
ਸਰਬਜੀਤ ਸਿੰਘ ਜਿਉਣ ਵਾਲਾ
ਸੀਰੇ ਦਾ ਵੀਜੇ ਆਏ ਨੂੰ ਪੰਦਰਾਂ ਦਿਨ ਹੋ ਗਏ ਸਨ। ਉਹਦੇ ਪੈਰ ਧਰਤੀ ਤੇ ਨਹੀਂ ਲੱਗਦੇ ਸਨ। ਭਾਵੇਂ ਕਿ ਉਹ ਵਿਦੇਸ਼ ਜਾਣਾ ਨਹੀਂ ਚਾਹੁੰਦਾ ਸੀ ਪਰ ਪੜੵ-ਲਿਖ ਕੇ ਉਹ ਵਿਹਲਾ ਤਾਂ ਵੀ ਨਹੀਂ ਰਹਿਣਾ ਚਾਹੁੰਦਾ ਸੀ। ਇੱਥੇ ਆਪਣੇ ਵਤਨ ਕਿਹੜਾ ਕੋਈ ਰੁਜ਼ਗਾਰ ਮਿਲਦਾ ਹੈ। ਬੰਦਾ ਵੀਹ ਸਾਲ ਕਿਤਾਬਾਂ ਨਾਲ ਮੱਥਾ ਮਾਰ ਕੇ ਵੀ ਜੇ ਟੱਲੀਆਂ ਵਜਾਉਂਦਾ ਫਿਰੇ ਤਾਂ ਇਸਤੋਂ ਵੱਡੀ ਲਾਹਨਤ ਕਿਹੜੀ ਹੋ ਸਕਦੀ ਹੈ? ਉੱਤੇ ਮਹਿੰਗਾਈ ਦੇ ਜ਼ਮਾਨੇ ਵਿੱਚ ਪੜਾਈ ਤੇ ਕਿਹੜਾ ਘੱਟ ਖਰਚ ਆਉਂਦਾ ਹੈ। ਉਹ ਸੋਚਦਾ ਕਿ ਸਾਡੇ ਸਮਾਜ ਦੀ ਇਹੀ ਤ੍ਰਾਸਦੀ ਹੈ ਕਿ ਸਾਡੀਆਂ ਸਰਕਾਰਾਂ ਵੋਟਾਂ ਲੈ ਕੇ ਮੁੜ ਕੇ ਆਪਣੇ ਬੋਝੇ ਡਰਨ ਤੱਕ ਸੀਮਿਤ ਹੋ ਜਾਂਦੀਆਂ ਹਨ। ਇੱਕ-ਦੂਜੇ ਨੂੰ ਭੰਡ ਕੇ ਵਾਰੀ-ਵਾਰੀ ਰਾਜ ਕਰੀ ਜਾਂਦੇ ਨੇ ਤੇ ਲੋਕ ਮੁੱਦਿਆਂ ਵੱਲ ਕੋਈ ਧਿਆਨ ਨਹੀਂ ਦਿੰਦੇ। ਬੰਦਾ ਮਜਬੂਰ ਹੋ ਕੇ ਆਪਣੀ ਜਨਮ ਭੋਇੰ ਨੂੰ ਛੱਡਣ ਲਈ ਇਹ ਅੱਕ ਚੱਬਦਾ ਹੈ। ਸੀਰੇ ਦੇ ਮਾਪਿਆਂ ਨੂੰ ਜਿੰਨੀ ਉਹਦੇ ਵਿਦੇਸ਼ ਜਾਣ ਦੀ ਖ਼ੁਸ਼ੀ ਸੀ ਤੇ ਉਨ੍ਹਾਂ ਹੀ ਉਹਦੇ ਵਿਛੜਨ ਦਾ ਸੱਲੵ ਸੀ। ਪਿੰਡ ਵਿੱਚ ਉਹਦੇ ਵਿਦੇਸ਼ ਜਾਣ ਦੀ ਕਾਫੀ ਚਰਚਾ ਸੀ ਤੇ ਲੋਕ ਉਹਨੂੰ ਮਿਲਣ ਲਈ ਆਉਂਦੇ ਹੀ ਰਹਿੰਦੇ ਸਨ। ਇਹ ਉਨ੍ਹਾਂ ਦਿਨਾਂ ਦੀ ਗੱਲ ਸੀ ਜਦੋਂ ਹਾਲੇ ਵਿਦੇਸ਼ ਜਾਣ ਦੀ ਲੋਕਾਂ ਵਿੱਚ ਬਹੁਤੀ ਹੋੜੵ ਨਹੀਂ ਸੀ। ਇਹ ਤਾਂ ਉਹਦੇ ਵਿਦੇਸ਼ ਰਹਿੰਦੇ ਮਾਮੇ ਨੇ ਬਹੁਤਾ ਜੋਰ ਪਾ ਕੇ ਉਸਨੂੰ ਇੱਥੇ ਬਲਾਉਣ ਦੀ ਜਿੱਦ ਫੜੵ ਲਈ ਸੀ। ਹੁਣ ਛੇਤੀ ਟਿਕਟ ਲੈ ਕੇ ਆਉਣ ਲਈ ਉਹਦੇ ਮਾਮੇ ਨੇ ਗਵਾਢੀਆਂ ਦੇ ਘਰੇ ਫੋਨ ਕਰ ਦਿੱਤਾ ਸੀ ਕਿਉਂਕਿ ਉਦੋਂ ਸਾਰੇ ਪਿੰਡ ਵਿੱਚ ਫੋਨ ਕਿਹੜਾ ਹੁੰਦੇ ਸਨ? ਲੋਕਾਂ ਵਿੱਚ ਓਦੋਂ ਆਪਸ ਵਿੱਚ ਡਾਢਾ ਇਤਫਾਕ ਸੀ। ਇਹੀ ਗੱਲ ਸੀਰੇ ਨੂੰ ਜਾਣ ਲੱਗੇ ਨੂੰ ਅੰਦਰੋਂ ਧੂਹ ਪਾਉਂਦੀ ਸੀ। ਉਹਦੇ ਜਾਣ ਵੇਲੇ ਸਾਰੇ ਰਿਸਤੇਦਾਰ ਤੇ ਆਂਢ-ਗੁਆਂਢ ਇਕੱਠਾ ਹੋ ਗਿਆ ਸੀ। ਸੀਰਾ ਸਾਰਿਆਂ ਦੇ ਗਲ ਲੱਗ ਕੇ ਖੂਬ ਰੋਇਆ ਸੀ। ਦਿੱਲੀ ਨੂੰ ਜਾਂਦੀ ਗੱਡੀ ਤੇ ਹਵਾਈ ਜਹਾਜ਼ ਦੇ ਹਲੋਰਿਆਂ ਵਿੱਚ ਉਸਨੂੰ ਆਪਣਾ ਪਿੰਡ ਬਹਿਸਤ ਵਰਗਾ ਲੱਗਦਾ ਸੀ। ਮੁੜ-ਮੁੜ ਆਉਂਦੀਆਂ ਪੁਰਾਣੀਆਂ ਯਾਦਾਂ ਉਹਦੇ ਅੱਖਾਂ ਵਿੱਚੋਂ ਹੰਝੂ ਵਹਾਈ ਜਾ ਰਹੀਆਂ ਸਨ। ਯਾਦਾਂ ਦੀ ਘੁੰਮਣਘੇਰੀ ਵਿੱਚ ਜਿਉਂ ਹੀ ਜਹਾਜ ਵਿਦੇਸ਼ ਦੀ ਧਰਤੀ ਤੇ ਉਤਰਿਆ ਤਾਂ ਉਸਨੂੰ ਸਭ ਕੁੱਝ ਓਪਰਾ-ਓਪਰਾ ਲੱਗਿਆ। ਉਹਦਾ ਮਾਮਾ ਤੇ ਮਾਮੀ ਉਸਨੂੰ ਲੈਣ ਲਈ ਅੱਗੇ ਖੜ੍ਹੇ ਸਨ। ਉਹਨਾਂ ਉਸਦੀ ਸੁੱਖ-ਸਾਂਦ ਪੁੱਛੀ ਤੇ ਆਪਣੇ ਘਰ ਵੱਲ ਨੂੰ ਚਾਲੇ ਪਾ ਦਿੱਤੇ। ਸਫ਼ਰ ਦਾ ਥੱਕਿਆ ਹਾਰਿਆ ਤੇ ਓਪਰੀ ਦੁਨੀਆਂ ਨਾਲ ਵਾਹ ਵਾਸਤਾ ਦੇਖ ਕੇ ਉਸਨੂੰ ਆਪਣਾ ਭਵਿੱਖ ਧੁੰਦਲਾ ਜਾਪਿਆ। ਨਾਲੇ ਉਸਨੇ ਪਹਿਲਾਂ ਆਪਣੇ ਪਿੰਡ ਦੇ ਲੋਕਾਂ ਤੋਂ ਪੱਥਰ ਦੀ ਦੁਨੀਆਂ ਬਾਰੇ ਬਹੁਤ ਕੁੱਝ ਸੁਣ ਰੱਖਿਆ ਸੀ। ਪੰਜ-ਚਾਰ ਦਿਨ ਘੁੰਮਾ ਕੇ ਉਸਦੇ ਮਾਮੇ ਨੇ ਉਸਨੂੰ ਆਪਣੇ ਜਾਣਕਾਰ ਨਾਲ ਕੰਮ ਤੇ ਲਵਾ ਦਿੱਤਾ ਸੀ। ਪਹਿਲਾਂ-ਪਹਿਲਾਂ ਤਾਂ ਉਸਦਾ ਇੱਥੇ ਚਿੱਤ ਹੀ ਨਹੀਂ ਲੱਗਦਾ ਸੀ ਤੇ ਪਿੰਡ ਦੀ ਡਾਢੀ ਖਿੱਚ ਧੂਹ ਪਾਈ ਜਾ ਰਹੀ ਸੀ। ਫਿਰ ਬੇਗਾਨੇ ਥਾਂ ਮਨ ਮਾਰ ਕੇ ਜਾਂਦੇ ਨੂੰ ਪਤਾ ਹੀ ਨਾ ਲੱਗਿਆ ਕਿ ਕਦੋਂ ਸਾਲ ਤੋਂ ਉੱਪਰ ਬੀਤ ਗਿਆ। ਹੁਣ ਉਹ ਆਪਣੇ ਗੁਆਂਢੀ ਪਿੰਡ ਦੇ ਮੁੰਡੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਿਆ। ਦਿਨ ਰਾਤ ਦੀਆਂ ਸਿਫਟਾਂ ਤੇ ਡਾਲਰ ਕਮਾਉਣ ਦੀ ਭੁੱਖ ਨੇ ਉਸਨੂੰ ਸੀਮਿਤ ਦਾਇਰੇ ਤੱਕ ਬੰਨੵ ਕੇ ਰੱਖ ਦਿੱਤਾ। ਹਰ ਰੋਜ ਡਿੱਗਦੇ ਬਿੱਲਾਂ ਤੇ ਬਾਪੂ ਦੇ ਫੜੇ ਵਿਆਜ ਤੇ ਪੈਸਿਆਂ ਨੂੰ ਮੋੜਨ ਲਈ ਉਸਨੇ ਜੀਅ ਤੋੜ ਮਿਹਨਤ ਕੀਤੀ। ਹੁਣ ਇਸ ਘੁੰਮਣਘੇਰੀ ਵਿੱਚ ਪਏ ਨੂੰ ਤਿੰਨ ਸਾਲ ਦੇ ਕਰੀਬ ਬੀਤ ਗਏ। ਬੇਬੇ-ਬਾਪੂ ਤੇ ਪਿੰਡ ਦੀ ਯਾਦ ਉਸਨੂੰ ਵਾਜਾਂ ਮਾਰ-ਮਾਰ ਬੁਲਾਉਂਦੇ ਪਰ ਹਾਲੇ ਉਹ ਕੋਈ ਥਾਂ ਸਿਰ ਹੋਣਾ ਚਾਹੁੰਦਾ ਸੀ। ਉਸਨੂੰ ਲੱਗਦਾ ਸੀ ਕਿ ਲੋਕ ਸੱਚ ਕਹਿੰਦੇ ਨੇ , ਇਸ ਪੱਥਰ ਦੀ ਦੁਨੀਆਂ ਬਾਰੇ। ਇੱਥੇ ਜਿਹਦਾ ਇੱਕ ਵਾਰੀ ਪੈਰ ਪਾ ਗਿਆ, ਉਹ ਮੁੜ ਕੇ ਇੱਥੋਂ ਜੋਗਾ ਹੀ ਰਹਿ ਜਾਂਦਾ ਹੈ। ਗੱਲ ਵੀ ਸੱਚ ਸੀ ਕਿਉਂਕਿ ਉਹਨੂੰ ਸਾਰੇ ਰਿਸਤੇਦਾਰ ਤੇ ਆਂਢੀ-ਗੁਆਂਢੀ ਵੀ ਫੋਨ ਤੇ ਇਹੀ ਕਹਿੰਦੇ ਸਨ। ਹੁਣ ਭਾਵੇਂ ਉਹ ਵਿਆਹ ਦੀ ਉਮਰ ਵੀ ਟੱਪਦਾ ਜਾ ਰਿਹਾ ਸੀ ਪਰ ਐਂਤਕੀ ਦੇ ਸਾਲ ਉਹਨੇ ਵਾਪਿਸ ਇੰਡੀਆ ਜਾਣ ਦਾ ਫੈਸਲਾ ਕੀਤਾ। ਬੜਾ ਚਾਅ ਸੀ ਉਹਦੇ ਦਿਲ ਅੰਦਰ ਐਨੇ ਸਮੇਂ ਮਗਰੋਂ ਪੰਜਾਬ ਜਾਣ ਦਾ। ਹੋਵੇ ਵੀ ਕਿਉਂ ਨਾ, ਬੰਦਾ ਪਹਿਲੀ ਵੇਰ ਵਿਦੇਸ਼ ਤੋਂ ਆਪਣੇ ਦੇਸ਼ ਵਿੱਚ ਬੱਧੇ ਸਾਨੵ ਵਾਂਗ ਭੱਜਦਾ ਹੈ। ਜਿਉਂ ਹੀ ਉਹ ਆਪਣੇ ਪਿੰਡ ਪਹੁੰਚਿਆ ਤਾਂ ਅੱਗੇ ਵਾਂਗ ਲੋਕਾਂ ਦਾ ਭੱਜ-ਭੱਜ ਕੇ ਮਿਲਣ ਤੋਂ ਉਹ ਅਣਭਿੱਜ ਹੀ ਰਿਹਾ। ਪਿੰਡ ਦੀ ਪਹਿਲਾਂ ਨਾਲੋਂ ਬਦਲੀ ਨੁਹਾਰ ਦੇਖ ਕੇ ਉਹ ਦੰਗ ਰਹਿ ਗਿਆ। ਜਦੋਂ ਵੀ ਚਾਰ ਜਾਣੇ ਉਸ ਕੋਲ ਬਹਿੰਦੇ ਤਾਂ ਹਾਲ ਚਾਲ ਪੁੱਛ ਕੇ ਇੱਕ-ਦੂਜੇ ਦੀ ਭੰਡਾ-ਭੰਡਾਈ ਕਰਨ ਲੱਗ ਜਾਂਦੇ। ਲੋਕਾਂ ਦਾ ਆਪਸ ਵਿੱਚ ਸਾੜਾ ਦੇਖ ਕੇ ਉਸਨੂੰ ਅਜੀਬ ਜਿਹਾ ਲੱਗਦਾ। ਨਾਲੇ ਹੁਣ ਪਹਿਲਾਂ ਵਾਲੀਆਂ ਪਿੰਡਾਂ ਵਿੱਚ ਗੱਲਾਂ ਨਹੀਂ ਰਹੀਆਂ ਸਨ, ਲੋਕ ਫਾਰਮਿਲਟੀ ਦੇ ਤੌਰ ਤੇ ਮਿਲ ਕੇ ਔਹ ਜਾਂਦੇ ਹਨ। ਅੱਗੇ ਵਾਲੀਆਂ ਮਹਿਫਲਾਂ ਦੀ ਉਸਨੂੰ ਘਾਟ ਹੀ ਲੱਗੀ ਸੀ। ਮੋਹ, ਪਿਆਰ ਤੇ ਇਤਫਾਕ ਉਸਨੂੰ ਆਏਂ ਜਾਪੇ, ਜਿਵੇਂ ਖੰਭ ਲਾ ਕੇ ਉਡਾਰੀ ਮਾਰ ਗਏ ਹੋਣ। ਬੱਸ ਹਰ ਕੋਈ ਆਪਣੀ ਮੈਂ-ਮੈਂ ਦਾ ਰਾਗ ਅਲਾਪੀ ਜਾ ਰਿਹਾ ਸੀ। ਬਜ਼ੁਰਗਾਂ ਦਾ ਵੀ ਘਰਾਂ ਵਿੱਚ ਕੋਈ ਖ਼ਾਸ ਸਤਿਕਾਰ ਨਹੀਂ ਸੀ। ਐਨਾ ਬਦਲਾਅ ਉਸਨੇ ਪਹਿਲੀ ਵਾਰ ਵੇਖਿਆ ਸੀ। ਜਿਹੜਾ ਚਾਅ ਲੈ ਕੇ ਉਹ ਆਪਣੇ ਪਿੰਡ ਆਇਆ ਸੀ, ਉਹ ਉਸਨੂੰ ਫਿੱਕਾ ਹੀ ਜਾਪਿਆ। ਚਾਚੇ-ਤਾਏ ਸਭ ਉਸਨੂੰ ਅੰਦਰੋਂ ਕੁੜਦੇ ਜਿਹੇ ਹੀ ਲੱਗੇ ਕਿਉਂਕਿ ਉਸਨੇ ਮਿਹਨਤ ਕਰਕੇ ਚੰਗਾ ਘਰ ਤੇ ਪੈਲੀ ਬਣਾ ਲਈ ਸੀ। ਉਹ ਭਾਵੇਂ ਆਪਣੇ ਵਿਆਹ ਤੇ ਕੁੱਝ ਨਹੀਂ ਲੈਣਾ ਚਾਹੁੰਦਾ ਸੀ, ਪਰ ਸ਼ਰੀਕ ਉਸਤੇ ਇੱਕ ਤਰ੍ਹਾਂ ਦਾ ਤਾਹਨਾ ਮਾਰ ਕੇ ਕਹਿੰਦੇ ਕਿ ਕਿੰਨੇ ਵਿੱਚ ਸੌਦਾ ਕਰਨਾ ਹੈ? ਦੋ ਮਹੀਨੇ ਦੀ ਛੁੱਟੀ ਉਸਨੂੰ ਸਾਲ ਵਰਗੀ ਲੱਗਣ ਲੱਗ ਪਈ। ਪਹਿਲਾਂ ਤਾਂ ਉਸਦਾ ਇਰਾਦਾ ਸੀ ਕਿ ਥੋੜ੍ਹੀ ਛੁੱਟੀ ਹੋਰ ਵਧਾ ਲਏ ਪਰ ਲੋਕਾਂ ਦੀਆਂ ਦਿਲਾਂ ਵਿੱਚ ਕੱਢੀਆਂ ਆਪਸੀ ਕੰਧਾਂ ਕਰਕੇ ਉਸਨੇ ਛੇਤੀ ਜਾਣਾ ਹੀ ਮੁਨਾਸਿਬ ਸਮਝਿਆ। ਆਪਸ ਵਿੱਚ ਇੱਕ-ਦੂਜੇ ਪ੍ਰਤੀ ਈਰਖਾਬਾਜੀ , ਵੈਰ-ਵਿਰੋਧ , ਨਫਰਤ ਤੇ ਫਜ਼ੂਲ ਦੀ ਰਾਜਨੀਤੀ ਬਾਰੇ ਸੁਣ ਕੇ ਉਸਦੇ ਕੰਨ ਪੱਕ ਗਏ ਸਨ। ਉਹ ਸੋਚਦਾ ਕਿ ਜਿੰਨਾਂ ਸਮਾਂ ਲੋਕ ਫਜ਼ੂਲ ਦੀਆਂ ਗੱਲਾਂ ਵਿੱਚ ਲਗਾਉਂਦੇ ਹਨ, ਜੇਕਰ ਐਨਾ ਸਮਾਂ ਕੰਮ ਵਿੱਚ ਧਿਆਨ ਲਾਉਣ ਤਾਂ ਕੀ ਨਹੀਂ ਹੋ ਸਕਦਾ? ਕੋਈ ਟਾਂਵਾਂ ਘਰ ਹੀ ਉਹਨੂੰ ਰੱਬੀ ਨਾਮ ਲੈਣ ਵਾਲਾ ਜਾਪਿਆ। ਨਹੀਂ ਤਾਂ ਆਪਸੀ ਵੰਡ-ਵੰਡਾਈ ਪਿੱਛੇ ਹੁੰਦੇ ਨਿੱਤ ਦੇ ਝਗੜਿਆਂ ਦੇ ਮਸਲੇ ਲੋਕਾਂ ਦੀ ਮੂੰਹ ਜਬਾਨੀ ਸੁਣਦਾ। ਰਿਸ਼ਤਿਆਂ ਦੀ ਤਾਰ-ਤਾਰ ਹੋਈ ਅੱਖੀਂ ਵੇਖੀ ਤਸਵੀਰ ਵੇਖ ਕੇ ਉਸਨੂੰ ਜਾਪਣ ਲੱਗ ਪਿਆ ਸੀ ਕਿ ਉਹ ਪੱਥਰ ਦੀ ਦੁਨੀਆਂ ਇਸ ਪੱਥਰ ਦੀ ਦੁਨੀਆਂ ਤੋਂ ਸੌ ਗੁਣੇ ਚੰਗੀ ਹੈ ਜਿਹੜੀ ਆਪਸੀ ਈਰਖਾ-ਦਵੈਸ਼ ਨੂੰ ਛੱਡ ਕੇ ਚਲੋ ਆਪਣੇ ਧੰਦੇ ਤਾਂ ਲੱਗੀ ਹੋਈ ਹੈ ਤੇ ਇੱਕ-ਦੂਜੇ ਦੇ ਪੈਰ ਤਾਂ ਨਹੀਂ ਖਿੱਚਦੀ।
ਸਰਬਜੀਤ ਸਿੰਘ ਜਿਉਣ ਵਾਲਾ, ਫਰੀਦਕੋਟ
ਮੋਬਾਇਲ — 9464412761