3.1 C
United Kingdom
Sunday, March 8, 2026

More

    ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਸ਼ਹਿਰੀ ਪ੍ਰਧਾਨ ਸਮੇਤ 5 ‘ਤੇ ਮਰਨ ਲਈ ਮਜਬੂਰ ਕਰਨ ਦਾ ਪਰਚਾ ਦਰਜ

    ਲੋਨ ਦਿਵਾਉਣ ਦੇ ਨਾਂਅ ਤੇ ਸਰਗਰਮ ਦਲਾਲੀ ਸਿਸਟਮ ਵੀ ਹੈ ਦੋਸ਼ੀ

    (ਵਿਕਰਮ ਸਿੰਘ ਧਨੌਲਾ, ਲਿਆਕਤ ਅਲੀ )

    ਮ੍ਰਿਤਕ ਕੇਵਲ ਸਿੰਘ ਦੀ ਫਾਈਲ ਫੋਟੋ

    ਧਨੌਲਾ ਦੇ ਇੱਕ ਅਕਾਲੀ ਦਲ ਬਾਦਲ ਦੇ ਸ਼ਹਿਰੀ ਪ੍ਰਧਾਨ ਰਹੇ ਆਗੂ ਸਮੇਤ ਪੰਜ ਵਿਅਕਤੀਆਂ ਖਿਲਾਫ਼ ਥਾਣਾ ਧੂਰੀ ਦੇ ਪਿੰਡ ਕੁੰਬੜਵਾਲ ਦੇ ਇੱਕ ਵਿਅਕਤੀ ਨੂੰ ਮਰਨ ਲਈ ਮਜਬੂਰ ਕਰਨ ਦਾ ਮੁਕੱਦਮਾ ਦਰਜ ਹੋਇਆ ਹੈ। ਥਾਣਾ ਧੂਰੀ ਸਦਰ ਦੇ ਐਸ.ਐਚ.ਓ ਡਾ: ਜਗਬੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ, ਕਿ ਮਨਜੀਤ ਕੌਰ ਪਤਨੀ ਕੇਵਲ ਸਿੰਘ ਵਾਸੀ ਪਿੰਡ ਕੁੰਭੜਵਾਲ ਨੇ ਥਾਣਾ ਸਦਰ ਧੂਰੀ ਵਿਖੇ ਪੁਲਸ ਨੂੰ ਇਤਲਾਹ ਦਿੱਤੀ ਸੀ ਕਿ ਮੇਰੇ ਸਹੁਰੇ ਤੇਜਾ ਸਿੰਘ ਨੇ 2011 ਵਿੱਚ ਪਿੰਡ ਕੱਟੂ ਵਿਖੇ 14 ਵਿਘੇ ਜਮੀਨ ਬੈਅ ਖਰੀਦੀ ਸੀ, ਜਿਸ ਵਿਚੋਂ ਉਸਨੇ 7 ਵਿਘੇ ਜਮੀਨ ਮੇਰੇ ਘਰਵਾਲੇ ਕੇਵਲ ਸਿੰਘ ਦੇ ਨਾਮ ਕਰ ਦਿੱਤੀ ਸੀ, ਜੋ 2 ਕੁ ਸਾਲ ਬਾਅਦ ਮੇਰੇ ਪਤੀ ਕੇਵਲ ਸਿੰਘ ਨੇ 38 ਲੱਖ ਰੂਪਏ ਵਿੱਚ ਵੇਚ ਦਿੱਤੀ, ਤਾਂ ਉਸ ਸਮੇਂ ਧਨੌਲਾ ਨਿਵਾਸੀ ਗੁਰਪ੍ਰੀਤ ਸਿੰਘ ਗੋਪੀ ਨਾਮ ਦੇ ਵਿਅਕਤੀ ਨੇ ਮੇਰੇ ਪਤੀ ਕੇਵਲ ਸਿੰਘ ਨੂੰ ਵਰਗਲਾ ਕੇ ਉਕਤ ਰਕਮ ਵਿਚੋਂ 20 ਲੱਖ ਰੁਪਏ ਦੀ ਪੰਜਾਬ ਨੈਸ਼ਨਲ ਬੈਂਕ ਧਨੌਲਾ ਵਿਖੇ ਐਫ.ਡੀ ਕਰਵਾ ਦਿੱਤੀ। ਇਸ ਉਪਰੰਤ ਕੁਝ ਸਮੇਂ ਬਾਅਦ ਸਾਡੀ ਲੜਕੀ ਸੀਮਾ ਕੌਰ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਤਾਂ ਇਲਾਜ ਲਈ ਮੇਰੇ ਪਤੀ ਨੇ ਐਫ.ਡੀ ਤੁੜਵਾ ਲਈ, ਪਰ ਗੁਰਪ੍ਰੀਤ ਸਿੰਘ ਗੋਪੀ ਨੇ ਮੇਰੇ ਪਤੀ ਨੂੰ ਵਿਸਵਾਸ ਵਿੱਚ ਲੈ ਕੇ ਸਾਨੂੰ ਸਿਰਫ ਡੇਢ ਲੱਖ ਰੁਪਏ ਦਿੱਤੇ ਅਤੇ ਬਾਕੀ ਪੈਸੇ ਖੁਦ ਹੜੱਪ ਲਏ। ਇਲਾਜ ਦੌਰਾਨ 2016 ਵਿੱਚ ਲੜਕੀ ਸੀਮਾ ਰਾਣੀ ਦੀ ਮੌਤ ਹੋ ਗਈ, ਪਰ ਗੁਰਪ੍ਰੀਤ ਸਿੰਘ ਗੋਪੀ ਨੇ ਸਾਡੇ ਪੈਸੇ ਮੋੜਨ ਦੀ ਥਾਂ ਮੇਰੇ ਪਤੀ ਨੂੰ ਸਸਤੀ ਜਮੀਨ ਦਾ ਲਾਲਚ ਦੇ ਕੇ 3 ਵਿਘੇ ਜਮੀਨ ਦਿਵਾ ਦਿੱਤੀ, ਪਰ ਉਕਤ ਜਮੀਨ ‘ਤੇ ਕਬਜਾ ਗੁਰਪ੍ਰੀਤ ਸਿੰਘ ਗੋਪੀ ਨੇ ਕਰ ਲਿਆ। ਗੁਰਪ੍ਰੀਤ ਸਿੰਘ ਗੋਪੀ ਨੇ ਇਸ ਜਮੀਨ ਦਾ ਸਾਨੂੰ ਠੇਕਾ ਤਾਂ ਕੀ ਦੇਣਾ ਸੀ, ਉਲਟਾ ਮੇਰੇ ਪਤੀ ਨੂੰ ਗੁੰਮਰਾਹ ਕਰਕੇ ਉਸੇ ਜਮੀਨ ‘ਤੇ 1 ਲੱਖ ਰੁਪਏ ਦਾ ਲੋਨ ਕਰਵਾ ਲਿਆ, ਜਿਸ ਵਿੱਚੋਂ ਸਾਨੂੰ ਸਿਰਫ 30 ਹਜਾਰ ਰੁਪਏ ਦਿੱਤਾ ਅਤੇ 70 ਹਜਾਰ ਰੁਪਏ ਗੋਪੀ ਖੁਦ ਹੜੱਪ ਗਿਆ। ਇਸ ਤੋਂ ਬਾਅਦ ਵੀਹ ਲੱਖ ਰੁਪਏ ਦੀ ਠੱਗੀ ਮਾਰਨ ਅਤੇ 3 ਵਿਘੇ ਜਮੀਨ ਦਾ ਕਬਜਾ ਲੈਣ ਲਈ ਅਸੀਂ ਕਰੀਬ 4-5 ਸਾਲ ਬਰਨਾਲਾ ਵਿਖੇ ਦਰਖਾਸ਼ਤ ਬਾਜੀ ਕਰਦੇ ਰਹੇ, ਪਰ ਗੋਪੀ ਦੇ ਸਿਆਸੀ ਅਸਰ ਰਸੂਖ ਸਦਕਾ ਸਾਡੀ ਕੋਈ ਸੁਣਵਾਈ ਨਹੀਂ ਹੋਈ। ਇਸ ਕਾਰਨ ਮੇਰਾ ਪਤੀ ਕੇਵਲ ਸਿੰਘ ਬਿਮਾਰ ਰਹਿਣ ਲੱਗ ਪਿਆ। ਹੁਣ ਲਾਕਡਾਊਨ ਦੌਰਾਨ ਜਦੋਂ ਮੈਂ ਤੇ ਮੇਰਾ ਪਤੀ ਗੁਰਪ੍ਰੀਤ ਸਿੰਘ ਗੋਪੀ ਦੇ ਘਰ ਪੈਸੇ ਮੰਗਣ ਗਏ ਤਾਂ ਉਸ ਨੇ ਸਾਨੂੰ ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ ਅਤੇ ਦਰਖਾਸਤ ਵਾਪਸ ਲੈਣ ਲਈ ਦਬਾਅ ਪਾਇਆ ਤਾਂ ਮੇਰਾ ਪਤੀ ਬਹੁਤ ਟੈਨਸ਼ਨ ‘ਚ ਆ ਗਿਆ ਅਤੇ 24 ਮਈ ਨੂੰ ਸਵੇਰੇ 3 ਵਜੇ ਉਸਦਾ ਸਰੀਰ ਸੁੰਨ ਹੋ ਗਿਆ, ਜਦੋਂ ਅਸੀਂ ਉਸਨੂੰ ਸਿਵਲ ਹਸਪਤਾਲ ਬਰਨਾਲਾ ਲੈ ਕੇ ਗਏ ਤਾਂ ਉਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਤਰਾਂ ਮੇਰੇ ਪਤੀ ਦੀ ਮੌਤ ਦਾ ਕਾਰਨ ਗੁਰਪ੍ਰੀਤ ਸਿੰਘ ਅਤੇ ਇਸਦੇ ਨਾਲ ਰਹਿੰਦੇ ਤਿੰਨ-ਚਾਰ ਹੋਰ ਨਾਮਲੂਮ ਵਿਅਕਤੀ ਹੈ, ਜਿਹਨਾਂ ਨੇ ਮਿਲ ਕੇ ਮੇਰੇ ਪਤੀ ਨਾਲ ਠੱਗੀ ਮਾਰੀ ਹੈ। ਜਦੋਂ ਮ੍ਰਿਤਕ ਦੇ ਭਰਾ ਚਾਨਣ ਸਿੰਘ ਨੂੰ ਪੁੱਛਿਆ ਗਿਆ ਕਿ ਕੁੰਭੜਵਾਲ ਦਾ ਰਹਿਣ ਵਾਲਾ ਕੇਵਲ ਸਿੰਘ ਧਨੌਲੇ ਦੇ ਗੋਪੀ ਦੇ ਸੰਪਰਕ ਵਿੱਚ ਕਿਵੇਂ ਆਇਆ ਤਾਂ ਉਸ ਨੇ ਦੱਸਿਆ ਕਿ ਬੈੰਕਾਂ ਦੇ ਵਿੱਚੋੰ ਲੋਨ ਕਰਵਾਉਣ ਦੇ ਨਾਂਅ ਤੇ ਸਰਗਰਮ ਮਾਫੀਆ ਮੇਰੇ ਭਰਾ ਨੂੰ ਖਾ ਗਿਆ। ਉਸ ਨੇ ਦੱਸਿਆ ਕਿ ਮ੍ਰਿਤਕ ਵਲੋਂ ਕਾਫੀ ਸਮਾਂ ਪਹਿਲਾਂ ਆਪਣਾ ਕੰਮ ਸ਼ੁਰੂ ਕਰਨ ਲਈ ਵੱਖ ਵੱਖ ਬੈਂਕਾਂ ਵਿੱਚ ਲੋਨ ਅਪਲਾਈ ਕੀਤਾ ਗਿਆ ਸੀ ਪਰ ਕਿਸੇ ਵੀ ਬੈਂਕ ਨੇ ਲੋਨ ਪਾਸ ਨਹੀਂ ਕੀਤਾ। ਇਸੇ ਤਹਿਤ ਗੁਰਪ੍ਰੀਤ ਸਿੰਘ ਗੋਪੀ ਵਾਸੀ ਧਨੌਲਾ ਉਨ੍ਹਾਂ ਦੇ ਸੰਪਰਕ ਵਿਚ ਆਇਆ ਜਿਸ ਨੇ ਕਮਿਸ਼ਨ ਲੈ ਕੇ ਲੋਨ ਕਰਵਾਉਣ ਦੀ ਗੱਲ ਆਖੀ ਲੋਨ ਤਾਂ ਹੋ ਗਿਆ ਗੁਰਪ੍ਰੀਤ ਸਿੰਘ ਉਸ ਵਿੱਚੋਂ ਕਮਿਸ਼ਨ ਦੇ ਨਾਂਅ ਤੇ ਕਾਫੀ ਪੈਸਾ ਵੀ ਖਾ ਵੀ ਗਿਆ, ਉਸ ਤੋਂ ਬਾਅਦ ਗੋਪੀ ਨੇ ਮੇਰੇ ਭਰਾ ਦਾ ਖਹਿੜਾ ਨਹੀਂ ਛੱਡਿਆ ਅਤੇ ਉਸ ਅਨਪੜ ਹੋਣ ਦਾ ਪੂਰਾ ਫਾਇਦਾ ਚੁੱਕਿਆ। ਥਾਣਾ ਸਦਰ ਧੂਰੀ ਦੀ ਪੁਲਸ ਨੇ ਮਨਜੀਤ ਕੌਰ ਦੇ ਇਹਨਾਂ ਬਿਆਨਾਂ ਦੇ ਅਧਾਰ ‘ਤੇ ਐਫ.ਆਈ ਨੰਬਰ 195 ਮਿਤੀ 24 ਮਈ 2020 ਧਾਰਾ 306, 418, 506 ਆਈ.ਪੀ.ਸੀ ਤਹਿਤ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਕਸ਼ਮੀਰ ਸਿੰਘ ਵਾਸੀ ਧਨੌਲਾ ਸਮੇਤ ਤਿੰਨ-ਚਾਰ ਅਣਪਛਾਤੇ ਲੋਕਾਂ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!