰਦਰ ਸਿੰਘ ਖਿਲਚੀਆ, ਲਖਵਿੰਦਰ ਸਿੰਘ ਦਾਊਦ, ਨਰਿੰਦਰ ਸਿੰਘ ਸਰਪੰਚ, ਚਰਨ ਸਿੰਘ, ਜੋਗਿੰਦਰ ਸਿੰਘ ਲੋਹਗੜ੍ਹ, ਹਰਭਜਨ ਫੱਤੂਵਾਲ,ਇੰਦਰ ਸਿੰਘ ਉਦੋਨੰਗਲ, ਅਮਰੀਕ ਸਿੰਘ, ਨੌਜਵਾਨ ਆਗੂ ਹਰਮੀਤ ਸਿੰਘ ਦਾਊਦ, ਹਨੀ, ਗੁਰਜੰਟ ਮੁੱਛਲ, ਪ੍ਰਿੰਸ ਕਿਰਤੀਆਂ, ਇਕਬਾਲ ਭੋਰਸ਼ੀ ਆਦਿ ਹਾਜ਼ਰ ਸਨ।