11.3 C
United Kingdom
Sunday, May 19, 2024

More

    ਨਾਵਲ- ‘ਬੋਦੀ ਵਾਲ਼ਾ ਤਾਰਾ ਚੜ੍ਹਿਆ’ (3)

    ਕਾਂਡ 3

    ਅਗਲੇ ਦਿਨ ਉਹ ਫ਼ਿਰ ਸੂਰਜ ਚੜ੍ਹਦੇ ਸਾਰ ਹੀ ਖੇਤ ਚਲਿਆ ਗਿਆ।

    ਅੱਜ ਕਪਾਹ ਚੁਗਣ ਦਾ ਸਾਰਾ ਕੰਮ ਨਿੱਬੜ ਜਾਣਾ ਸੀ। ਨੇਕੇ ਦੇ ਦਿਲ ਨੂੰ ਧੂਹ ਜਿਹੀ ਪਈ। ਹੌਲ ਜਿਹਾ ਪਿਆ। ਹੁਣ ਤਾਂ ਕਪਾਹ ਚੁਗਣ ਦੇ ਬਹਾਨੇ ਮਿਲ਼ ਲਏ…। ਪਰ ਉਸ ਤੋਂ ਬਾਅਦ ਇੱਕ-ਅੱਧਾ ਦਿਨ ਕੋਠੇ ਦੀ ਛੱਤ ਲਿੱਪਣ ਦੇ ਬਹਾਨੇ ਵੀ ਮਿਲ਼ ਲਵਾਗੇ। ਪਰ ਫ਼ਿਰ ਕੀ ਹੋਊ…? ਹਰ ਰੋਜ਼ ਕਿਹੜਾ ਬਹਾਨਾ ਲੱਭੀ ਜਾਵਾਂਗੇ…? ਆਖਰ ਨੂੰ ਤਾਂ ਬਹਾਨੇ ਖਤਮ ਹੋਣਗੇ…! ਫ਼ਿਰ ਕੀ ਹੋਊਗਾ…? ਇਹ ਜ਼ਮਾਨਾ ਤਾਂ ਚਾਹੁੰਦਾ ਹੀ ਹੈ ਕਿ ਕਿਸੇ ਦੀ ਕਮਜ਼ੋਰ ਰਗ ਇਹਨਾਂ ਦੇ ਹੱਥ ਆਵੇ ਤੇ ਇਹ ਉਸ ਨੂੰ ਰੀਝ ਨਾਲ਼ ‘ਹਲਾਲ’ ਕਰਨ…! ਮੈਂ ਤਾਂ ਜੰਗੀਰੋ ਬਿਨਾਂ ਮਰ ਜਾਊਂਗਾ…! ਮੇਰਾ ਤਾਂ ਓਸ ਕਰਮਾਂ ਵਾਲ਼ੀ ਬਿਨਾਂ ਕੋਈ ਗੁਜ਼ਾਰਾ ਨਹੀਂ…! ਪਰ ਮੈਂ ਜੰਗੀਰੋ ਦੀ ਬਦਨਾਮੀਂ ਵੀ ਨਹੀਂ ਜਰ ਸਕਦਾ…! ਜੇ ਕਿਸੇ ਨੇ ਜੰਗੀਰੋ ਦੀ ਸ਼ਾਨ ਦੇ ਖ਼ਿਲਾਫ਼ ਕੁਛ ਆਖ ਦਿੱਤਾ, ਮੈਂ ਤਾਂ ਖੜ੍ਹੇ ਦਾ ਖੜ੍ਹਾ ਹੀ ਜਾਂ ਤਾਂ ਆਪ ਮਰ ਜਾਊਂਗਾ ਤੇ ਜਾਂ ਅਗਲੇ ਨੂੰ ਗੱਡੀ ਚਾੜ੍ਹ ਦਿਊਂਗਾ…! ਮੈਂ ਜੰਗੀਰੋ ਨਾਲ਼ ਗੱਲ ਕਰੂੰਗਾ ਕਿ ਕਿੰਨਾਂ ਕੁ ਚਿਰ ਲੁਕ-ਛਿਪ ਕੇ ਮਿਲ਼ਦੇ ਰਹਾਂਗੇ…? ਕੱਢ ਦਿਲ਼…! …ਤੇ ਮਾਰੀਏ ਮੋਰਚਾ…! ਜਦੋਂ ਆਪਣਾ ਇੱਕ-ਦੂਜੇ ਬਿਨਾਂ ਸਰਨਾਂ ਹੀ ਨਹੀਂ, ਫ਼ਿਰ ਕਿਉਂ ਨਿੱਤ ਕਤਰਾ-ਕਤਰਾ ਹੋ ਕੇ ਮਰੀਏ…? ਕਿਉਂ ਇੱਕ-ਦੂਜੇ ਦੇ ਵਿਛੋੜੇ ‘ਚ ਸੜੀਏ…? ਇੱਕ ਨਾ ਇੱਕ ਦਿਨ ਤਾਂ ਆਪਾਂ ਨੂੰ ਕੋਈ ਬਗਾਵਤ ਵਾਲ਼ਾ ਕਦਮ ਚੁੱਕਣਾ ਪੈਣੈਂ…! ਜਿਸ ਦਿਨ ਜੰਗੀਰੋ ਮੋਟਰ ਵਾਲ਼ੇ ਕੋਠੇ ਦੀ ਛੱਤ ਲਿੱਪਣ ਆਈ, ਓਸ ਨਾਲ਼ ਮੈਂ ਸਿੱਧੀ, ਸਾਫ਼ ਤੇ ਸਪੱਸ਼ਟ ਗੱਲ ਕਰੂੰਗਾ…! ਜੰਗੀਰੋ ਵੀ ਮੇਰੇ ‘ਤੇ ਜਾਨ ਵਾਰਦੀ ਐ…! ਉਹ ਵੀ ਮੈਨੂੰ ਕਿਸੇ ਗੱਲੋਂ ‘ਨਾਂਹ’ ਨਹੀਂ ਕਰੂਗੀ…! ਨਾਲ਼ੇ ਉਹਨੂੰ ਕਿਹੜਾ ਮੋਹ-ਮੁਹੱਬਤ ਨਸੀਬ ਹੋਈ ਐ ਸਾਰੀ ਉਮਰ…? ਉਸ ਨੇ ਵੀ ਸਾਰੀ ਜ਼ਿੰਦਗੀ ਤਵੇ ‘ਤੇ ਪਈ ਨੇ, ਤੇ ਦੁਰਕਾਰੀ ਹੋਈ ਨੇ ਹੀ ਕੱਢ ਦਿੱਤੀ…! ਹੁਣ ਉਹਨੂੰ ਮੇਰੇ ਵੱਲੋਂ ਮੋਹ-ਮੁਹੱਬਤ ਮਿਲ਼ੀ ਐ ਤੇ ਉਹ ਮੇਰੀ ਤਜਵੀਜ਼ ਨੂੰ ਕਦੇ ਨਿਕਾਰੇਗੀ ਨਹੀਂ…! ਉਹ ਖੇਤ ਨੂੰ ਤੁਰਿਆ ਜਾਂਦਾ ਸੋਚਦਾ ਜਾ ਰਿਹਾ ਸੀ।

