
ਰਵਿੰਦਰ ਭੱਠਲ
ਅੱਜ ਤੇਰੇ ਪਿੰਡ ਆਉਂਦਿਆਂ
ਮੈਂ ਸੋਚਾਂ ਦੇ ਸਾਗਰੀਂ ਲਹਿ ਗਿਆ
ਤੂੰ ਤਾਂ ਦਰਿਆ ਸੀ
ਤੂਫ਼ਾਨੀ ਵੇਗ ਸੀ ਤੇਰਾ
ਤੇਰੀ ਤੋਰ ਦੇ ਮੇਚ ਦਾ
ਮੈਥੋਂ ਕੋਈ ਕਦਮ ਨਾ ਧਰਿਆ ਗਿਆ।
ਤੇਰੇ ਪਿੰਡ ਦੀ ਜੂਹ ‘ਤੇ ਖਲੋ ਕੇ
ਮੈਂ ਸੋਚੀਂ ਪੈ ਗਿਆ
ਗੰਧਲੀਆਂ ਸੋਚਾਂ, ਠਾਕੇ ਹੋਏ ਪੈਰਾਂ
ਨਿਤਾਣੀ ਬਾਣੀ
ਤੇ ਡਰਪੋਕ ਸਾਹਾਂ ਦੇ ਸੰਗ
ਤੇਰੇ ਘਰ ਦੀ ਚੁਗਾਠ ‘ਤੇ
ਮੈਂ ਕਿੰਜ ਕਦਮ ਧਰਾਂਗਾ।
ਇਸ ਗਿਲਾਨੀ ਨੇ
ਚੇਤਿਆਂ ਦੇ ਕਿੰਨੇ ਹੀ
ਵਰਕੇ ਫਰੋਲ ਦਿੱਤੇ
ਕਿ ਅਸੀਂ ਸੂਰਮਿਆਂ ਦੇ
ਸੂਹੇ ਸਿਰਨਾਵਿਆਂ ਨੂੰ
ਮਨਾਂ ਦੀ ਤਖਤੀ ਤੋਂ ਮਿਟਾ ਦਿੱਤਾ
ਸੂਰਮੇ ਜਿਹਨਾਂ ਨੇ
ਬੁਲੰਦ ਸੋਚਾਂ ਦੇ ਬੀਜ ਬੀਜੇ ਸਨ
ਸੂਰਮੇ ਜਿਹਨਾਂ ਨੇ ਸਾਨੂੰ
ਸਾਹ ਲੈਣ ਦੀ ਜਾਚ ਦੱਸੀ ਸੀ
ਸੂਰਮੇ ਜਿਹਨਾਂ ਨੇ ਸਾਨੂੰ
ਬੋਲਣ ਜੋਗਾ ਬਣਾਇਆ ਸੀ।