ਗੁਰਮੇਲ ਕੌਰ ਸੰਘਾ (ਥਿੰਦ),ਲੰਡਨ

ਸਰਮਾਏਦਾਰੀ ਤੇ ਲਾਲਚਮਾਰੀ,
ਖਾ ਗਈ ਅਰਮਾਨ ਗ਼ਰੀਬਾਂ ਦੇ।
ਕਿਸੇ ਨੂੰ ਬੇਇਨਸਾਫ਼ੀ ਮਾਰ ਗਈ,
ਕਿਸੇ ਨੂੰ ਲੇਖ਼ ਨਸੀਬਾਂ ਦੇ।
ਹੱਥਾਂ ਦੀਆਂ ਲਕੀਰਾਂ ਟੁੱਕ ਕੇ,
ਉੱਪਰੋਂ ਰੱਖ ਅੰਗਿਆਰ ਗਏ।
ਹਾਏ ਰੱਬਾ ! ਦੁੱਖ ਕਿਹਨੂੰ ਦੱਸੀਏ,
ਆਪਣੇ ਕਹਿਰ ਗੁਜ਼ਾਰ ਗਏ।
ਜਿਨ੍ਹਾਂ ਦੇ ਸੁਪਨੇ ਤੋੜ ਚੜ੍ਹਾਏ,
ਦੱਬ ਕੇ ਲੱਖ ਅਰਮਾਨ ਅਸਾਂ।
ਉਨ੍ਹਾਂ ਦੀ ਖ਼ਾਤਰ ਝੋਲ਼ੀ ਪਾ ਲਏ,
ਜੱਗ ਦੇ ਲੱਖ ਅਰਮਾਨ ਅਸਾਂ।
ਗ਼ਮ ਨਾਲ਼ ਸਾਡੀ ਝੋਲੀ ਭਰ ਕੇ,
ਸੀਨੇ ਮਾਰ ਕਟਾਰ ਗਏ।
ਸੀਨੇ ਕਰਕੇ ਛੇਕ ਗੁਜ਼ਰ ਗਏ,
ਰੁੱਖੇ ਜਿਹੇ ਬੋਲ ਮੱਕਾਰਾਂ ਦੇ।
ਦਿਲ ਦੇ ਹਉਕੇ ਸੁਣ ਕੇ,
ਕੇਰੇ ਹੰਝੂ, ਚੁੱਪ ਦੀਵਾਰਾਂ ਨੇ।
ਬੁੱਲ੍ਹਾਂ ਦੇ ਉੱਤੇ ਹਉਕੇ ਤੇ,
ਹੰਝੂ ਪਲਕਾਂ ਵਿੱਚ ਸ਼ਿੰਗਾਰ ਗਏ।
ਡਾਅਢਾ ਜ਼ੁਲਮ ਕਮਾਇਆ,
ਕਰਕੇ ਯਾਦ ਇਕੱਲਿਆਂ ਰੋਂਦੇ ਹਾਂ।
ਹੰਝੂਆਂ ਦੀ ਬਰਸਾਤ’ਚ ਆਪਣੇ,
ਦਾਗ਼ ਹਿਜਰ ਦੇ ਧੋਂਦੇ ਹਾਂ।
ਦੋਸ਼ ਕਿਸੇ ਨੂੰ ਕਾਹਦਾ ਦੇਈਏ,
ਲੇਖ਼ ਮੱਥੇ ਦੇ ਹਾਰ ਗਏ।