9.6 C
United Kingdom
Saturday, March 7, 2026

More

    ‘ਇਸ ਵਾਰ’- ਨੰਦਿਤਾ ਸ਼ਰਮਾ

    ਹਿੰਦੀ ਕਵਿੱਤਰੀ ਨੰਦਿਤਾ ਸ਼ਰਮਾ ਦੀ ਇਹ ਕਵਿਤਾ ਉਸ ਵਰਗੇ ਉਨ੍ਹਾਂ ਸਾਰੇ ਦੋਸਤਾਂ ਲਈ ਹੈ ਜੋ ਆਪਣੇ ਸ਼ਹਿਰ ਤੋਂ ਦੂਰ ਬੈਠੇ ਹਨ। ਆਪਣੇ ਸ਼ਹਿਰ ਸ਼ਿਮਲਾ ਨਾ ਜਾ ਸਕਣ ਦੀ ਮਜਬੂਰੀ ਉਸ ਨੂੰ ਵੀ ਰੜਕਦੀ ਹੈ। ਇਸੇ ਭਾਵਨਾ ਨੂੰ ਧਿਆਨ ‘ਚ ਰੱਖਦੇ ਹੋਏ ਉਸ ਨੇ ਇਹ ਕਵਿਤਾ ਲਿਖੀ ਹੈ।

    ਪੰਜਾਬੀ ਰੂਪ: ਗੁਰਭਜਨ ਗਿੱਲ

    ਬਸੰਤ!
    ਲੰਮੀ ਪੱਤਝੜ ਨੂੰ ਅਲਵਿਦਾ ਕਹਿ
    ਇਸ ਵਾਰ ਵੀ ਤਾਂ ਆਏ ਹੋਣਗੇ
    ਆਪਣੀਆਂ ਟਾਹਣੀਆਂ ਤੋਂ ਵਿੱਛੜ ਕੇ
    ਪਲਾਸ਼ ਦੇ ਸੁਰਖ਼ ਸੂਹੇ ਫੁੱਲ
    ਏਧਰ ਓਧਰ
    ਇਸ ਵਾਰ ਸੁੰਨੀਆਂ ਉਦਾਸ ਸੜਕਾਂ ਤੇ
    ਖਿੱਲਰੇ ਤਾਂ ਹੋਣਗੇ।

    ਸੰਘਣੇ ਦੇਵਦਾਰ ਦੇ ਬਿਰਖ਼ਾਂ ਥਾਣੀਂ
    ਸਵੇਰ ਦੀ ਮਖ਼ਮਲੀ ਧੁੱਪ
    ਮਾਂ ਦੇ ਹੱਥੀਂ ਬੁਣੇ ਸਵੈਟਰ ਜਿਹਾ ਸਕੂਨ
    ਮਿਲਦਾ ਤਾਂ ਹੋਵੇਗਾ।

    ਉਥੇ
    ਉਸ ਪਹਾੜ ਤੇ ਦੋ ਕਮਰਿਆਂ ਦੇ
    ਡੱਬੀ ਬੰਦ ਮਕਾਨ ਦੇ ਅੰਦਰ
    ਲੋੜਵੰਦੀਆਂ ਚੀਜ਼ਾਂ ਦੀ ਨਿੱਕੀ ਜਹੀ ਸੂਚੀ
    ਤੇ
    ਤਸੱਲੀ ਦੇ ਵੱਡੇ ਲਿਫ਼ਾਫ਼ਿਆਂ ‘ਚ
    ਛੋਟੇ ਸ਼ਹਿਰ ਦੀ ਸਾਦਗੀ
    ਹੁਣ ਵੀ
    ਆਰਾਮ ਫੁਰਮਾਉਂਦੀ ਹੋਵੇਗੀ।

    ਸ਼ਹਿਰ ਦੀਆਂ ਭੀੜੀਆਂ ਸੜਕਾਂ
    ਹੁਣ ਖੁੱਲ੍ਹ ਕੇ ਸਾਹ ਲੈਂਦੀਆਂ ਹੋਣਗੀਆਂ।
    ਪਰ ਹੋ ਸਕਦੈ
    ਉੱਚੇ ਨੀਵੇਂ ਰੇਲਿੰਗ ਵਾਲੇ ਰਾਹ
    ਕੁਝ ਉਦਾਸ ਹੋਣਗੇ।
    ਇਨ੍ਹਾਂ ਤੇ ਤੁਰ ਕੇ ਥੱਕਣ ਵਾਲਿਆਂ ਦੀ
    ਤਲਬ ਉਨ੍ਹਾਂ ਨੂੰ ਵੀ ਹੁੰਦੀ ਹੋਵੇਗੀ।

    ਕਿਸੇ ਬੇਤਾਜ ਬਾਦਸ਼ਾਹ ਦੀ
    ਬੇਗ਼ਮ ਵਾਂਗ
    ਮਿੱਠੇ ਜਹੇ ਗਰੂਰ ਨਾਲ ਭਰੀ ਹੋਈ
    ਮਾਲ ਰੋਡ ਦੀ ਚਮਕ ਦਮਕ ਨੂੰ
    ਉਸ ਤੇ ਆਉਣ ਵਾਲਿਆਂ ਦੀ
    ਬੇਹੱਦ ਖ਼ੁਸ਼ਨੁਮਾ ਕਦਮਾਂ ਦੀ ਕਮੀ
    ਮਹਿਸੂਸ ਤਾਂ ਹੁੰਦੀ ਹੋਵੇਗੀ।

