17 C
United Kingdom
Sunday, June 21, 2026

More

    ਮੰਦਰ ਤੱਕ

    ਰਜਨੀ ਵਾਲੀਆ ਕਪੂਰਥਲਾ
    ਮੰਦਰ ਤੱਕ ਤੂੰ ਪਹੁੰਚਣ ਲਈ,
    ਪਿੱਛੇ ਮਸਜਿਦ ਛੱਡ ਆਇਆ ਏਂ।
    ਤੂੰ ਜਿਸ ਨੂੰ ਪਾਉਣਾ ਏਥੇ ਆ ਕੇ,
    ਉਸਨੂੰ ਤਾਂ ਦਿਲੋਂ ਕੱਢ ਆਇਆ ਏਂ।

    ਜੇ ਤੇਰੇ ਦਿਲ ਵਿੱਚ ਰੱਬ ਹੁੰਦਾ,
    ਤਾਂ ਤੂੰ ਸਜਦਾ ਓਥੇ ਕਰ ਲੈਂਦਾ।
    ਝੋਲੀ ਭਰਵਾਉਣ ਜੋ ਏਥੇ ਆਇਆ ਏਂ,
    ਓ ਓਥੇ ਹੀ ਤੇਰੀ ਭਰ ਦੇਂਦਾ।
    ਜਾ ਤੂੰ ਤਾਂ ਰੱਬ ਨੂੰ ਮੰਨਦਾ ਈ,
    ਨਈਂ ਧੜਿਆਂ ਵਿੱਚ ਸਮਾਇਆ ਏਂ।
    ਮੰਦਰ ਤੱਕ ਤੂੰ ਪਹੁੰਚਣ ਲਈ

    ਟੋਪੀਆਂ ਵਿੱਚ ਤੂੰ ਫਰਕ ਕਰੇਂ,
    ਓ ਤਾਂ ਫਰਕਾਂ ਕਰਦਾ ਈ ਨਈਂ।
    ਤੂੰ ਨੱਕ ਰਗੜ ਕੇ ਜਿੱਤ ਜਾਨੈਂ,
    ਓ ਹੋ ਕੇ ਫਨਾਂਹ ਵੀ ਮਰਦਾ ਈ ਨੀ।
    ਓ ਨਾ ਹੋ ਕੇ ਵੀ ਖਿੜਿਆ ਰਏ,
    ਤੂੰ ਹੁੰਦਿਆਂ ਹੋਇਆਂ ਵੀ ਮੁਰਝਾਇਆ ਏਂ।
    ਮੰਦਰ ਤੱਕ ਤੂੰ ਪਹੁੰਚਣ ਲਈ

    ਤੂੰ ਗੀਤਾ ਕੁਰਾਨ ਪਿਆ ਕਰਨਾ ਏਂ,
    ਬਸ ਓਥੋਂ ਦੀ ਤਾਂ ਏ ਇੱਕੋ ਜੂ।
    ਮਸਜਿਦ ਜਾਵੇ ਰਾਮ ਰੋਜ਼ ਹੀ,
    ਮੁੜ ਮੰਦਰ ਨੂੰ ਆਵੇ ਅੱਲਾ ਹੂ।
    ਰਾਮ ਮੌਲਾ ਨੂੰ ਵੇਖ ਇਕੱਠਿਆਂ,
    ਦਸ ਕਾਹਤੋਂ ਘਬਰਾਇਆ ਏਂ।
    ਮੰਦਰ ਤੱਕ ਤੂੰ ਪਹੁੰਚਣ ਲਈ

    ਸਭ ਜਾਣਦਿਆਂ ਹੋਇਆਂ ਵੀ ਤੂੰ,
    ਕਿਉਂ ਆਪਣੇਂ ਹੱਠ ਨੂੰ ਛੱਡਦਾ ਨਈਂ।
    ਰਾਮ ਰਹੀਮ ਪਏ ਵੇਖਣ ਤੈਨੂੰ,
    ਤੂੰ ਤਾਂ ਆਪਣੀਂ ਗੱਠ ਨੂੰ ਛੱਡਦਾ ਨਈਂ।
    ਰਜਨੀ ਕਹੇ ਓਈਓ ਭਵ ਤਰਦਾ,
    ਜਿੰਨੇਂ ਖੌਫ ਖੁਦਾ ਦਾ ਪਾਇਆ ਏ।
    ਮੰਦਰ ਤੱਕ ਤੂੰ ਪਹੁੰਚਣ ਲਈ,
    ਪਿੱਛੇ ਮਸਜਿਦ ਛੱਡ ਆਇਆ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!