    ਸੋਚਾਂ ਵਿਚ ਗਲਤਾਨ ਜਦ ਨੇਕਾ ਖੇਤ ਪਹੁੰਚਿਆ ਤਾਂ ਅੱਜ ਉਸ ਨੂੰ ਚੁਗਾਂਵੀਆਂ ਬਹੁਤੀਆਂ ਹੀ ਚੁੱਪ-ਚੁੱਪ ਜਿਹੀਆਂ ਨਜ਼ਰ ਆਈਆਂ। ਭਾਨੋਂ ਵੀ ਅੱਜ ਅੱਗੇ ਵਾਂਗ ‘ਮੱਛਰੀ’ ਹੋਈ ਨਹੀਂ ਸੀ। ਇਸ ਗੱਲ ਤੋਂ ਨੇਕਾ ਹੈਰਾਨ ਹੋਣ ਨਾਲ਼ੋਂ ਪ੍ਰੇਸ਼ਾਨ ਜ਼ਿਆਦਾ ਸੀ ਕਿ ਅਜਿਹੀ ਕਿਹੜੀ ਗੱਲ ਹੋ ਗਈ ਸੀ, ਜਿਸ ਕਰ ਕੇ ਉਹ ਸਾਰੀਆਂ ਹੀ ਮੂੰਹ ਘੁੱਟੀ ਫ਼ਿਰਦੀਆਂ ਸਨ?

    -“ਕੀ ਗੱਲ ਐ ਭਾਬੋ…? ਅੱਜ ਸਾਰੀਆਂ ਈ ਕੁੜੀ ਦੱਬ ਕੇ ਆਇਆਂ ਮਾਂਗੂੰ ਮਸੋਸੀਆਂ ਜੀਆਂ ਫ਼ਿਰਦੀਐਂ, ਸੁੱਖ ਐ…?” ਨੇਕੇ ਨੇ ਆਖਰ ਪੁੱਛ ਹੀ ਲਿਆ। ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ।

    -“ਵੇ ਕੀ ਪੁੱਛਦੈਂ ਨੇਕਿਆ…? ਅੱਜ ਸਾਡੇ ਪਿੰਡ ‘ਤੇ ਤਾਂ ਭਾਈ ਬਾਹਲ਼ਾ ਵੱਡਾ ਭਾਣਾਂ ਵਾਪਰ ਗਿਆ…!” ਭਾਨੋਂ ਬੋਲੀ। ਅੱਜ ਉਸ ਨੇ ਨੇਕੇ ਦੇ ‘ਭਾਬੋ’ ਕਹਿਣ ‘ਤੇ ਵੀ ਗ਼ਿਲਾ ਨਾ ਕੀਤਾ।

    -“ਕੀ ਹੋ ਗਿਆ…?” ਉਹਨਾਂ ਦੀ ਉਦਾਸੀ ਦੇਖ ਕੇ ਨੇਕਾ ਹੋਰ ਭੈਮਾਨ ਹੋ ਗਿਆ।

    -“ਵੇ ਸਾਡੇ ਪਿੰਡ ਤਾਂ ਕਿਸੇ ਨੇ ਚੁੱਲ੍ਹੇ ਅੱਗ ਨੀ ਪਾਈ, ਨੇਕਿਆ…! ਸਾਰੇ ਪਿੰਡ ‘ਚ ਈ ਹਾੜ ਬੋਲੀ ਜਾਂਦੈ…!”