    ਹੱਥਾਂ ਵਿੱਚ
    ਉਹ ਲਾਜ਼ਮੀ ਆਈਸ ਕਰੀਮ ਫੜੀ
    ਲੱਕੜੀ ਦੇ ਬੈਂਚ ਤੇ ਬਹਿ ਕੇ
    ਘੰਟਿਆਂ ਬੱਧੀ ਬੇਤੁਕੀਆਂ ਗੱਲਾਂ
    ਕਰਨ ਵਾਲਿਆਂ ਦੀ ਚੁੱਪ
    ਉਨ੍ਹਾਂ ਨੂੰ ਵੀ
    ਕਿਤੇ ਨਾ ਕਿਤੇ
    ਰੜਕਦੀ ਤਾਂ ਹੋਵੇਗੀ।

    ਇੱਕ ਅਰਸੇ ਤੋਂ
    ਰਿੱਜ ਦੇ ਉਸ ਖੁੱਲ੍ਹੇ ਮੈਦਾਨ ਨੇ
    ਸੁਰਖ਼ ਗੱਲ੍ਹਾਂ ਵਾਲੇ ਚੰਚਲ ਬੱਚਿਆਂ ਨੂੰ
    ਆਪਣੀ ਕਮਰ ਤੇ ਢੋਂਦੇ
    ਉਨ੍ਹਾਂ ਘੋੜਿਆਂ ਦੀ ਮੱਠੀ ਰਫ਼ਤਾਰ ਵੀ
    ਮਹਿਸੂਸ ਨਹੀਂ ਕੀਤੀ ਹੋਣੀ।

    ਪਰ
    ਸ਼ਾਇਦ ਅੱਜ ਵੀ
    ਟਿਕਟਿਕੀ ਲਾਈ
    ਘਰ ਵੱਲ ਜਾਂਦੀ ਸੜਕ
    ਮੇਰਾ ਰਾਹ ਵੇਖਦੀ ਹੋਵੇਗੀ।
    ਮੌਸਮ ਦੀ ਪਹਿਲੀ ਬਰਸਾਤ
    ਪਹਾੜਾਂ ਤੇ ਸਰਕਦੀ ਬੇ ਲਗਾਮ ਧੁੰਦ
    ਮੈਥੋਂ ਤਾਰੀਫ਼ ਕਰਵਾਉਣ ਲਈ
    ਕੁਝ ਬੇਤੈਨ ਤਾਂ ਹੋਵੇਗੀ।

    ਤੇ ਸੰਭਵ ਹੈ
    ਹੋਵੇਗਾ ਥੋੜਾ ਬੇਸਬਰ
    ਦੋਸਤਾਂ ਨਾਲ ਗੁਜ਼ਾਰੀ
    ਉਸ ਕੌਫੀ ਹਾਊਸ ਦੀਆਂ
    ਵਿਸ਼ਵਾਸ ਲੱਦੀਆਂ ਸਮੂਹ ਸ਼ਾਮਾਂ ‘ਚ
    ਮੇਰੀ ਮਨਪਸੰਦ ਕੌਫੀ ਦਾ
    ਉਹ ਪਿਆਲਾ ਵੀ।

    ਹਰ ਪਲ
    ਸ਼ਹਿਰ ਕਿਸੇ ਪੁਰਾਣੇ ਇਸ਼ਕ ਵਰਗਾ
    ਬਹੁਤ ਚੇਤੇ ਆਉਂਦਾ ਹੈ।
    ਪਰ ਇਸ ਵਾਰ
    ਪਰਵਾਸੀ ਪੰਛੀਆਂ ਵਾਂਗ
    ਮੈਂ ਨਹੀਂ ਪਰਤ ਸਕਾਂਗੀ।
    ਇਸ ਵਾਰ ਜ਼ਿੰਦਗੀ
    ਹਰ ਵਾਰ ਵਰਗੀ ਨਹੀਂ।

    ਹਾਂ! ਪਰ ਭੁੱਲੀ ਨਹੀਂ
    ਕਿ ਇਹ ਪਹਾੜ ਮੈਨੂੰ
    ਬਿਨਾ ਕਿਸੇ ਫੀਸ ਤੋਂ
    ਸਾਰੀ ਉਮਰ ਦਿੰਦੇ ਰਹੇ
    ਸੰਘਰਸ਼ ਦੀ ਖ਼ੁਰਾਕ
    ਤੇ ਪੜ੍ਹਾਉਂਦੇ ਰਹੇ
    ਜਿਉਂਦੇ ਰਹਿਣ ਦੇ ਲਾਜ਼ਮੀ ਪਾਠ।

    ਸ਼ਾਇਦ ਏਸੇ ਲਈ
    ਮੈਂ ਅਜੇ ਵੀ ਆਪਣੇ ਨੇਤਰਾਂ ਵਿੱਚ
    ਬਚਾ ਕੇ ਰੱਖੀ ਹੈ
    ਆਪਣੇ ਘਰ ਦੇ ਬਾਹਰ
    ਅਗਲੀ ਬਾਰਿਸ਼ ਦੇ ਬੁਲਬੁਲਿਆਂ ਵਿੱਚ
    ਕਾਗ਼ਜ਼ ਦੀ ਕਿਸ਼ਤੀ ਨੂੰ ਤਾਰਨ ਦੀ
    ਅੱਧੀ ਪੌਣੀ ਆਸ ਉਮੀਦ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!