ਸੰਦੀਪ ਦਿਉੜਾ
8437556667
ਅਸੀਂ ਦੇਖਦੇ ਹਾਂ ਕਿ ਅੱਜ ਦੇ ਯੁੱਗ ਵਿੱਚ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਬਣ ਗਿਆ ਹੈ ,ਅਜਿਹਾ ਕੋਈ ਹੀ ਹੋਵੇਗਾ ਜੋ ਇਸ ਦਾ ਪ੍ਰਯੋਗ ਨਾ ਕਰ ਰਿਹਾ ਹੋਵੇ। ਹਰ ਇੱਕ ਬੰਦਾ ਇਸ ਵਰਤੋ ਤੋਂ ਭਲੀ ਭਾਂਤੀ ਜਾਣੂ ਹੈ ,ਹਰ ਇੱਕ ਬੰਦਾ ਵਟਸਐਪ ,ਫੇਸਬੁੱਕ, ਮੈਸੇਂਜ਼ਰ ਆਦਿ ਬਹੁਤ ਸਾਰੀਆਂ ਐਪਾਂ ਦੀ ਵਰਤੋਂ ਕਰ ਰਿਹਾ ਹਨ। ਪਰ ਅੱਜ ਕੱਲ੍ਹ ਇੱਕ ਨਵਾਂ ਰਿਵਾਜ਼ ਆਇਆ ਹੈ ਕਿ ਹਰ ਇੱਕ ਗੱਲ ਸ਼ੇਅਰ ਕਰਨ ਦਾ ,ਪਰ ਬੜਾ ਦੁੱਖ ਲੱਗਦਾ ਜਦੋਂ ਦੇਖਦੇ ਹਾਂ ਕਿ ਕਿਸ ਦੇ ਘਰ ਮੌਤ ਹੋ ਜਾਂਦੀ, ਤਾਂ ਲੋਕ ਉਨ੍ਹਾਂ ਦੇ ਮ੍ਰਿਤਕ ਸਰੀਰ ਦੀਆਂ ਫੋਟੋਆਂ ਤਕ ਸ਼ੇਅਰ ਕਰੀ ਜਾਂਦੇ ਹਨ,ਜਾਂ ਫਿਰ ਅਸਥੀਆਂ ਚੁਗਣ ਜਾਂਦੇ ਹਨ ਤਾਂ ਸ਼ੇਅਰ ਕਰੀ ਜਾਂਦੇ ਹਨ। ਜਿਵੇਂ ਇਹ ਅਣਜਾਣ ਹਨ ਕਿ ਇਸ ਦੀ ਵਰਤੋਂ ਕਿੰਝ ਕਰਨੀ ਹੈ।ਇਸ ਤੋਂ ਵੀ ਵੱਧ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਸਾਡੀ ਪੜ੍ਹੀ ਲਿਖੀ ਪੀੜੀ ਕਿਤੇ ਵੀ ਘੁੰਮਣ ਫਿਰਨ ਜਾਂਦੀ ਹੈ ਜਾਂ ਫਿਰ ਕਿਸੇ ਰਿਸ਼ਤੇਦਾਰ ਦੇ ਘਰ ਜਾਂਦੀ ਹੈ ਤਾਂ ਨਾਲ -ਨਾਲ ਲੋਕੇਸ਼ਨ ਦੀਆਂ ਫੋਟੋਆਂ ਪਾਈ ਜਾਂਦੇ ਹਨ ।ਜੋ ਖੁਦ ਜੁਰਮ ਨੂੰ ਸੱਦਾ ਦੇ ਰਹੇ ਹਨ। ਗਲਤ ਲੋਕ ਜਦੋਂ ਇਨ੍ਹਾਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਕ੍ਰਾਇਮ ਕਰਨ ਦਾ ਮੌਕਾ ਮਿਲ ਜਾਂਦਾ ਹੈ।ਉਹ ਲੋਕ ਪਿੱਛੋਂ ਉਨ੍ਹਾਂ ਦੇ ਘਰ ਲੁੱਟਮਾਰ ਕਰਦੇ ਹਨ। ਇਸ ਤਰ੍ਹਾਂ ਉਹ ਆਪ ਹੀ ਸੂਚਨਾ ਦੇ ਕੇ ਆਪਣੇ ਘਰਾਂ ਵਿੱਚ ਡਾਕੇ ਪੁਆ ਰਹੇ ਹਨ।ਮੈਨੂੰ ਲੱਗਦਾ ਹੈ ਕਿ ਉਹ ਇਸ ਗੱਲ ਤੋਂ ਸ਼ਾਇਦ ਅਣਜਾਣ ਹੀ ਹਨ। ਅਸੀਂ ਬੱਚਿਆਂ ਨੂੰ ਸਕੂਲ ਭੇਜਦੇ ਹਾਂ ਤਾਂ ਫੋਟੋ ਪਾਉਂਦੇ ਹਨ ਕਿ ਅੱਜ ਪਹਿਲੇ ਦਿਨ ਮੇਰਾ ਪੁੱਤਰ ਸਕੂਲ ਜਾ ਰਿਹਾ ਹੈ ।ਇਸ ਨਾਲ ਬੱਚੇ ਚੁੱਕਣ ਵਾਲੇ ਗਰੋਹ ਬਿਨਾਂ ਕੋਈ ਕੋਸ਼ਿਸ਼ ਕੀਤੇ ਸਾਰੀ ਜਾਣਕਾਰੀ ਪ੍ਰਾਪਤ ਕਰ ਲੈਦੇ ਹਨ । ਜੇਕਰ ਅਸੀਂ ਅਜਿਹੀਆਂ ਘਟਨਾਵਾਂ ਤੋਂ ਬਚਣਾ ਹੈ ਤਾਂ ਅਜਿਹੀਆਂ ਸੂਚਨਾਵਾਂ ਸਾਨੂੰ ਫੇਸਬੁੱਕ ਤੇ ਪਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਜੇਕਰ ਕੋਈ ਖ਼ਾਸ ਖ਼ੁਸ਼ੀ ਦੀ ਗੱਲ ਹੋਵੇ ਤਾਂ ਸਾਂਝੀ ਕਰਨੀ ਚਾਹੀਦੀ ਹੈ, ਨਹੀਂ ਤਾਂ ਇਸ ਤੋਂ ਪੂਰੀ ਤਰ੍ਹਾਂ ਗੁਰੇਜ਼ ਕਰੋ। ਇਸ ਤਰ੍ਹਾਂ ਕਰਕੇ ਤੁਸੀਂ ਆਪਣੇ ਅਤੇ ਆਪਣੇ ਪਰਿਵਾਰ ਨੂੰ ਬੁਰੇ ਅਨਸਰਾਂ ਤੋਂ ਸੁਰੱਖਿਅਕ ਰੱਖ ਸਕਦੇ ਹੋ। ਅਮਰੀਕਾ ਵਿੱਚ ਅਮਰੀਕਨ ਪੁਲਿਸ ਨੇ ਲੋਕਾਂ ਨੂੰ ਬੇਨਤੀ ਵੀ ਕੀਤੀ ਸੀ ਕਿ ਜੇਕਰ ਉਹਨਾਂ ਨੇ ਘਰ ਤੋਂ ਬਾਹਰ ਜਾਣਾ ਹੈ ਤਾਂ ਇਹ ਜਾਣਕਾਰੀ ਕਿਸੇ ਨਾਲ ਵੀ ਸਾਂਝੀ ਨਾਂ ਕਰਨ ਤਾਂ ਜੋ ਸੁਰਖਿਆ ਪ੍ਰਦਾਨ ਕੀਤੀ ਜਾ ਸਕੇ। ਇਸ ਤਰ੍ਹਾਂ ਅਸੀਂ ਵੀ ਇੰਝ ਕਰਕੇ ਆਪਣੇ ਆਪ ਨੂੰ ਸੁਰਖਿਅਤ ਰੱਖ ਸਕਦੇ ਹਾਂ। ਇਸ ਲਈ ਕਿਰਪਾ ਕਰਕੇ ਕੋਈ ਵੀ ਜਾਣਕਾਰੀ ਸੋਸ਼ਲ ਮੀਡੀਆ ਤੇ ਸਾਂਝੀ ਕਰਨ ਤੋਂ ਪਹਿਲਾਂ ਧਿਆਨ ਪੂਰਵਕ ਸੋਚ ਲੈਣਾ ਚਾਹੀਦਾ ਹੈ ਕਿ ਤੁਹਾਡੇ ਵੱਲੋਂ ਸ਼ੇਅਰ ਕੀਤੀ, ਕੋਈ ਵੀ ਸੂਚਨਾ ਤੁਹਾਡੇ ਲਈ ਅਤੇ ਤੁਹਾਡੇ ਪਰਿਵਾਰ ਲਈ ਨੁਕਸਾਨਦੇਹ ਹੋ ਸਕਦੀ ਹੈ।