ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

ਇੱਥੇ ਕੋਟਬ੍ਰਿਜ ਦੇ ਕਾਰਨਬਰੋ ਕੇਅਰ ਹੋਮ ਦੇ ਵਰਕਰਾਂ ਦੁਆਰਾ ਕਾਰ ਪਾਰਕ ਵਿੱਚ ਡਾਂਸ ਕਰਕੇ ਸਮਾਜਕ ਦੂਰੀ ਦੇ ਨਿਯਮਾਂ ਨੂੰ ਤੋੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਸਭ ਇੱਕ ਫੁਟੇਜ ਵਿੱਚ ਨਜ਼ਰ ਆਇਆ ਹੈ ਕਿ ਕਿਸ ਤਰ੍ਹਾਂ ਉਹ ਕਿਸੇ ਪੀਪੀਈ ਉਪਕਰਣ ਤੋਂ ਬਿਨਾਂ ਇਕੱਠੇ ਹੋ ਕੇ ਡਾਂਸ ਕਰਦੇ ਹਨ। ਸਟਾਫ ਨੇ ਦੋ ਮੀਟਰ ਦੀ ਸਮਾਜਕ ਦੂਰੀ ਦੇ ਨਿਯਮ ਦੀ ਉਲੰਘਣਾ ਕੀਤੀ ਹੈ। ਜਿਕਰਯੋਗ ਹੈ ਕਿ ਸਟਾਫ ਦੁਆਰਾ ਡੀਜੇ ਐਂਡੀ ਕਮਿੰਗ ਨੂੰ ਇੱਥੇ ਕੇਅਰ ਹੋਮ ਨਿਵਾਸੀਆਂ ਦਾ ਮਨੋਰੰਜਨ ਕਰਨ ਲਈ ਲਿਆਂਦਾ ਗਿਆ ਸੀ।

ਛੂਤ ਦੀਆਂ ਬਿਮਾਰੀਆਂ ਦੇ ਮਾਹਰ ਪ੍ਰੋਫੈਸਰ ਹਿਗ ਪੈਨਿੰਗਟਨ ਨੇ ਇਸ ਘਟਨਾ ਦੀ ਆਲੋਚਨਾ ਕੀਤੀ ਹੈ ਕਿਉਂਕਿ ਸਟਾਫ ਦੀ ਨੇੜਤਾ ਨੇ ਵਿਅਕਤੀਆਂ ਦਰਮਿਆਨ ਸਮਾਜਕ ਦੂਰੀ ਦੇ ਨਿਯਮਾਂ ਨੂੰ ਖੂਬਸੂਰਤ ਢੰਗ ਨਾਲ ਉਡਾਇਆ ਹੈ ਅਤੇ ਗਾਉਣ ਨਾਲ ਵਾਇਰਸ ਦੇ ਸੰਕਰਮਣ ਦੀ ਸੰਭਾਵਨਾ ਨੂੰ ਵੀ ਵਧਾਇਆ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਕਾਟਲੈਂਡ ਦੀ ਚੀਫ ਮੈਡੀਕਲ ਅਫਸਰ ਕਾਲਡਰਵੁੱਡ ਨੇ ਲਾਕਡਾਊਨ ਉਲੰਘਣਾ ਕਰਨ ਕਰਕੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।