ਸਿੱਕੀ ਝੱਜੀ ਪਿੰਡ ਵਾਲਾ (ਇਟਲੀ)
ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਦੂਰ ਰਹਿ ਕੇ ਵੀ ਆਪਣੇ ਤੋਂ ਕਦੇ ਦੂਰ ਨਾ ਹੋਣ ਦੇਣਾ ਇਹ ਪੰਜਾਬ ਅਤੇ ਪੰਜਾਬੀਅਤ ਨਾਲ ਮੋਹ ਦੀਆਂ ਹੀ ਤੰਦਾਂ ਨੇ। ਪਿਛਲੇ ਡੇਢ ਕੁ ਦਹਾਕੇ ਤੋਂ ਅਮਰੀਕਾ ਰਹਿ ਰਹੇ ਆਪਣੇ ਦਿਲ ਚ ਪੰਜਾਬ ਪ੍ਰਤੀ ਪਿਆਰ ਸਮੋਈ ਬੈਠੇ ਗੀਤਕਾਰ ਗੁਰਨੇਕ ਸਿੰਘ ਝਾਂਵਰ ਦਾ ਜਨਮ ਪੰਜਾਬ ਦੇ ਜਿਲ੍ਹੇ ਹੁਸ਼ਿਆਰਪੁਰ ਦੇ ਪਿੰਡ ਝਾਂਵਾ ਵਿਖੇ ਹੋਇਆ। ਮਿੱਠ ਬੋਲੜੇ ਸੁਭਾਅ ਦੇ ਮਾਲਿਕ ਗੁਰਨੇਕ ਝਾਂਵਰ ਨੂੰ ਪੜਾਈ ਦੇ ਨਾਲ ਲਿਖਣ ਦਾ ਵੀ ਸ਼ੌੰਕ ਪੈ ਗਿਆ। ਆਪਣੇ ਇਲਾਕੇ ਦੀਆਂ ਵਿਸ਼ਵ ਪ੍ਰਸਿੱਧ ਕਲਮਾਂ ਗੀਤਕਾਰ ਸੁਖਜੀਤ ਝਾਂਸਾਂ ਵਾਲਾ, ਅਤੇ ਗੀਤਕਾਰ ਹਰਵਿੰਦਰ ਉਹੜਪੁਰੀ ਦੇ ਤੋਂ ਪ੍ਰਭਾਵਿਤ ਹੋ ਕੇ ਲਿਖਣ ਚ ਰੁਚੀ ਹੋਰ ਵਧਦੀ ਗਈ ਤੇ ਇਹਨਾਂ ਗੀਤਕਾਰਾਂ ਤੋਂ ਬਹੁਤ ਕੁਝ ਸਿੱਖਣ ਦਾ ਵੀ ਮੌਕਾ ਮਿਲਿਆ ਹੈ।

ਇੰਗਲੈਂਡ ਦੀ ਧਰਤੀ ਤੇ ਵਸਦੇ ਗਾਇਕ ਮੰਗਲ ਸਿੰਘ ਅਤੇ ਪੰਜਾਬ ਦੀ ਕੋਇਲ ਕਹੀ ਜਾਣ ਵਾਲੀ ਮਨਪ੍ਰੀਤ ਅਖਤਰ ਜਿਹੀਆਂ ਅਵਾਜਾਂ ਚ ਗੁਰਨੇਕ ਦੇ ਗੀਤ ਰਿਕਾਰਡ ਹੋਏ। ਕਰੋਨਾ ਵਾਇਰਸ ਨਾਲ ਵਿਸ਼ਵ ਭਰ ਨੂੰ ਹੋਏ ਨੁਕਸਾਨ ਅਤੇ ਨਿੱਤ ਦਿਨ ਹਰ ਮੁਲਕ ਵਿੱਚ ਅਣਗਿਣਤ ਮੌਤਾਂ ਹੁੰਦੀਆਂ ਵੇਖ ਗੁਰਨੇਕ ਦੀ ਕਲਮ ਨੇ ਸੁਨੇਹ ਭਰਪੂਰ ਸੰਦੇਸ਼ ਦੇਣਾ ਚਾਹਿਆ।

“ਇਹ ਜੰਗ ਜਿੱਤਣੀ” ਦੇ ਟਾਈਟਲ ਹੇਠ ਗੁਰਨੇਕ ਝਾਂਵਰ ਦੇ ਲਿਖੇ ਇਸ ਗੀਤ ਨੂੰ ਕੇ ਇੰਟਰਟੇਨਮੈਂਟ ਨੇ ਪ੍ਰਸਿੱਧ ਗਾਇਕ ਗੁਰਮੀਤ ਮੀਤ ਜਿਸ ਨੂੰ ਅੱਜ ਦੇ ਸਮੇਂ ਦਾ ਮਾਣਕ ਵੀ ਕਿਹਾ ਜਾਂਦਾ ਹੈ ਨੇ ਗਾਇਆ ਹੈ। ਤਾਰੀ ਦਾ ਬੀਟ ਬ੍ਰੇਕਰ ਵਲੋਂ ਇਸ ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹੈ। ਜੀਰੋ ਨਾਈਨ ਸਟੂਡੀਓ ਵਲੋਂ ਤਿਆਰ ਕੀਤੇ ਗਏ ਇਸ ਗੀਤ ਨੂੰ ਗੁਰਮੀਤ ਮੀਤ ਦੀ ਅਵਾਜ ਅਤੇ ਗੁਰਨੇਕ ਝਾਂਵਰ ਦੀ ਕਲਮ ਨੂੰ ਉਹਨਾਂ ਦੇ ਚਹੇਤਿਆਂ ਵਲੋਂ ਇਸ ਗੀਤ ਨੂੰ ਬੇਹੱਦ ਪਸੰਦ ਕੀਤਾ ਹੈ।