ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)

ਪਿਛਲੇ ਦਿਨੀਂ ਅਮਰੀਕਾ ਵਿੱਚ ਹੋਈ ਜਾਰਜ ਫਲਾਈਡ ਦੀ ਮੌਤ ਦੇ ਵਿਰੋਧ ਵਿੱਚ ਲੰਡਨ ‘ਚ ਹਜ਼ਾਰਾਂ ਕਾਰਕੁਨਾਂ ਨੇ ਅਮਰੀਕੀ ਦੂਤਘਰ ਵੱਲ ਮਾਰਚ ਕੀਤਾ ਤੇ ਇਸ ਦੌਰਾਨ ਪੰਜ ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਕਰਯੋਗ ਹੈ ਕਿ 46 ਸਾਲਾ ਫਲਾਈਡ ਦੀ ਮਿਨੀਏਪੋਲਿਸ ਵਿੱਚ ਮੌਤ ਹੋ ਗਈ ਜਦੋਂ ਇੱਕ ਗੋਰੇ ਪੁਲਿਸ ਅਧਿਕਾਰੀ ਡੇਰੇਕ ਚੌਵਿਨ ਨੇ ਗਿਰਫਤਾਰੀ ਦੇ ਦੌਰਾਨ ਅੱਠ ਮਿੰਟ ਤੋਂ ਵੱਧ ਸਮੇਂ ਲਈ ਉਸਦੀ ਗਰਦਨ ‘ਤੇ ਗੋਡੇ ਰੱਖੇ ਸਨ। ਦੋ ਬੱਚਿਆ ਦੇ ਨਿਹੱਥੇ ਪਿਤਾ ਨੇ ਵਾਰ ਵਾਰ ਅਧਿਕਾਰੀ ਨੂੰ ਕਿਹਾ ਕਿ ਉਹ ਸਾਹ ਨਹੀਂ ਲੈ ਸਕਦਾ ਅਤੇ ਤਕਰੀਬਨ ਇਕ ਘੰਟੇ ਬਾਅਦ ਉਸਦੀ ਮੌਤ ਹੋ ਗਈ ਸੀ। ਇਸ ਦੇ ਵਿਰੋਧ ਵਿੱਚ “ਬਲੈਕ ਲਾਈਵਜ਼ ਮੈਟਰ” ਦੇ ਪ੍ਰਦਰਸ਼ਨਕਾਰੀ ਅਮਰੀਕੀ ਦੂਤਘਰ ਵੱਲ ਜਾਣ ਤੋਂ ਪਹਿਲਾਂ ਟਰੈਫਲਗਰ ਸਕੁਏਰ ਅਤੇ ਡਾਉਨਿੰਗ ਸਟ੍ਰੀਟ ਵੱਲ ਵੀ ਵਧੇ। ਭੀੜ ਨੂੰ ‘ਉਸਦਾ ਨਾਮ ਕਹੋ ਜਾਰਜ ਫਲਾਈਡ‘ ਅਤੇ ਮੈਂ ਸਾਹ ਨਹੀਂ ਲੈ ਸਕਦਾ ’’ ਦੇ ਨਾਅਰੇ ਲਗਾਉਂਦੇ ਸੁਣਿਆ ਜਾ ਸਕਦਾ ਸੀ। ਇਸ ਦੌਰਾਨ ਰਾਜਧਾਨੀ ਵਿਚ ਕਈ ਥਾਵਾਂ ‘ਤੇ ਟ੍ਰੈਫਿਕ ਵੀ ਰੋਕਿਆ ਗਿਆ। ਮੈੱਟ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਅਮਰੀਕੀ ਦੂਤਾਵਾਸ ਦੇ ਬਾਹਰ ਇਕੱਠ ਦੌਰਾਨ ਪੰਜ ਵਿਅਕਤੀ ਗਿਰਫਤਾਰ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਤਿੰਨ ‘ਕੋਵਿਡ -19 ਕਾਨੂੰਨ’ ਦੀ ਉਲੰਘਣਾ ਲਈ ਜਦਕਿ ਅਧਿਕਾਰੀਆਂ ਉੱਪਰ ਹਮਲੇ ਕਰਨ ਲਈ ਦੋ ਗਿਰਫ਼ਤਾਰ ਕੀਤੇ ਗਏ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਉਮਰ 17-25 ਸਾਲ ਦੇ ਵਿਚਕਾਰ ਸੀ। ਇਸ ਦੌਰਾਨ ਲੰਡਨ ਦੇ ਮੇਅਰ ਸਾਦਿਕ ਖਾਨ ਨੇ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕੀਤੀ ਹੈ।