ਨਵੀਂ ਦਿੱਲੀ (ਪੰਜ ਦਰਿਆ ਬਿਊਰੋ)
“ਕਰੋਨਾਵਾਇਰਸ ਦੇ ਭਿਆਨਕ ਪ੍ਰਕੋਪ ਦੌਰਾਨ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਹਸਪਤਾਲ ਮੁਲਜ਼ਮ ਦੀ ਮੌਤ ਹੋਣ ਦੀ ਸੂਰਤ ਵਿੱਚ ਦਿੱਲੀ ਸਰਕਾਰ ਅਜਿਹੇ ਸਿਹਤ ਯੋਧਿਆਂ ਦੇ ਵਾਰਸਾਂ ਨੂੰ ਇੱਕ ਕਰੋੜ ਰੁਪਏ ਦੇਵੇਗੀ।” ਇਹ ਐਲਾਨ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕੀਤਾ ਹੈ। ਮੁੱਖ ਮੰਤਰੀ ਨੇ ਡਿਜ਼ੀਟਲ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ, ਨਰਸਾਂ, ਪੈਰਾ ਮੈਡੀਕਲ ਸਟਾਫ਼ ਜਾਂ ਸੈਨੀਟੇਸ਼ਨ ਮੁਲਾਜ਼ਮਾਂ ਜਾਂ ਹੋਰ ਅਮਲਾ ਚਾਹੇ ਪੱਕਾ ਜਾਂ ਕੱਚਾ, ਸਰਕਾਰੀ ਜਾਂ ਨਿੱਜੀ ਖੇਤਰ ਦੇ ਮੁਲਾਜ਼ਮ ਦੀ ਮੌਤ ਹੋਣ ਦੀ ਸੂਰਤ ਵਿੱਚ ਉਸ ਦੇ ਵਾਰਸਾਂ ਨੂੰ ਉਸ ਦੀ ਸੇਵਾਵਾਂ ਬਦਲੇ 1 ਕਰੋੜ ਦਿੱਤੇ ਜਾਣਗੇ।
ਸ੍ਰੀ ਕੇਜਰੀਵਾਲ ਨੇ ਸਿਹਤ ਕਾਮਿਆਂ ਨਾਲ ਗੱਲ ਕਰਕੇ ਉਨ੍ਹਾਂ ਦੇ ਹੌਸਲੇ ਦੀ ਦਾਦ ਦਿੰਦੇ ਹੋਏ ਡਾਕਟਰਾਂ ਨਰਸਾਂ ਤੇ ਹੋਰ ਅਮਲੇ ਨਾਲ ਗੱਲ ਕੀਤੀ ਤੇ ਕਿਹਾ ਕਿ ਸਰਕਾਰ ਵੱਲੋਂ ਅਮਲੇ ਲਈ ਹਰ ਸਹੂਲਤ ਦਿੱਤੀ ਜਾ ਰਹੀ ਹੈ ਪਰ ਫਿਰ ਵੀ ਅਣਹੋਣੀ ਹੋਣ ਦੀ ਸੂਰਤ ਵਿੱਚ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਦਾ ਖ਼ਿਆਲ ਰੱਖੇਗੀ। ਉਨ੍ਹਾਂ ਦੱਸਿਆ ਕਿ ਜੋ ਡਾਕਟਰ ਡਿਊਟੀ ਦੌਰਾਨ ਘਰ ਨਹੀਂ ਜਾ ਸਕਦੇ ਉਨ੍ਹਾਂ ਨੂੰ ਸ਼ਹਿਰ ਦੇ ਹੋਟਲਾਂ ‘ਵਿੱਚ ਰਹਿਣ ਤੇ ਖਾਣੇ ਦਾ ਪ੍ਰਬੰਧ ਕੀਤਾ ਹੈ। ਇਸੇ ਦੌਰਾਨ ‘ਆਪ’ ਨੇ ਕਿਹਾ ਕਿ ਦਿੱਲੀ ਦੇ ਸਾਰੇ ਮੁਹੱਲਾ ਕਲੀਨਿਕਾਂ ਨੂੰ ਵਿਛਾਣੂ ਮੁਕਤ ਕੀਤਾ ਜਾ ਰਿਹਾ ਹੈ। ਸ੍ਰੀ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਦੇ ਸਵੈ-ਇਕਾਂਤਵਾਸ ਵਿੱਚ ਭੇਜੇ ਗਏ 25 ਹਜ਼ਾਰ ਲੋਕਾਂ ਦੀ ਮੋਬਾਈਲ ਨੰਬਰਾਂ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਪੁਲੀਸ ਨੂੰ ਇਹ ਫੋਨ ਨੰਬਰ ਦਿੱਤੇ ਹਨ। ਉਨ੍ਹਾਂ ਇਹ ਕਦਮ ਕੁਝ ਲੋਕਾਂ ਵੱਲੋਂ ਸਵੈ-ਇਕਾਂਤਵਾਸ ਦੇ ਨੇਮਾਂ ਦੀ ਪਾਲਣਾ ਨਾ ਕਰਨ ਕਰਕੇ ਲਿਆ ਤੇ ਹਰ ਸਮੇਂ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 25429 ਮੋਬਾਈਲ ਨੰਬਰ ਸਿੰਗਾਪੁਰ ਵਰਗੇ ਮੁਲਕਾਂ ਦੀ ਤਕਨੀਕ ਦੇ ਆਧਾਰਤ ਨਿਗਰਾਨੀ ਹੇਠ ਦਿੱਤੇ ਗਏ ਹਨ। ਮੰਗਲਵਾਰ ਨੂੰ 11084 ਤੇ ਬੁੱੱਧਵਾਰ ਨੂੰ 14345 ਹੋਰ ਨੰਬਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੁਲੀਸ ਇਨ੍ਹਾਂ ਨੰਬਰਾਂ ਤੋਂ ਪਤਾ ਲਾ ਸਕੇਗੀ ਕਿ ਸਬੰਧਤ ਲੋਕ ਇਕਾਂਤਵਾਸ ਦਾ ਅਮਲ ਅਪਣਾ ਰਹੇ ਹਨ ਕਿ ਨਹੀਂ। ਜ਼ਿਕਰਯੋਗ ਹੈ ਕਿ ਜੋ ਲੋਕ ਕਰੋਨਾ ਪੀੜਤਾਂ ਦੇ ਸੰਪਰਕ ਵਿੱਚ ਆਉਂਦੇ ਹਨ ਜਾਂ ਸ਼ੱਕੀ ਹੁੰਦੇ ਹਨ, ਉਨ੍ਹਾਂ ਨੂੰ 15 ਦਿਨ ਇਕਾਂਤਵਾਸ ਵਿੱਚ ਰੱਖਿਆ ਜਾਂਦਾ ਹੈ।