
ਹਿੰਮਤਪੁਰਾ (ਮੋਗਾ) ਤੋਂ ਇੱਕ ਮੁੰਡਾ ਮਨਦੀਪ ਖੁਰਮੀ 2008 ‘ਚ ਵਿਆਹ ਕਰਵਾ ਕੇ ਵਲਾਇਤ ਗਿਆ। ਇਥੇ ਅਜੀਤ ਅਖ਼ਬਾਰ ਦਾ ਨਿਹਾਲ ਸਿੰਘ ਵਾਲਾ ਤੋਂ ਪੱਤਰਕਾਰ ਹੁੰਦਾ ਸੀ।
ਲਿਖਣ ਪੜ੍ਹਨ ਦੇ ਕੀੜੇ ਕਾਰਨ ਜਾਣ ਸਾਰ ਸਾਊਥਾਲ ਰਹਿੰਦੇ ਵੀਰ ਡਾ: ਤਾਰਾ ਸਿੰਘ ਆਲਮ ਤੇ ਹੋਰ ਪੰਜਾਬੀ ਲੇਖਕਾਂ ਦੇ ਸੰਪਰਕ ‘ਚ ਆ ਗਿਆ।
ਫਿਰ ਲਿਵਰਪੂਲ ਚਲਾ ਗਿਆ। ਇਥੋਂ ਤਿੰਨ ਚਾਰ ਮਹੀਨੇ ਪਹਿਲਾਂ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਰਹਿਣ ਲੱਗ ਪਿਆ ਹੈ। ਮਿੱਤਰ ਕਹਿੰਦੇ ਨੇ ਉਹਦੇ ਪੈਰ ਚੱਕਰ ਹੈ। ਗਿਆਰਾਂ ਸਾਲਾਂ ‘ਚ ਉਸ ਤਿੰਨ ਸ਼ਹਿਰ ਬਦਲ ਲਏ ਨੇ ਪਰ ਖ਼ੁਦ ਨਹੀਂ ਬਦਲਿਆ।
ਉਸ ਦੀ ਜੀਵਨ ਸਾਥਣ ਨੀਲਮ ਵਕੀਲ ਹੈ। ਉਥੇ ਜਨਮੇ ਦੋ ਪਿਆਰੇ ਬੱਚੇ ਹਿੰਮਤ ਤੇ ਕੀਰਤ ਹਨ।
ਬਹੁਤ ਪਿਆਰੀ ਟੱਬਰੀ।
ਗੁਰਮੁਖੀ ਅੱਖਰਾਂ ‘ਚ ਪੰਜਾਬੀ ਲਿਖਦੇ ਹਨ ਦੋਵੇਂ ਬੱਚੜੇ।
ਮੁਕਾਬਲੇਬਾਜ਼ੀ ਲਿਖਣ ਪੜ੍ਹਨ ਤੇ ਬੋਲਣ ਦੀ ਹੈ। ਸੁਚੇਤ ਯਤਨ ਕੋਈ ਨਹੀਂ , ਮਾਹੌਲ ਹੀ ਅਜਿਹਾ ਸਿਰਜਿਆ ਹੈ।
ਬੇਟਾ ਹਿੰਮਤ ਸੱਤ ਅੱਠ ਸਾਲ ਦਾ ਹੈ। ਕਮਾਲ ਦਾ ਵੀਡੀਓਗਰਾਫਰ। ਮੇਰੀ ਇੰਟਰਵਿਊ ਰੀਕਾਰਡ ਕੀਤੀ ਉਸ।
ਪੰਜਾਬੀ ਦੀਆਂ ਮਹੱਤਵਪੂਰਨ ਕਵਿਤਾਵਾਂ ਜ਼ਬਾਨੀ ਸੁਣਾਉਂਦਾ ਹੈ।
ਧੀ ਕੀਰਤ ਵੀ ਘੱਟ ਨਹੀਂ।
