
ਮਨਦੀਪ ਕੌਰ ਭੰਮਰਾ
ਤੂੰ ਸਾਹਸ ਕਰ ਤਾਂ ਸਹੀ ਤੂੰ ਕਰ ਤਾਂ ਸਹੀ ਸਾਹਸ
ਤੂੰ ਸਾਹਸ ਕਰ ਤਾਂ ਸਹੀ ਬੱਸ ਤੂੰ ਕਰ ਲੈ ਸਾਹਸ
ਸਿਖਾ ਦੇਵੇਗਾ ਜੀਵਨ ਜਾਚ ਇੱਕਦਿਨ ਸਾਹਸ
ਜ਼ਿੰਦਗੀ ਦੀ ਅਸਲ ਸੌਗਾਤ ਹੁੰਦੈ ਇਹੀ ਸਾਹਸ
ਅਸਮਾਨੀ ਉੱਡਣ ਦਾ ਕਰ ਕੇ ਵੇਖ ਸਹੀ ਸਾਹਸ
ਧਰਤੀਆਂ ਗਾਹੁਣ ਦਾ ਕਰ ਕੇ ਵੇਖ ਸਹੀ ਸਾਹਸ
ਸਮੁੰਦਰਾਂ‘ਚ ਤੈਰਨ ਦਾ ਕਰ ਕੇ ਵੇਖ ਸਹੀ ਸਾਹਸ
ਪਾਤਾਲ਼ੀਂ ਉੱਤਰਨ ਦਾ ਕਰ ਕੇ ਵੇਖ ਸਹੀ ਸਾਹਸ
ਜ਼ਿੰਦਗੀ ਜਿਉਣ ਦਾ ਕਰਨਾ ਵੀ ਪੈਂਦਾ ਹੈ ਸਾਹਸ
ਜੀਵਨ ‘ਚ ਜੂਝਣ ਦਾ ਵੀ ਕਰਨਾ ਪੈਂਦਾ ਹੈ ਸਾਹਸ
ਜ਼ਿੰਦਗੀ ਮਾਨਣ ਦਾ ਵੀ ਫਿਰ ਕਰੀਂ ਤੂੰ ਅਹਿਸਾਸ
ਗੁਆ ਲੈਣ ਲਈ ਵੀ ਤੈਨੂੰ ਕਰਨਾ ਪੈਣਾ ਹੈ ਸਾਹਸ
ਸਭ ਕੁੱਝ ਪਾ ਲੈਣਾ ਹੀ ਜ਼ਿੰਦਗੀ ਨਾਂ ਹੁੰਦੀ ਦੋਸਤ
ਬਹੁਤ ਕੁੱਝ ਖੋ ਦੇਣਾ ਵੀ ਜ਼ਿੰਦਗੀ ਹੁੰਦੀ ਹੈ ਦੋਸਤ
ਕੁਰਬਾਨੀਆਂ ਦਾ ਦੂਜਾ ਨਾਮ ਜ਼ਿੰਦਗੀ ਹੈ ਦੋਸਤ
ਨਵੇਂ ਪੰਧ ਲੱਭਣੇ ਤੇ ਤੁਰਨਾ ਜ਼ਿੰਦਗੀ ਹੁੰਦੀ ਦੋਸਤ
ਨਿੱਤ ਨਵੇਂ ਵਿਚਾਰਾਂ ਨਾਲ਼ ਨਿਭਣਾ ਹੁੰਦਾ ਸਾਹਸ
ਵਿਚਾਰਾਂ ਦੀ ਆਪਾ ਵਿਰੋਧੀ ਜੰਗ ਲੜਨਾ ਸਾਹਸ
ਭਿੜਨਾ,ਖਹਿਣਾ,ਸੁਣਨਾ,ਅਡੋਲ ਰਹਿਣਾ ਸਾਹਸ
ਮਾਨਸਿਕਤਾ ਨੂੰ ਬੁਲੰਦ ਰੱਖਣਾ ਵੀ ਹੁੰਦਾ ਸਾਹਸ
ਨਵੇਂ ਆਯਾਮ ਲੱਭ ਉਹਨਾਂ ‘ਤੇ ਤੁਰਨਾ ਹੈ ਸਾਹਸ
ਸ਼ਾਿੲਰ ਸੋਹਿਲੇ ਗਾਉਣਗੇ ਦੇਖ ਕੇ ਤੇਰਾ ਸਾਹਸ
ਭੀੜ ‘ਚੋਂ ਹਮਖਿਆਲੀਏ ਲੱਭਣੇ ਹੈ ਤੇਰਾ ਸਾਹਸ
ਜ਼ਿੰਦਗੀ ਨੂੰ ਹੁਸੀਨ ਬਣਾਉਣ ਦਾ ਕਰਨਾ ਸਾਹਸ
ਰੂਹ ਦੀ ਬੁਲੰਦੀ ਵਿੱਚੋਂ ਜੇ ਝਲਕਦਾ ਦਿਸੇ ਸਾਹਸ
ਰੁਸ਼ਨਾ ਦਿੰਦਾ ਹੈ ਚੁਫ਼ੇਰਾ ਫਿਰ ਅੰਦਰਲਾ ਸਾਹਸ
ਆਤਮਾ ਦੇ ਚਾਨਣ ਵਿੱਚ ਰਹਿੰਦੈ ਨੂਰੀ ਪਰਕਾਸ਼
ਜਿੱਤ ਹੀ ਜਾਂਦੈ ਫਿਰ ਇੱਕ ਦਿਨ ਆਖਿਰ ਸਾਹਸ।
-ਮਨਦੀਪ ਕੌਰ ਭੰਮਰਾ