ਅੰਮ੍ਰਿਤਸਰ,(ਰਾਜਿੰਦਰ ਰਿਖੀ)

ਪੰਜਾਬ ਸਰਕਾਰ ਵੱਲੋਂ ਜਾਰੀ ਅਲਰਟ ਦੇ ਮੱਦੇਨਜਰ ਜਿਲਾ ਪ੍ਰਸ਼ਾਸ਼ਨ ਵੱਲੋਂ ਟਿੱਡੀ ਦਲ ਦੇ ਸੰਭਾਵੀ ਹਮਲੇ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼ਿਵਦੁਲਾਰ ਸਿੰਘ ਢਿੱਲੋਂ ਦੇ ਨਿਰਦੇਸ਼ਾ ਤਹਿਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਅਗਵਾਈ ਵਿੱਚ ਬਲਾਕ ਵੇਰਕਾ ਦੇ ਪਿੰਡ ਬੱਲ ਸਚੰਦਰ ਵਿਖੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਖੇਤੀਬਾੜੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਵੱਲੋ ਮੌਕ ਡਰਿੱਲ ਕੀਤੀ ਗਈ।
ਇਸ ਡਰਿੱਲ ਦੌਰਾਨ ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਅਤੇ ਬਲਾਕ ਖੇਤੀਬਾੜੀ ਅਫਸਰ ਵੇਰਕਾ ਡਾ: ਅਵਤਾਰ ਸਿੰਘ ਬੁੱਟਰ ਵੱਲੋਂ ਮੌਜੂਦ ਅਧਿਕਾਰੀਆਂ ਅਤੇ ਕਿਸਾਨਾਂ ਨੂੰ ਪਾਵਰ ਸਪਰੇਅਰ ਦੀ ਵਰਤੋਂ ਕਰਦੇ ਟਿੱਡੀ ਦਲ ਨੂੰ ਕੰਟਰੋਲ ਕਰਨ ਲਈ ਤਕਨੀਕੀ ਜਾਣਕਾਰੀ ਦਿੱਤੀ ਗਈ। ਹਮਲਾ ਹੋਣ ਦੀ ਸੂਰਤ ਵਿੱਚ ਟਿੱਡੀ ਦਲ ਕਿਹੜੇ ਤਰੀਕਿਆਂ ਨਾਲ ਕੰਟਰੋਲ ਕਰਨ ਹੈ ਇਸ ਬਾਰੇ ਖੁੱਲ ਕੇ ਵਿਚਾਰ ਵਟਾਂਦਰਾ ਕੀਤਾ ਗਿਆਂ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਘਬਰਾਉਣ ਦੀ ਕੋਈ ਲੋੜ ਨਹੀ ਹੈ ਕਿਉਂਕਿ ਜਿਲਾ ਪ੍ਰਸ਼ਾਸ਼ਨ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਖੇਤੀਬਾੜੀ ਵਿਭਾਗ ਵੱਲੋਂ ਸਪਰੇਅ ਕਰਨ ਲਈ ਕੀਟਨਾਸ਼ਕ ਜਹਿਰਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਹੋਰ ਜਰੂਰੀ ਸਮਾਨ ਲਈ ਵੱਖ-ਵੱਖ ਵਿਭਾਗਾਂ ਨੂੰ ਜਿੰਮੇਵਾਰੀਆਂ ਸੌਪ ਦਿੱਤੀਆਂ ਗਈਆਂ ਹਨ। ਇਸ ਮੌਕੇ ਜਤਿੰਦਰ ਸਿੰਘ ਗਿੱਲ (ਏਉ), ਬਲਵਿੰਦਰ ਸਿੰਘ ਛੀਨਾਂ, ਸਤਵਿੰਦਰ ਸਿੰਘ, ਸੁਖਰਾਜਬੀਰ ਸਿੰਘ, ਅਮਰਜੀਤ ਸਿੰਘ, ਗੁਰਜੋਤ ਸਿੰਘ, ਹਰਿੰਦਰਪਾਲ ਸਿੰਘ (ਏਡੀਉ), ਪ੍ਰਭਦੀਪ ਸਿੰਘ (ਏਈਉ), ਇੰਜ. ਰਣਬੀਰ ਸਿੰਘ, ਸੁਖਬੀਰ ਸਿੰਘ (ਬਾਗਬਾਨੀ ਵਿਕਾਸ ਅਫਸਰ), ਅੰਮ੍ਰਿਤ ਸਰੂਪ ਡੋਗਰਾ (ਡੀਐਸਪੀ) ਮਜੀਠਾ ਤੋਂ ਇਲਾਵਾ ਸਿਹਤ ਵਿਭਾਗ, ਨਗਰ ਨਿਗਮ, ਪੰਚਾਇਤ ਵਿਭਾਗ, ਸਹਿਕਾਰੀ ਸਭਾਵਾਂ, ਕੀਵੇਕੇ ਤੋਂ ਨੋਡਲ ਅਫਸਰ ਸਾਹਿਬਾਨ ਅਤੇ ਕਿਸਾਨ ਹਾਜਰ ਸਨ।