ਸ: ਦਿਲਬਾਗ ਸਿੰਘ ਸੰਧੂ ਦੇ ਘਰ ਸ: ਦਲਜੀਤ ਸਿੰਘ ਦਿਲਬਰ ਨਾਲ ਬੈਠਾ ਸਾਂ ਤਾਂ ਇਹ ਬੱਚੇ ਆਪਣੇ ਮਾਪਿਆਂ ਸਮੇਤ ਮਿਲਣ ਮੈਨੂੰ ਆਏ।
ਪਹਿਲੀ ਇਸ ਟੱਬਰ ਨਾਲ ਪਹਿਲੀ ਮੁਲਾਕਾਤ ਸੀ।
ਜਿੰਨੀ ਮੁਹੱਬਤ ਨਾਲ ਦੋਹਾਂ ਬੱਚਿਆਂ ਨੇ ਸਾਨੂੰ ਸਭ ਨੂੰ
ਤਾਇਆ ਜੀ, ਮੱਥਾ ਟੇਕਦਾਂ ਕਿਹਾ, ਮੇਰਾ ਮਨ ਪਿਘਲ ਗਿਆ ਸਨੇਹ ਨਾਲ।
ਮਗਰੋਂ ਤਿੰਨ ਰਾਤਾਂ ਮਨਦੀਪ ਦੇ ਘਰ ਰਿਹਾ ਤਾਂ ਲੱਗਿਆ ਗਲਾਸਗੋ ‘ਚ ਅਸਲ ਪੰਜਾਬੀ ਭਵਨ ਬਣ ਗਿਐ।
ਬੋਰਡ ਨਹੀਂ ਲੱਗਿਆ ਪਰ ਬੋਰਡ ਦੀ ਜ਼ਰੂਰਤ ਵੀ ਨਹੀਂ।
ਬੱਚੇ ਜਿੱਥੇ ਜਾਂਦੇ ਨੇ, ਪੰਜਾਬ ਪੰਜਾਬੀ ਤੇ ਪੰਜਾਬੀਅਤ ਨਾਲ ਤੁਰਦੀ ਹੈ ਬਿਨ ਬੋਰਡ ਤੋਂ।
ਨਵਾਂ ਹਿੰਮਤਪੁਰਾ ਵੱਸ ਗਿਐ ਵਲਾਇਤ ਵਿੱਚ ਤੇ ਪੰਜਾਬੀ ਭਵਨ ਉਸਾਰਨ ਵਾਲਾ ਹੈ ਮਨਦੀਪ ਖੁਰਮੀ। ਹਿੰਮਤਪੁਰਾ ਡਾਟ ਕਾਮ ਵੈੱਬ ਚੈੈਨਲ ਵੀ ਚਲਾਉਂਦੈ। ਪੀ ਟੀ ਸੀ ਚੈਨਲ ਦਾ ਵੀ ਹੁਣ ਰੀਪੋਰਟਰ ਹੈ।
ਪਰਦੇਸਾਂ ‘ਚ ਬਹੁਤ ਸਾਰੇ ਮਨਦੀਪ ਚਾਹੀਦੇ ਹਨ ਦੋ ਬੱਚਿਆਂ ਨੂੰ ਹੋਰ ਭਾਸ਼ਾਵਾਂ ਸਿੱਖਣ ਦੇ ਬਾਵਜੂਦ ਪੰਜਾਬੀ ਨਾਲ ਘਰ ਦੇ ਮਾਹੌਲ ਰਾਹੀਂ ਜੋੜ ਕੇ ਰੱਖਦੇ ਹਨ।
ਕੀਰਤ ਪੁੱਤਰੀ ਨੇ ਮੈਨੂੰ ਇੱਕ ਕਵਿਤਾ ਸੁਣਾਈ ਤਾਂ ਮੈਂ ਉਸ ਨੂੰ ਆਪਣੀ ਗ਼ਜ਼ਲ ਪੁਸਤਕ ਰਾਵੀ ਦੀ ਕਾਪੀ ਇਨਾਮ ਵਜੋਂ ਦਿੱਤੀ।
ਅਸਲੀ ਪੰਜਾਬੀ ਭਵਨ ਦਾ ਅੱਜ ਚੇਤਾ ਆਇਆ ਤਾਂ ਇਹ ਦੋ ਅੱਖਰ ਲਿਖ ਦਿੱਤੇ ਤਾਂ ਕਿ ਸਨਦ ਰਹੇ।
ਗੁਰਭਜਨ ਗਿੱਲ
24 ਦਸੰਬਰ,2019