
ਢੋਲ ਮੰਜੀਰੇ ਡਮਰੂ ਥਾਲੀਆਂ ਉਹ ਵਜਵਾਉੰਦਾ ਹੈ.
ਸਿਰਫਿਰਿਆਂ ਦਾ ਹਾਕਮ ਇਉਂ ਦਰਬਾਰ ਸਜਾਉੰਦਾ ਹੈ.
ਲੋਕੀ ਮਰ ਰਹੇ ਨੇ ਤੇ ਉਹ ਕਹਿੰਦਾ ‘ਦੀਪ ਜਗਾਓ’,
ਮਰਿਆਂ ਹੋਇਆਂ ਦੇ ਉਹ ਏਦਾਂ ਜਸ਼ਨ ਮਨਾਉਂਦਾ ਹੈ.
ਅਕਸਰ ਪਰਖ ਹੈ ਲੈੰਦਾ ਲੋਕ ਨੇ ਕਿੰਨੇ ਲਾਈਲੱਗ,
ਤੇ ਗਿਣਤੀ ਵੇਖ ਕੇ ਭਾਰੀ ਉਹ ਫੁੱਲਾ ਨਾ ਸਮਾਉੰਦਾ ਹੈ.
ਸ਼ਾਤਰ ਬੰਦਾ ਝੂਠ ਸਹਾਰੇ ਸੱਚ ਲੁਕੋ ਲੈਂਦਾ,
ਗੱਲਾਂ ਨਾਲ ਹੀ ਖੰਭਾਂ ਦੀ ਉਹ ਡਾਰ ਬਣਾਉਂਦਾ ਹੈ.
ਅੰਦਰ ਖਾਤੇ ਰਲਿਆ ਹੈ ਸਰਮਾਏਦਾਰਾਂ ਨਾਲ,
ਮਜਦੂਰਾਂ ਦੇ ਹੱਕ ‘ਚ ਉਹ ਨਾਅਰੇ ਵੀ ਲਾਉਂਦਾ ਹੈ.
ਧਰਮਾਂ ਦਾ ਸਤਿਕਾਰ ਕਰਨ ਲਈ ਕਹਿੰਦਾ ਹੈ ਸਭ ਨੂੰ,
ਧਰਮ ਦੇ ਨਾਮ ਤੇ ਦੰਗੇ ਐਪਰ ਖੁਦ ਕਰਵਾਉੰਦਾ ਹੈ.
ਉਸਦੀ ਚਤੁਰਾਈ ਨੂੰ ਸਮਝਣਾ ਕੰਮ ਨਹੀਂ ਸੌਖਾ,
ਉਹ ਖੁਦ ਹੀ ਅੱਗ ਲਗਾਉਂਦਾ ਹੈ ਖੁਦ ਹੀ ਬੁਝਾਉੰਦਾ ਹੈ.
ਹੱਟੀ ਭੱਠੀ ਹਰ ਇੱਕ ਥਾਂ ਤੇ ਗੱਲਾਂ ਇਹ ਹੁੰਦੀਆਂ,
ਨਿੱਤ ਨਵਾਂ ਜਨਤਾ ਦਾ ਸੇਵਕ ਚੰਨ ਚੜ੍ਹਾਉੰਦਾ ਹੈ.
ਕਿਸਦੇ ਘਰ ਵਿਚ ਕੀ ਹੈ, ਕਿੰਨਾ ਹੈ ਇਹ ਛੂਹ ਦੇ ਕੇ,
ਚੌਕੀਦਾਰ ਹੀ ਖੁਦ ‘ਰਾਣੇ’ ਚੋਰੀ ਕਰਵਾਉੰਦਾ ਹੈ.
ਜਗਦੀਸ਼ ਰਾਣਾ
ਸੋਫ਼ੀ ਪਿੰਡ, ਜਲੰਧਰ ਛਾਉਣੀ – 24.
09872630635
08872630635