ਰਜਨੀ ਵਾਲੀਆ, ਕਪੂਰਥਲਾ
ਜਦ ਜੇਠ ਹਾੜ ਤਪਦੇ ਲੰਘ ਜਾਂਦੇ,
ਬੱਦਲ ਆ ਸਾਵਣ ਵਿੱਚ ਆਉਂਦੇ ਨੇਂ।
ਬਾਰਿਸ਼ ਜਦੋਂ ਪੈਂਦੀ ਏ ਸਿਰ ਤੇ,
ਤਦ ਬੱਚੇ ਮੀਂਹ ਚ ਨਹਾਉਂਦੇ ਨੇਂ ।
ਜ਼ਜ਼ਬਾਤਾਂ ਤੇ ਇਸ ਸ਼ੋਖੀ ਦੇ ਮੌਸਮ
ਤਾਈਂ ਸਲਾਮ ਹੈ ਮੇਰਾ ਧੁਰ ਅੰਦਰੋਂ।
ਦਰਦਾਂ ਦੇ ਵਣਜਾਰੇ ਦਰਦਾਂ ਸੰਗ,
ਹੋ ਕੇ ਇੱਕ ਨਗਮਾਂ ਗਾਉਂਦੇ ਨੇਂ।
ਬਾਰਿਸ਼ ਦੀ ਹਰ ਬੂੰਦ ਜਿਸਮ,
ਤੇ ਪੈ ਕੇ ਲੂੰ ਲੂੰ ਨੂੰ ਠਾਰ ਦੇਵੇ।
ਅਹਿਸਾਸ ਪਹਿਲੋਂ ਡਰ ਜਾਂਦੇ ਨੇ,
ਤੇ ਮੁੜ ਮਗਰੋਂ ਪਛਤਾਉਂਦੇ ਨੇਂ ।
ਜਦ ਸੋਗ ਨਾਲ ਭਰੀ ਗਲੀ ਵਿੱਚ,
ਕੋਈ ਚੁੱਪ ਦਾ ਦੀਵਾ ਬਾਲ ਦੇਂਦੈ।
ਤਾਂ ਇਹ ਦਿਲ ਦੇ ਅੰਦਰ ਦਫਨ ਪੀੜਾਂ,
ਦੇ ਨਾਗਾਂ ਨੂੰ ਆਣ ਜਗਾਉਂਦੇ ਨੇਂ।
ਜਦ ਸਾਵਣ ਦੇ ਮੀਹਾਂ ਵਿੱਚ ਅਕਸਰ,
ਇੱਕ ਕੁੱਲੀ ਗਰੀਬ ਦੀ ਢਹਿ ਜਾਂਦੀ ਏ।
ਤਦ ਨਿੱਕੇ ਨਿੱਕੇ ਰੱਬ ਉਸ ਘਰਦੇ,
ਮੌਲਾ ਤੇਰੇ ਹੀ ਤਾਂ ਤਰਲੇ ਪਾਉਂਦੇ ਨੇਂ।
ਜਦ ਕੋਇਲ ਦੀ ਕੂਕ ਸੁਰ ਮਈ,
ਮੇਰੇ ਦਿਲ ਦੀਆਂ ਤਾਰਾਂ ਛੇੜਦੀਏ।
ਤਦ ਅੰਬੀਆਂ ਤੋਂ ਬੂਰ ਕਿਰੇਂਦਾ ਤੇ,
ਮੈਂਡੇ ਦਿਲ ਦੇ ਵਲਵਲੇ ਸੌਂਦੇ ਨੇਂ।
ਜਦ ਖੀਰਾਂ ਪੂੜਿਆਂ ਦੇ ਨਾਲ ਘਰ,
ਵਿੱਚ ਮਿੱਠੀ ਜਈ ਦਾਵਤ ਚਲਦੀ ਏ।
ਤਦ ਪੀਂਘ ਪਵੇ ਅੰਬਰੀਂ ਸਤਰੰਗੀ,
ਰੀਝ ਨੂੰ ਪੀਂਘਾਂ ਦੇ ਰੱਸੇ ਝੁਟਾਉਂਦੇ ਨੇਂ।
ਬਾਗੀਂ ਲਹਿਰਾਉਂਦੀ ਏ ਹਰ ਇੱਕ ਡਾਲੀ,
ਤੇ ਫਿਰ ਪੱਤਾ ਪੱਤਾ ਨਸ਼ਿਆ ਜਾਂਦਾ।
ਜਦ ਰਜਨੀ ਝਾਂਜਰ ਕੁਦਰਤ ਦੀ,
ਛਣਕਾਰ ਕੰਨਾਂ ਵਿੱਚ ਪਾਉਂਦੀ ਏ।