ਕਤਾਰ-ਬੱਧ ਇੱਕਸਾਰਤਾ ਸੁਹਣੇ ਅਤੇ ਸੁਚੱਜੇ ਪ੍ਰਬੰਧ ਨੂੰ ਜਨਮ ਦਿੰਦੀ ਹੈ, ਸੋਚਾਂ ਦੀ ਇੱਕਸੁਰਤਾ ਦੀ ਆਸ ਅਸੁਭਾਵਿਕਤਾ ਹੈ। ਰੰਗਾਂ ਦੀ ਵਿਭਿੰਨਤਾ ਮੁਕਾਬਲਾ ਨਹੀਂ ਸਿਰਜਨਾਤਮਕ ਸਹਿਹੋਂਦ ਹੈ, ਜੋ ਕੌਮਾਂ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਬਜਾਏ ਇੱਕ ਦੂਜੇ ਦਾ ਸਹਾਰਾ ਬਣਦੀਆਂ ਨੇ, ਚੋਟੀ ਤੇ ਪਹੁੰਚਣਾ ਉਨਾ ਲਈ ਸੁਭਾਵਿਕਤਾ ਹੈ, ਅਚਾਨਕਤਾ ਨਹੀਂ, ਰੰਗਾਂ ਦੇ ਸੁਮੇਲ ਨਾਲ ਖੂਬਸੂਰਤ ਤਸਵੀਰਾਂ ਬਣਦੀਆਂ, ਬੇਮੇਲ, ਬੇਮੌਕਾ ਉਲਝੇ ਰੰਗ ਅਰਾਜਕਤਾ ਦੀ ਬੁਨਿਆਦ ਨੇ, ਕੈਨਵਸ ਅਤੇ ਬੁਰਸ਼ ਦੀ ਮਹੱਤਤਾ ਵਰਤੋਂ ਕਰਦੇ ਹੱਥ ਅਤੇ ਸੋਚ ਨਾਲ ਹੈ। ਕਲਾਕਾਰ ਦੀ ਸੁਚੱਜਤਾ, ਸੁੱਚਤਾ ਅਤੇ ਸਾਫਗੋਈ, ਬਰਾਬਰਤਾ ਵਾਲੀ ਸੋਚ, ਅਸੰਤੁਲਨ ਪੈਦਾ ਨਹੀਂ ਹੋਣ ਦਿੰਦੀ, ਕਾਣੀ ਵੰਡ, ਉਲਟ ਫੇਰ ਦੀ ਭਵਿੱਖਬਾਣੀ ਹੈ, ਦੱਬੀ ਧਿਰ ਵਿਚਲੀ ਲਚਕ ਬਹੁਤੀ ਦੇਰ ਤਕੜੇ ਦੀ ਧੱਕੋਜੋਰੀ ਵਾਲੀ ਖਿੱਚ ਨੂੰ ਝੱਲ ਨਹੀਂ ਸਕਦੀ, ਅਨਿਸਚਤਾ ਦੀ ਹਵਾ ਵਿੱਚ ਲਟਕੇ ਮਨੁੱਖ ਕਈ ਵਾਰ ਸਿਰਫ ਮਾੜਾ ਜਿਹਾ ਸੇਕ ਉਡੀਕ ਰਹੇ ਹੁੰਦੇ ਹਨ, ਸਭ ਮਿਲਜੁਲਕੇ ਧੂਣੀ ਦੁਆਲੇ ਗਰਮਾਹਟ ਦਾ ਨਿੱਘ ਮਾਣਦੇ ਨੇ ਤੇ ਬਾਤ ਬਤੰਗੜ ਤੇ ਹਾਸਾ ਠੱਠਾ ਕਰਦੇ ਨੇ ਪਰ ਭਾਂਬੜ ਭੜਕਾਹਟ ਤੇ ਘਬਰਾਹਟ ਪੈਦਾ ਕਰਦਾ ਜੋ ਤਬਾਹੀ ਲਿਆਉਂਦਾ। ਚੁੱਲੇ ਦੀ ਅੱਗ ਰੋਟੀ ਅਤੇ ਗਰਮਾਹਟ ਦਿੰਦੀ ਹੈ ਪਰ ਘਰਾਂ ਨੂੰ ਲਾਏ ਲਾਂਬੂ ਮਨੁੱਖ ਅਤੇ ਮਨੁੱਖਤਾ ਨੂੰ ਸਾੜਦੇ ਨੇ, ਹੱਕਾਂ ਤੋਂ ਵਿਰਵਾ ਸਮਾਜ ਕਦੀ ਨਾ ਕਦੀ ਭਬੂਕਾ ਬਣਦਾ ਤੇ ਸਭ ਕੁਝ ਸਾੜਕੇ ਸਵਾਹ ਕਰ ਦਿੰਦਾ। ਸਵੈ ਸਿਰਜੀ ਉੱਚਤਾ ਨੀਚਤਾ ਵੱਲ ਜਾਂਦੀ ਪਗਡੰਡੀ ਹੈ, ਕਿਸੇ ਦੂਜੇ ਦਾ ਹੱਕ ਖੋਹਕੇ ਬਣਾਈਆ ਮਟੀਆਂ ਡੂੰਘੇ ਟੋਏ ਵੀ ਖੋਦਦੀਆ ਨੇ, ਤੇ ਕਈ ਵਾਰ ਖੂਹ ਪੁਟਣ ਵਾਲੇ ਵੀ ਡਿੱਗਦੇ ਨੇ। ਕੁਦਰਤ ਦਾ ਸੁਭਾਅ ਅਮੁੱਕ ਪਰ ਸੋਮੇ ਹੱਦ ਵਿੱਚ ਹਨ, ਬੇਲੋੜਾ ਕਬਜਾ, ਧਰਤੀ ਦੇ ਪੱਧਰੇਪਨ ਵਿੱਚ ਨੁਕੀਲੇ ਪੱਥਰ ਗੱਡ ਦਿੰਦਾ, ਜੇ ਆਪਾ ਸਾਰੇ ਆਪੋ ਆਪਣਾ ਚੁਗਿਰਦਾ ਆਪਣੀ ਸੁਹਿਰਦਤਾ ਦੇ ਫੁੱਲਾਂ ਨਾਲ ਸਜਾ ਦੇਈਏ ਅਤੇ ਬਿਨਾ ਕਿਸੇ ਭੇਦਭਾਵ ਦੇ ਹਰ ਕਿਸੇ ਨੂੰ ਇਨਾ ਮਹਿਕਾ ਦਾ ਅਨੰਦ ਮਾਨਣ ਦੇਈਏ, ਦੋਵੇ ਹੱਥਾ ਨਾਲ ਸਮੇਟਣ ਦੀ ਜਗਹ, ਮੁੱਠੀਆਂ ਖੋਹਲਕੇ ਵੰਡਣ ਲੱਗ ਜਾਈਏ ਤਾਂ ਸ਼ਾਇਦ ਸਾਨੂੰ ਸਵਰਗ ਜਿਉਂਦੇ ਜੀਅ ਹੀ ਨਸੀਬ ਹੋ ਜਾਵੇ।
ਬਿੱਟੂ ਖੰਗੂੜਾ +447877792555