ਕੰਮਾਂ ਲਈ ਵਾਪਿਸੀ: ਦਿੱਲੀ ਅਜੇ ਦੂਰ
ਔਕਲੈਂਡ 25 ਮਈ (ਹਰਜਿੰਦਰ ਸਿੰਘ ਬਸਿਆਲਾ)
ਨਿਊਜ਼ੀਲੈਂਡ ਦੇ ਵਿਚ ਰੋਜ਼ੀ-ਰੋਟੀ ਲਈ ਆਏ ਹੋਏ ਕਾਮਿਆਂ ਨੂੰ ਜਿੱਥੇ ਮੌਜੂਦਾ ਨੌਕਰੀਆਂ ਬਚਾਉਣੀਆਂ ਔਖੀਆਂ ਹੋਈਆਂ ਪਈਆਂ ਹਨ ਉਥੇ ਵਰਕ ਪਰਮਿਟ ਰੱਖਣ ਵਾਲੇ ਵਿਦੇਸ਼ ਗਏ ਲੋਕ ਵਾਪਿਸ ਪਰਤਣ ਲਈ ਹਰੀ ਝੰਡੀ ਦੀ ਉਡੀਕ ਵਿਚ ਹਨ। ਪਰ ਅੱਜ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਅੱਜ ਇਕ ਭਾਰਤੀ ਰੇਡੀਓ ਨੂੰ ਇੰਟਰਵਿਊ ਦਿੰਦਿਆ ਦੱਸਿਆ ਕਿ ਵਰਕ ਪਰਮਿਟ ਵਾਲੇ ਜੋ ਲੋਕ ਦੇਸ਼ ਤੋਂ ਬਾਹਰ ਕਰੋਨਾ ਲਾਕ ਡਾਊਨ ਕਰਕੇ ਫਸੇ ਹੋਏ ਹਨ ਉਹ ਐਨੀ ਛੇਤੀਂ ਵਾਪਿਸ ਨਹੀਂ ਬੁਲਾਏ ਜਾ ਸਕਦੇ। ਉਨ੍ਹਾਂ ਸਪਸ਼ਟ ਕਿਹਾ ਹੈ ਕਿ ‘ਨੋ ਕੁਇਕ ਰਿਟਰਨ ਟੂ ਨਿਊਜ਼ੀਲੈਂਡ’ ਸੋ ਵਰਕ ਪਰਮਿਟ ਵਾਲਿਆਂ ਨੂੰ ਨੇੜ ਭਵਿੱਖ ਦੇ ਵਿਚ ਵਾਪਿਸ ਪਰਤਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਨ੍ਹਾਂ ਸਾਰੇ ਵੀਜ਼ਾ ਧਾਰਕਾਂ ਦੀ ਵਾਪਸੀ ਲਈ ਸਥਾਨਕ ਨੌਕਰੀਆਂ ਦੀ ਦਸ਼ਾ, ਖਲਾਅ ਅਤੇ ਲੋੜਾਂ ਆਦਿ ਨੂੰ ਪੈਮਾਨਾ ਬਣਾਇਆ ਜਾਵੇਗਾ।
ਮੰਤਰੀ ਸਾਹਿਬ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਿ ਵਰਕ ਵੀਜ਼ਾ ਧਾਰਕ ਵਾਪਿਸ ਬੁਲਾਏ ਜਾਣ ਦੇਸ਼ ਨੂੰ ਆਪਣੀਆਂ ਸੀਮਾਂਵਾਂ ਖੋਲ੍ਹਣ ਵਾਸਤੇ ਬਹੁਤ ਕੁਝ ਕਰਨ ਦੀ ਲੋੜ ਹੈ। ਜਿਨ੍ਹਾਂ ਵਰਕ ਪਰਮਿਟ ਵਾਲਿਆਂ ਦਾ ਵੀਜ਼ਾ ਦੇਸ਼ ਤੋਂ ਬਾਹਰ ਖਤਮ ਹੋ ਜਾਵੇਗਾ ਉਨ੍ਹਾਂ ਨੂੰ ਦੁਬਾਰਾ ਅਪਲਾਈ ਕਰਨ ਦਾ ਹੱਕ ਦਿੱਤਾ ਜਾਵੇਗਾ ਪਰ ਇਹ ਵੇਖਣਾ ਹੋਵੇਗਾ ਕਿ ਨਿਊਜ਼ੀਲੈਂਡ ਦੇ ਵਿਚ ਉਨ੍ਹਾਂ ਦੀ ਉਸ ਕੰਮ ਲਈ ਲੋੜ ਹੈ ਕਿ ਨਹੀਂ। ਉਨ੍ਹਾਂ ਦਾ ਸਿੱਧਾ ਇਸ਼ਾਰਾ ਸੀ ਕਿ ਜੇਕਰ ਲੇਬਰ ਮਾਰਕੀਟ ਦੇ ਵਿਚ ਹੋਰ ਕਾਮਿਆਂ ਦੇ ਭਰਨ ਦੀ ਥਾਂ ਹੋਵੇਗੀ ਤਾਂ ਹੀ ਉਹ ਵੀਜ਼ਾ ਦੇ ਸਕਣਗੇ। ਉਨ੍ਹਾਂ ਕਿਹਾ ਕਿ ਬਾਰਡਰ ਕਲੋਜ਼ਰਜ ਕਾਨੂੰਨ ਲਾਗੂ ਹੋਣ ਕਰਕੇ ਉਹ ਇਹ ਵੀ ਸਹਾਇਤਾ ਨਹੀਂ ਕਰ ਸਕਦੇ ਕਿ ਵਿਦੇਸ਼ੀ ਫਸੇ ਅਸਥਾਈ ਵੀਜ਼ਾ ਧਾਰਕ ਵਾਪਿਸ ਆ ਜਾਣ ਅਤੇ ਆਪਣੇ ਕੱਪੜਾ ਲੱਤਾ ਵਾਪਿਸ ਲੈ ਜਾਣ। ਕਾਰਨ ਇਹ ਹੈ ਕਿ ਬਾਰਡਰ ਬੰਦ ਕਰਨ ਕਰਕੇ ਹੀ ਦੇਸ਼ ਨੇ ਕਰੋਨਾ ਉਤੇ ਕਾਬੂ ਪਾਇਆ ਹੈ। ਦੇਸ਼ ਦੇ ਵਿਚ ਜੋ ਲੋਕ ਬਾਹਰੋਂ ਆਉਣਗੇ ਉਨ੍ਹਾਂ ਨੂੰ 14 ਦਿਨ ਏਕਾਂਤਵਾਸ ਰੱਖਿਆ ਜਾਣਾ ਹੈ ਅਤੇ ਇਸ ਵੇਲੇ ਸਰਕਾਰ ਦੀ ਸਮਰੱਥਾ ਇਕ ਦਿਨ ਵਿਚ 250 ਲੋਕਾਂ ਨੂੰ ਸਾਂਭਣ ਦੀ ਹੈ। ਸੋ ਨਿਊਜ਼ੀਲੈਂਡ ਦਾ ਵਰਕ ਵੀਜ਼ਾ ਰੱਖਣ ਵਾਲੇ ਬਾਹਰਲੇ ਮੁਲਕਾਂ ਦੇ ਲੋਕਾਂ ਉਤੇ ‘ਦਿੱਲੀ ਅਜੇ ਦੂਰ’ ਵਾਲਾ ਮੁਹਾਵਰਾ ਢੁੱਕਦਾ ਜਾਪਦਾ ਹੈ।
ਸਮੱਸਿਆ ਵੱਡੀ: ਵਰਕ ਪਰਮਿਟ ਵਾਲੇ ਜੋੜਿਆਂ ਦੇ ਵਿਚ ਕਈਆਂ ਦਾ ਇਕ ਜੀਅ ਆਪਣੇ ਮੁਲਕ ਗਿਆ ਹੋਇਆ ਹੈ ਅਤੇ ਹੁਣ ਵਾਪਿਸ ਨਹੀਂ ਆ ਸਕਦਾ। ਕਈਆਂ ਦੇ ਬੱਚੇ ਇਥੇ ਰਹਿ ਗਏ ਹਨ ਅਤੇ ਕਈਆਂ ਦੇ ਨਾਲ ਗਏ ਹੋਏ ਹਨ। ਸੋ ਮਸਲਾ ਕਾਫੀ ਗੁੰਝਲਦਾਰ ਹੈ।