ਸਰਬਜੀਤ ਸਿੰਘ ਜਿਉਣ ਵਾਲਾ

ਪੰਜਾਬੀ ਸਮਾਜ ਵਿੱਚ ਚੁਣੌਤੀਆਂ ਦੇ ਬਾਵਜੂਦ ਦਿਖਾਵੇ ਦਾ ਸੱਭਿਆਚਾਰ ਪ੍ਰਫੁੱਲਤ ਹੋ ਰਿਹਾ ਹੈ । ਦਿਖਾਵੇ ਦੀ ਪ੍ਰਵਿਰਤੀ ਕਾਰਨ ਮਨੁੱਖ ਅਸਲੀਅਤ ਤੋਂ ਕੋਹਾਂ ਦੂਰ ਜਾ ਰਿਹਾ ਹੈ ਤੇ ਦਿਖਾਵੇ ਭਰਪੂਰ ਜ਼ਿੰਦਗੀ ਦਾ ਅਡੰਬਰ ਰਚ ਰਿਹਾ ਹੈ । ਮਨੁੱਖ ਦੇ ਵਿਅਕਤਿਤਵ ਵਿੱਚ ਬਣਾਵਟੀ ਲੱਛਣਾਂ ਦਾ ਘਰ ਕਰ ਜਾਣਾ ਇਸਨੂੰ ਅਸਲੋਂ ਕੋਝਾ ਬਣਾ ਦਿੰਦਾ ਹੈ । ਦਿਖਾਵਾ ਇਨਸਾਨ ਵਿੱਚ ਇਸ ਤਰ੍ਹਾਂ ਭਾਸਦਾ ਹੈ ਜਿਵੇਂ ਫ਼ਸਲ ਵਿੱਚ ਨਦੀਨ ਹੋਣ । ਜ਼ਿੰਦਗੀ ਵਿੱਚੋਂ ਵਾਸਤਵਿਕਤਾ ਦਾ ਅਲੋਪ ਹੋ ਜਾਣਾ ਤੇ ਅਰਥਹੀਨ ਜ਼ਿੰਦਗੀ ਬਤੀਤ ਕਰੀਂ ਜਾਣਾ ਇੱਕ ਤਰ੍ਹਾਂ ਦੀ ਅਗਿਆਨਤਾ ਹੈ । ਜੇਕਰ ਮਨੁੱਖ ਦੇ ਚਿੱਟੇ ਕੱਪੜਿਆਂ ਨੂੰ ਦਾਗ ਜਾਂ ਮੈਲ ਲੱਗ ਜਾਵੇ ਤਾਂ ਕੱਪੜੇ ਘੱਟ ਦਿੱਖਦੇ ਹਨ ਤੇ ਮੈਲ ਜਾਂ ਦਾਗ ਜਿਆਦਾ ਪ੍ਰਤੀਤ ਹੁੰਦਾ ਹੈ । ਇਹੀ ਬੀਤੇ ਜਾਂ ਅੱਜ ਦੇ ਮਨੁੱਖ ਦੀ ਕਹਾਣੀ ਹੈ । ਦਿਖਾਵੇ ਨੇ ਜ਼ਿੰਦਗੀ ਦੇ ਹਰ ਸੋਭੇ ਵਿੱਚ ਆਪਣੀਆਂ ਜੜ੍ਹਾਂ ਇੰਨੀਆਂ ਪਸਾਰ ਲਈਆਂ ਹਨ ਕਿ ਸਭ ਕੁੱਝ ਰਲਗੱਡ ਹੋ ਗਿਆ ਪ੍ਰਤੀਤ ਹੁੰਦਾ ਹੈ । ਹੁਣ ਸਭ ਕੁੱਝ ਰਸਮੀ ਤੇ ਫਾਰਮੈਲਿਟੀ ਜਾਪਦਾ ਹੈ । ਦਿਖਾਵੇ ਕਾਰਨ ਅਨੇਕਾਂ ਸਮੱਸਿਆਵਾਂ ਨੇ ਵਿਕਰਾਲ ਰੂਪ ਧਾਰਨ ਕਰ ਲਿਆ ਹੈ । ਹਰ ਇੱਕ ਦੇਸ਼ ਆਪਣੀ ਸ਼ਕਤੀ ਦਾ ਦਿਖਾਵਾ ਕਰਕੇ ਆਮ ਜਨਤਾ ਤੇ ਆਰਥਿਕ ਬੋਝ ਪਾ ਰਿਹਾ ਹੈ । ਲੋਕ ਦਿਖਾਵੇ ਵਜੋਂ ਆਪਣੇ ਖਾਣ-ਪੀਣ , ਪਹਿਨਣ , ਰਹਿਣ-ਸਹਿਣ ਦਾ ਪ੍ਰਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦੇ । ਪੰਜਾਬੀ ਸਮਾਜ ਵਿੱਚ ਖ਼ੁਸ਼ੀ ਜਾਂ ਗ਼ਮੀ ਦੇ ਪ੍ਰੋਗਰਾਮਾਂ ਤੇ ਜਿੰਨਾਂ ਦਿਖਾਵਾ ਕੀਤਾ ਜਾਂਦਾ ਹੈ , ਸ਼ਾਇਦ ਐਨਾ ਕਿਤੇ ਵੀ ਨਹੀਂ ਕੀਤਾ ਜਾਂਦਾ । ਲੋਕ ਆਪਣੀ ਵਾਹ-ਵਾਹ ਕਰਵਾਉਣ ਲਈ ਅੱਡੀਆਂ ਚੁੱਕ ਕੇ ਫਾਹਾ ਲੈਂਦੇ ਹਨ । ਵਿਆਹ ਸ਼ਾਦੀਆਂ ਤੇ ਹੋਰ ਪ੍ਰੋਗਰਾਮਾਂ ਤੇ ਕੀਤੀ ਫਜ਼ੂਲ ਖ਼ਰਚੀ ਨੇ ਲੋਕਾਂ ਕੰਗਾਲ ਕਰ ਦਿੱਤਾ ਹੈ । ਧੜਾਧੜ੍ਹ ਕਰਜੇ ਲਏ ਜਾ ਰਹੇ ਹਨ ਤੇ ਪਿਓ ਦਾਦੇ ਦੀਆਂ ਜੱਦੀ ਜ਼ਮੀਨਾਂ ਵੇਚੀਆਂ ਜਾ ਰਹੀਆਂ ਹਨ । ਵੱਡੇ-ਵੱਡੇ ਮਹਿਲ ਉਸਾਰ ਕੇ ਝੁੱਗੇ ਚੌੜ ਕਰਵਾਏ ਜਾ ਰਹੇ ਹਨ ਤੇ ਕਰਜੇ ਨਾ ਮੋੜ੍ਹਨ ਦੀ ਸੂਰਤ ਵਿੱਚ ਫਾਹੇ ਲਏ ਜਾ ਰਹੇ ਹਨ ਤੇ ਖੁਦਕੁਸ਼ੀਆਂ ਕੀਤੀਆਂ ਜਾ ਰਹੀਆਂ ਹਨ ਤੇ ਆਪਣਾ ਦੋਸ਼ ਦੂਜਿਆਂ ਸਿਰ ਮੜ੍ਹ ਕੇ ਛੁਟਕਾਰਾ ਕੀਤਾ ਜਾ ਰਿਹਾ ਹੈ ।
ਧਰਮ ਵਿੱਚ ਦਿਖਾਵਿਆਂ ਦੀ ਭਰਮਾਰ ਨੇ ਪਾਖੰਡ , ਛਲ ,ਕਪਟ ਨੂੰ ਜਨਮ ਦਿੱਤਾ ਹੈ । ਧਰਮ ਪੈਸਾ ਇਕੱਠਾ ਕਰਨ ਤੇ ਦੁਕਾਨਦਾਰੀ ਚਲਾਉਣ ਦਾ ਧੰਧਾ ਬਣ ਕੇ ਰਹਿ ਗਿਆ ਹੈ । ਧਰਮ ਵਿੱਚ ਦਿਖਾਵੇ ਸੰਬੰਧੀ ਗੁਰਬਾਣੀ ਇਉਂ ਬਿਆਨ ਕਰਦੀ ਹੈ –
ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ।।
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ।।
ਝੂਠਾ ਡੰਫੁ ਝੂਠ ਪਾਸਾਰੀ ।।
