ਪੰਜ ਗਰਾਈਂ ਕਲਾਂ 27 ਮਈ ( ਸੁਖਚੈਨ ਸਿੰਘ ਠੱਠੀ ਭਾਈ ) ਲਾਲਚੀ ਸਵਾਰਥੀ ਤੇ ਬੇਕਦਰਿਆਂ ਦੀ ਦੁਨੀਆਂ ਵਿੱਚ ਕਦਰਦਾਨਾਂ ਦੀ ਵੀ ਕੋਈ ਘਾਟ ਨਹੀਂ ਹੈ। ਏਸ ਗੱਲ ਦੀ ਮਿਸਾਲ ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ( ਕੋਟਕਪੂਰਾ) ਵਿਖੇ ਦੇਖਣ ਨੂੰ ਮਿਲੀ ਜਦੋਂ ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ਦੇ ਮੁੱਖ ਸੇਵਾਦਾਰ ਬਾਬਾ ਇੰਦਰਪਾਲ ਸਿੰਘ ਜੀ ਨੇ ਅੰਤਰਰਾਸ਼ਟਰੀ ਢਾਡੀ ਗਿਆਨੀ ਸਾਧੂ ਸਿੰਘ ਧੰਮੂ ਧੂੜਕੋਟ ਵਾਲਿਆਂ ਦੀਆਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਦੇਖਦਿਆਂ ਵਧੀਆ ਕੰਪਨੀ ਦੀ ਫਰਿਜ਼ ਨਾਲ ਵਿਸ਼ੇਸ਼ ਸਨਮਾਨ ਕੀਤਾ । ਇਸ ਮੌਕੇ ਵਿਚਾਰ ਕਰਦਿਆਂ ਬਾਬਾ ੲਿੰਦਰਪਾਲ ਸਿੰਘ ਜੀ ਨੇ ਕਿਹਾ ਕਿ ਸਾਡੀ ਪੁਰਾਤਨ ਦੀ ਰੀਤ ਹੈ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਂਦਿਆਂ ਠੰਢੇ ਪਾਣੀ ਦੀਆਂ ਛਬੀਲਾਂ ਲਗਾਕੇ ਗਰਮੀ ਨਾਲ ਤਪਦੇ ਸਰੀਰਾਂ ਨੂੰ ਠੰਡ ਪਹੁੰਚਾ ਕੇ ਆਪਣੀ ਧਾਰਮਿਕ ਭਾਵਨਾ ਦਾ ਅਹਿਸਾਸ ਕਰਵਾਇਆ ਜਾਂਦਾ ਹੈ । ਏਸ ਅਸਥਾਨ ਨਾਲ ਜੁੜੀਆਂ ਸੰਗਤਾਂ ਅਤੇ ਸੇਵਾਦਾਰਾਂ ਨੇ ਫੈਸਲਾ ਕੀਤਾ ਕਿ ਕਿਉਂ ਨਾ ਕਿਸੇ ਪ੍ਰੀਵਾਰ ਨੂੰ ਲੰਬਾ ਸਮਾਂ ਠੰਢਾ ਪਾਣੀ ਪਿਲਾਇਆ ਜਾਵੇ । ਇਸ ਕਰਕੇ ਭਾਈ ਸਾਧੂ ਸਿੰਘ ਧੰਮੂ ਜੀ ਜਿੱਥੇ ਵਧੀਆ ਢਾਡੀ ਹੋਣ ਦੇ ਨਾਲ ਨਾਲ ਗੁਰੂ ਕੇ ਕੀਰਤਨੀਏ,ਪਾਠੀ ਦੀਆਂ ਸੇਵਾਵਾਂ ਨਿਭਾਉਂਦੇ ਹਨ ਉੱਥੇ ੳੁਨ੍ਹਾਂ ਦਾ ਹਰੇਕ ਧਾਰਮਿਕ ਤੇ ਸਮਾਜਿਕ ਸੰਘਰਸ਼ ਵਿੱਚ ਵੀ ਬਹੁਤ ਯੋਗਦਾਨ ਹੈ । ਅਸੀਂ ਉਨ੍ਹਾਂ ਦੀਆਂ ਸੇਵਾਵਾਂ ਦੀ ਕੀਮਤ ਤਾਂ ਨਹੀਂ ਦੇ ਸਕਦੇ ਐਪਰ ਉਨ੍ਹਾਂ ਦੇ ਗੁਣਾਂ ਦੀ ਕਦਰ ਕਰਨੀ ਸਾਡਾ ਜ਼ਰੂਰੀ ਫਰਜ਼ ਹੈ । ਇਸ ਲਈ ਉਹਨਾਂ ਦੇ ਸਤਿਕਾਰ ਵਿੱਚ ਇਹ ਸਨਮਾਨ ਕਰਕੇ ਅਸੀਂ ਖੁਸ਼ੀ ਮਹਿਸੂਸ ਕਰਦੇ ਹਾਂ ਅਤੇ ਹੋਰ ਵੀ ਸੰਤਾਂ ਮਹਾਪੁਰਸ਼ਾਂ ਤੇ ਧਾਰਮਿਕ ਆਗੂ, ਸਮਾਜਿਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਐਸੇ ਗੁਣੀ ਲੋਕਾਂ ਦਾ ਵੱਧ ਤੋਂ ਵੱਧ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢਾਡੀ ਕਵੀਸ਼ਰ ਕਲਾ ਬਚਾਓ ਲਹਿਰ ਦੇ ਮੁਖੀ ਢਾਢੀ ਸਾਧੂ ਸਿੰਘ ਧੰਮੂ ਜੀ ਨੇ ਕਿਹਾ ਕਿ ਮੇਰੇ ਵਿੱਚ ਤਾਂ ਕੋਈ ਗੁਣ ਨਹੀਂ ਇਹ ਸਭ ਵਾਹਿਗੁਰੂ ਦੀ ਕਿਰਪਾ ਹੈ । ਐਪਰ ਕਦਰਦਾਨ ਲੋਕਾਂ ਦੀਆਂ ਨਜ਼ਰਾਂ ਪਾਰਖੂ ਹੁੰਦੀਆਂ ਹਨ । ਉਹਨਾਂ ਹੀ ਕਦਰਦਾਨਾਂ ਚੋ ਬਾਬਾ ਇੰਦਰਪਾਲ ਸਿੰਘ ਜੀ ਇੱਕ ਹਨ ਜਿਨ੍ਹਾਂ ਨੇ ਮੇਰੇ ਵਰਗੇ ਨਿਮਾਣੇ ਨੂੰ ਐਨਾ ਮਾਣ ਬਖਸ਼ਿਆ ਹੈ । ਢਾਡੀ ਸਾਧੂ ਸਿੰਘ ਨੇ ਕਿਹਾ ਭਾਵੇਂ ਵਾਹਿਗੁਰੂ ਦੀ ਕਿਰਪਾ ਸਦਕਾ ਪਹਿਲਾਂ ਵੀ ਬਹੁਤ ਮਾਣ ਸਨਮਾਨ ਮਿਲੇ ਹਨ। ਅੱਜ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਨਾਨਕਸਰ ਠਾਠ ਦੇਵੀ ਵਾਲਾ ਵਿਖੇ ਮਿਲਿਆ ਮਾਣ ਸਨਮਾਨ ਮੇਰੀ ਜ਼ਿੰਦਗੀ ਦੀ ਅਭੁੱਲ ਯਾਦ ਰਹੇਗਾ । ਏਸ ਮੌਕੇ ਪ੍ਰਸਿੱਧ ਮਿਊਜ਼ਿਕ ਡਾਇਰੈਕਟਰ ਗੋਬਿੰਦ ਸਮਾਲਸਰ, ਢਾਡੀ ਮਹਿੰਦਰ ਸਿੰਘ ਮਿਹਨਤੀ, ਅਸਥਾਨ ਦੇ ਗ੍ਰੰਥੀ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ।
ਸੁਖਚੈਨ ਸਿੰਘ,ਠੱਠੀ ਭਾਈ,
8437932924