4.4 C
United Kingdom
Sunday, March 8, 2026

More

    ਜੋ ਪੈਂਤੀ ਬਾਬੁਲ ਪੜਾਈ ,ਯਾਦ ਰੱਖੀਂ!

    ਹਰਪ੍ਰੀਤ ਸਿੰਘ ਲਲਤੋਂ

    ੳ-ਉਲਫਤ ਦੇ ਰੰਗ ਵਿੱਚ ,ਨਾ ਜਾਈਂ ਰੰਗੀ,
    ਅ-ਅਬਲੀਸ ਇਸ਼ਕ ਕੋਲੋਂ ,ਕਤਰਾਈਂ ਕੰਨੀ,
    ੲ-ਇਖਲਾਸ ਲੱਭਣ ਲਈ ,ਨਾ ਘਰੋਂ ਉਧਲੀਂ
    ਸ-ਸੰਗ ਸਰਮ ਨੂੰ ਸਦਾ ,ਹੀ ਗਹਿਣਾ ਮੰਨੀ।
    ਹ-ਹਯਾਤੀ ਵਿੱਚ ਹੋਣ ਨਾ ,ਸ਼ਰਮਿੰਦਾ ਮਾਪੇ,
    ਐਵੇਂ ਕਿਸੇ ਅਣਜਾਣ ਤੇ ,ਨਾ ਡੁੱਲ ਜਾਈਂ,
    ਜੋ ਪੈਂਤੀ ਬਾਬੁਲ ਪੜਾਈ ,ਯਾਦ ਰੱਖੀਂ,
    ਬੇਸ਼ੱਕ ਸਕੂਲ ਪੜ੍ਹੀ ,ਜੋ ਭੁੱਲ ਜਾਈਂ।
    ਕ-ਕਲੂਬ ਆਪਣੇ ਨੂੰ ਸਦਾ,ਕਹਿਣੇ ਵਿੱਚ ਰੱਖੀਂ,
    ਖ-ਖਤ ਲਿਖੀਂ ਨਾ ਕਦੇ ,ਪ੍ਰੇਮ ਪ੍ਰਸ਼ੰਗ ਭਿੱਜੇ।
    ਗ-ਗੁਲਤਾਨ ਹੋਈ ਨਾ ,ਇਸ਼ਕੇ ਦੇ ਬਹਰ ਵਿੱਚ,
    ਘ-ਘਰ ਵੱਲ ਮੁੜਿਆ ਕਰ ,ਬਾਹਰੋਂ ਪੈਰ ਸਿੱਧੇ।
    ਅਈਂਆ-ਵਾਂਗ ਰੱਖੀਂ ,ਆਪਣਾ ਦਿਲ ਖਾਲੀ,
    ਕਿਸੇ ਨੂੰ ਵਿੱਚ ਵਸਾਉਣ ਤੇ ,ਨਾ ਤੁੱਲ ਜਾਈਂ।
    ਜੋ ਪੈਂਤੀ ……………।
    ਚ-ਚਸਮ ਬਣਾਈਂ ਨਾ ,ਕਿਸੇ ਲਈ ਆਰਸੀ,
    ਛ-ਛਾਵੇਂ ਜ਼ੁਲਫ਼ਾਂ ਦੇ ,ਕਿਸੇ ਨੂੰ ਨਾ ਬਿਠਾਵੀਂ।
    ਜ-ਜ਼ਿਆਰਤ ਕਰੀਂ ਨਾ ,ਗ਼ੈਰ ਮੁੱਖੜਿਆਂ ਦਾ,
    ਝ-ਝੋਕਾਂ ਇਸ਼ਕ ਦੀਆਂ,ਵਿੱਚ ਨਾ ਹੜ੍ਹ ਜਾਵੀਂ।
    ਣਈਆਂ-ਖਾਲੀ ਜਹਿਨ ਤੇਰੇ ਨਾ ਹੀਰ ਵੜਜੇ,
    ਗੱਲੀਂ ਬਾਤੀਂ ਕਿਸੇ ਨਾਲ ਨਾ ਖੁੱਲ ਜਾਈਂ।
    ਜੋ ਪੈਂਤੀ………..।
    ਟ-ਟੋਹਲ ਲਈਂ ਨਾ ,ਤੂੰ ਆਪਣਾ ਵਰ ਆਪੇ,
    ਠ-ਠੋਕਰ ਮਾਰ ਕੇ ਪੱਗ ਨੂੰ ,ਨਾ ਪੈਰ ਪੱਟੀਂ।
    ਡ-ਡਾਂਡੇ ਮੀਂਡੇ ਪਈ ,ਰਹਿਣਾ ਕੱਖ ਨੀ ਪੱਲੇ,
    ਢ-ਢੇਡ ਪਿੱਛੇ ਲੱਗ ਕੇ ,ਨਾ ਬਦਨਾਮੀ ਖੱਟੀਂ।
    ਣ-ਖਾਲੀ ਹੱਥਾਂ ਤੇ ,ਕਿਸੇ ਦੇ ਨਾਂ ਦੀ ਮਹਿੰਦੀ,
    ਕਰ ਮਰਜੀ ਲੈ ਕੇ ਨਾ ,ਮਹਿੰਗੇ ਮੁੱਲ ਲਾਈਂ,
    ਜੋ ਪੈਂਤੀ……………।
    ਤ-ਤਵੱਜੋ ਦੇਵੀਂ ਨਾ ,ਤੂੰ ਪਾਸਾ ਵੱਟ ਲੰਘੀਂ,
    ਥ-ਥੰਮ੍ਹਣ ਨਾ ਰਾਹਾਂ ਦੇ ,ਵਿੱਚ ਕਦਮ ਤੇਰੇ,
    ਦ-ਦਰੇਗ ਬਿਨ ਨਾ ,ਇਸ਼ਕ’ਚੋਂ ਕੁਝ ਲੱਭਣਾ,
    ਧ-ਧੀਏ ਲਾਏ ਦਾਗ ,ਨਾ ਹੋਣੇ ਅਦਮ ਤੇਰੇ,
    ਨ-ਨਕਸ਼ੇ ਕਦਮ ਤੇ ਹੀਰ ਦੇ ,ਨਾ ਤੂੰ ਚੱਲੀਂ,
    ਗਲੀ ਭੌਰਿਆਂ ਦੀ ਬਣਕੇ ,ਨਾ ਫੁੱਲ ਜਾਈਂ,
    ਜੋ ਪੈਂਤੀ……..।
    ਪ-ਪੀਂਘ ਇਸ਼ਕ ਵਾਲੀ ,ਪਾਂਧ ਨੂੰ ਜ਼ਰਬ ਮਾਰੇ,
    ਫ-ਫ਼ਰਹਤ ਖੁੱਸ ਜਾਂਦੀ ,ਅਜ਼ਾਬ ਨੇ ਘੇਰ ਲੈਂਦੇ।
    ਬ-ਬਹਿਰ-ਇਸ਼ਕ ਵਿੱਚ, ਡੁੱਬ ਗਏ ਬਹੁਤੇ ਤਾਰੂ,
    ਭ-ਭੌਰ,ਆਸ਼ਿਕ ਦੋਵੇਂ ਚੂਸ ਰਸ ,ਮੂੰਹ ਫੇਰ ਲੈਂਦੇ।
    ਮ-ਮਰਗੂਬ ਲੱਗੇ ਦੂਰੋਂ ,ਨੇੜੇ ਜਾ ਇਲਮ ਹੁੰਦਾ,
    ਕੀਮਤੀ ਹੁੰਦਿਆਂ ਸਸਤੇ ਭਾਅ, ਨਾ ਤੁੱਲ ਜਾਈਂ,
    ਜੋ ਪੈਂਤੀ……।
    ਯ-ਯਾਰਾਨੇ ਹੋਰਾਂ ਧੀਆਂ ਲਈ ,ਟੋਏ ਪੁੱਟਦੇ,
    ਰ-ਰਾਇਗਾਂ ਹੋਵੇ ਜਿੰਦਗੀ ,ਰਿੱਕਤਾਂ ਜੱਗ ਕਰੇ,
    ਲ-ਲੀਕ ਲੱਗੀ ਮੁੜ ਕੇ ,ਪਿੱਛਾ ਨੀ ਛੱਡਦੀ,
    ਵ-ਵੀਣ ਕੇ ਰਫ਼ੀਕ ਆਪਣਾ ਧੀ ਘਰ ਵੜੇ।
    ੜ-ੜੜਦਾ ਕੁੱਲ ਟੱਬਰ ,ਤਕਸੀਰ ਇੱਕ ਕਰਦਾ,
    ਲਲਤੋਂ ਅੱਕੋਂ ਕੌੜਾ ਇਸ਼ਕ ,ਨਾ ਬੁੱਲ ਲਾਈਂ,
    ਜੋ ਪੈਂਤੀ………..।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!