ਫਜ਼ੂਲ ਦੀ ਦਿਖਾਵੇਬਾਜ਼ੀ ਕਾਰਨ ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ ਵਾਲੀ ਵਿਚਾਰਧਾਰਾ ਸਾਡੀ ਜ਼ਿੰਦਗੀ ਵਿੱਚੋਂ ਮਨਫੀ ਹੋ ਗਈ ਹੈ । ਦਿਖਾਵੇ ਕਾਰਨ ਨੈਤਿਕ ਕਦਰਾਂ-ਕੀਮਤਾਂ ਗਿਰਾਵਟ ਵੱਲ ਨੂੰ ਜਾ ਰਹੀਆਂ ਹਨ । ਲੋਕਾਂ ਨੇ ਆਪਣੇ ਰਸਮੋ ਰਿਵਾਜਾਂ ਤੇ ਨਿੱਜੀ ਜ਼ਿੰਦਗੀ ਵਿੱਚ ਐਨਾ ਦਿਖਾਵਾ ਲੈ ਆਂਦਾ ਹੈ ਕਿ ਸਭ ਕੁਝ ਲਿਫ਼ਾਫ਼ੇਬਾਜੀ ਨਜ਼ਰ ਆਉਂਦਾ ਹੈ । ਹਰ ਇੱਕ ਚੀਜ਼ ਦੀ ਸ਼ੁੱਧਤਾ ਖਤਮ ਹੋ ਰਹੀ ਹੈ । ਬਣਾਉਟੀ ਜੀਵਨ ਕਰਕੇ ਲੋਕ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਤੇ ਪਰਿਵਾਰਿਕ ਝਗੜੇ ਤੇ ਦੂਸ਼ਣਬਾਜ਼ੀ ਲੋਕ ਮਨਾਂ ਵਿੱਚ ਘਰ ਕਰ ਰਹੀ ਹੈ। ਸੁੱਖ-ਸ਼ਾਂਤੀ , ਸਬਰ ਤੇ ਖ਼ੁਸ਼ਹਾਲੀ ਅਲੋਪ ਹੋ ਰਹੀ ਹੈ । ਬਸ ਇਕੱਲਾ ਦਿਖਾਵਾ ਹੀ ਪੱਲੇ ਰਹਿ ਗਿਆ ਹੈ ।
ਪੁਰਾਣੇ ਜ਼ਮਾਨੇ ਦੇ ਸਿੱਧੇ-ਸਾਦੇ ਤੇ ਸਧਾਰਨ ਲੋਕ ਸੱਚ ਅਧਾਰਿਤ ਜ਼ਿੰਦਗੀ ਜਿਉਣ ਵਾਲੇ ਸਨ । ਸਾਦਾ ਰਹਿਣੀ-ਸਹਿਣੀ ਤੇ ਉੱਚੇ ਵਿਚਾਰ ਉਹਨਾਂ ਦੀ ਜ਼ਿੰਦਗੀ ਦਾ ਸਰਮਾਇਆ ਸੀ । ਸਾਦਾ ਖਾਣ-ਪੀਣ ਵਾਲੇ ਉਹ ਲੋਕ ਬਿਮਾਰੀਆਂ ਤੇ ਚਿੰਤਾਵਾਂ ਤੋਂ ਮੁਕਤ ਸਨ ਅਤੇ ਕੰਮ ਵਿੱਚ ਉਹਨਾਂ ਦੀ ਰੁਚੀ ਸੀ ।
ਕੋਈ ਈਰਖਾ ਸਾੜਾ ਉਹਨਾਂ ਨੂੰ ਕਿਸੇ ਨਾਲ ਨਹੀਂ ਸੀ । ਪਰ ਅੱਜ ਹਾਲਾਤ ਉਸਤੋਂ ਬਿਲਕੁੱਲ ਉੱਲਟ ਹਨ । ਲੋਕ ਫ਼ਜ਼ੂਲ ਦੀ ਈਰਖਾਬਾਜ਼ੀ ਤੇ ਚਿੰਤਾਵਾਂ ਨਾਲ ਲਬਰੇਜ਼ ਹਨ । ਜ਼ਿੰਦਗੀ ਕਾਹਦੀ ਜ਼ਿਉਂਦੇ ਹਨ , ਬਸ ਰੋਂਦਾ ਨਿਆਣਾ ਵਰਾਉਣ ਵਾਲੀ ਗੱਲ ਹੈ । ਪਹਿਲਾਂ ਦਿਖਾਵਾ ਵੱਧ ਕਰ ਲੈਂਦੇ ਹਨ ਤੇ ਮਗਰੋਂ ਜਦੋਂ ਅਸਲੀਅਤ ਸਾਹਮਣੇ ਆ ਜਾਂਦੀ ਹੈ ਤਾਂ ਹਾਏ ਮਰਗੇ , ਹਾਏ ਪਿੱਟੇ ਗਏ ਦਾ ਰਾਗ ਅਲਾਪਦੇ ਰਹਿੰਦੇ ਹਨ । ਐਵੇਂ ਬਹੁਤੇ ਸੱਭਿਅਕ ਤੇ ਉੱਚੇ ਪੱਧਰ ਦੇ ਜੀਵਨ ਪਿੱਛੇ ਦਿਖਾਵਾ ਕਰਕੇ ਆਪਣਾ ਤਮਾਸ਼ਾ ਆਪ ਦੇਖਦੇ ਹਨ । ਜ਼ਿੰਦਗੀ ਐਨੀ ਵੀ ਲੰਮੀ ਨਹੀਂ ਕਿ ਬਣਾਉਟੀਪਣ ਨਾਲ ਇਸਦਾ ਚਿਹਰਾ-ਮੁਹਾਦਰਾਂ ਹੀ ਵਿਗਾੜ ਦਿਓ । ਸਿਆਣੇ ਆਖਦੇ ਹਨ ਕਿ ਸਾਦਗੀ ਤਰੱਕੀ ਦਾ ਮੂਲ ਹੈ ਤੇ ਦਿਖਾਵਾ ਅੰਦਰੂਨੀ ਘਾਟ । ਵਾਸਤਵਿਕਤਾ ਦੇ ਨੇੜੇ ਆਓਗੇ ਤਾਂ ਫਿਰ ਜ਼ਿੰਦਗੀ ਹੁਸੀਨ ਬਣ ਜਾਵੇਗੀ। ਕੁਦਰਤ ਦੇ ਹਰ ਰੰਗ ਵਿੱਚ ਫਿਰ ਤਹਾਨੂੰ ਝਲਕਾਰੇ ਪੈਣਗੇ । ਆਪਣੇ ਗੁਰੂਆਂ ਤੇ ਮਹਾਪੁਰਸ਼ਾਂ ਦੀਆਂ ਕਹੀਆਂ ਗੱਲਾਂ ਨੂੰ ਧਾਰਨ ਕਰੋ ਅਤੇ ਦਿਖਾਵੇ ਦੀ ਚਕਾਚੌਂਧ ਵਿੱਚ ਆਪਣਾ ਦੀਵਾ ਗੁੱਲ ਨਾ ਕਰਵਾਓ । ਦਿਖਾਵਾ ਕਰਨ ਵਾਲਿਆਂ ਦੇ ਪੱਲੇ ਕੁੱਝ ਨਹੀਂ ਹੁੰਦਾ । ਦਿਖਾਵੇ ਦੀ ਜ਼ਿੰਦਗੀ ਤਾਂ ਇਸ ਤਰ੍ਹਾਂ ਹੈ , ਜਿਵੇਂ ਮਿਰਗ ਮਾਰੂਥਲ ਵਿੱਚ ਚਮਕਦੀ ਰੇਤ ਨੂੰ ਵੇਖ ਕੇ ਪਾਣੀ ਦਾ ਭੁਲੇਖਾ ਖਾ ਜਾਂਦਾ ਹੈ ਤੇ ਉਸ ਵੱਲ ਦੌੜਦਾ ਹੈ ਪਰ ਉਸਦੀ ਪਿਆਸ ਨਹੀਂ ਬੁੱਝਦੀ ਤੇ ਇਸ ਤਰ੍ਹਾਂ ਕਰਦਾ-ਕਰਦਾ ਆਪਣੇ ਪ੍ਰਾਣ ਤਿਆਗ ਦਿੰਦਾ ਹੈ । ਦਿਖਾਵੇ ਵਜੋਂ ਕੀਤਾ ਕਾਰਜ ਸਾਡੀ ਸੋਭਾ ਵਧਾਉਂਦਾ ਨਹੀਂ ਸਗੋਂ ਘਟਾਉਂਦਾ ਹੈ । ਜੇਕਰ ਅਸੀਂ ਆਪ ਖ਼ਾਲਸ ਤੇ ਦਿਖਾਵੇ ਰਹਿਤ ਜ਼ਿੰਦਗੀ ਬਸਰ ਕਰਾਂਗੇ ਤਾਂ ਸਾਡੇ ਬੱਚਿਆਂ ਵਿੱਚ ਅਜਿਹੇ ਗੁਣ ਆਉਣੇ ਸੁਭਾਵਿਕ ਹਨ ।
ਦਿਖਾਵੇ ਕਰ ਕਰ ਭਟਕੇ ਨੇ
ਅੰਦਰ ਨਾਲ ਜੁੜਦੇ ਨਾ
ਬਾਹਰੋਂ ਕੀ ਦੱਸ ਲੱਭਣਗੇ
ਜਿਹੜੇ ਸੱਚ ਨਾਲ ਜੁੜਦੇ ਨਾ ।
ਸਰਬਜੀਤ ਸਿੰਘ ਜਿਉਣ ਵਾਲਾ , ਫਰੀਦਕੋਟ
ਮੋਬਾਇਲ – 9464412761