    -“ਕੋਈ ਗੱਲ ਵੀ ਦੱਸ…? ਢਿੱਲੇ ਜੇ ਬੁੱਲ੍ਹ ਕਿਉਂ ਕਰੀ ਖੜ੍ਹੀ ਐਂ….?”

    -“ਵੇ ਗੱਲ ਈ ਢਿੱਲੇ ਬੁੱਲ੍ਹ ਕਰਨ ਆਲ਼ੀ ਐ ਭੋਲ਼ਿਆ ਪੰਛੀਆ…! ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ…! ਤੈਨੂੰ ਤਾਂ ਨਾ ਚੜ੍ਹੀਦੀ ਤੇ ਨਾ ਲੱਥੀਦੀ…!”

    -“ਕੋਈ ਗੱਲ ਵੀ ਕਰੇਂਗੀ ਕਿ ਬਿਨਾ ਗੱਲੋਂ ਖੜਕਾਹਟ ਪਾਈ ਜਾਵੇਂਗੀ….?”

    -“ਸਾਡੇ ਪਿੰਡ ਦੇ ਇੱਕ ਜੁਆਈ ਨੇ ਕਿਸੇ ਤਾਂਤਰਿਕ ਬਾਬੇ ਦੇ ਮਗਰ ਲੱਗ ਕੇ ਆਬਦਾ ਸਾਰਾ ਸਹੁਰਾ ਪ੍ਰੀਵਾਰ ਈ ਮਾਰ ਦਿੱਤਾ…!”

    -“ਹਾਏ ਰੱਬਾ….! ਕਾਹਤੋਂ…?” ਨੇਕੇ ਦਾ ਮੂੰਹ ਅੱਡਿਆ ਗਿਆ।

    -“ਰੌਲ਼ਾ ਤਾਂ ਪਲਾਟ ਵੇਚੇ ਦੇ ਪੈਸਿਆਂ ਦਾ ਸੀ, ਬਹਾਨਾ ਮੁੰਡੇ ਦੀ ਦਾਰੂ ਛੁਡਾਉਣ ਦਾ ਬਣਾ ਲਿਆ, ਫੋੜੀ ਕਢਾਵੇ ਨੇ ਸਾਰਾ ਟੱਬਰ ਈ ਨਹਿਰ ‘ਚ ਸਿੱਟ ਕੇ ਮਾਰ’ਤਾ!”

    -“ਕਿੰਨੇ ਜਾਣੇ ਸੀ…?”

    -“ਸੱਤ ਜਾਣੇ ਸੀ…!”

    -“ਓਹੋ-ਹੋ-ਹੋ-ਹੋ…! ਕੀ ਲੋਹੜਾ ਆ ਗਿਆ…! ਸੱਤ ਜੀਅ ਇੱਕੋ ਸਾਹ ਮਾਰ’ਤੇ…?”

    -“ਇੱਕ ਵੀ ਨੀ ਬਚਿਆ, ਨੇਕਿਆ…! ਸੱਤ ਮਾਰਤੇ ਗੜ੍ਹੀ ਦੇ ਜਾਣੇ ਬੇਕਿਰਕ ਨੇ…!” ਉਸ ਨੇ ਡਾਂਗ ਜਿੱਡਾ ਹਾਉਕਾ ਲਿਆ।

    ….ਅਸਲ ਵਿਚ ਗੁਰਦਿਆਲ ਸਿੰਘ ਦਾ ਵੱਡਾ ਮੁੰਡਾ ਜੰਟਾ ਸ਼ਰਾਬ ਬਹੁਤ ਪੀਂਦਾ ਸੀ। ਮਾੜੀ ਸੰਗਤ ਵਿਚ ਰਲ਼ਿਆ ਜੰਟਾ ਦਾਰੂ ਪੀਣ ਲੱਗਿਆ ਨਾ ਦਿਨ, ਤੇ ਨਾ ਰਾਤ ਦੇਖਦਾ। ਬੱਸ, ਜਦ ਅੱਖ ਖੁੱਲ੍ਹਦੀ ਤਾਂ ਦਾਰੂ ਵਿੱਢ ਲੈਂਦਾ। ਦਿਨੋਂ ਦਿਨ ਉਸ ਦਾ ਸੁਭਾਹ ਕਲੇਸ਼ੀ ਅਤੇ ਖਰੂਦੀ ਹੁੰਦਾ ਜਾਂਦਾ ਸੀ ਅਤੇ ਉਹ ਆਪਣੇ ਨਾਲ਼ ਦੇ ਲਗਾੜਿਆਂ ਨਾਲ਼ ਰਲ਼ ਆਪਣੇ ਬਾਪੂ ਨੂੰ ਵੀ ‘ਕੌੜਨ’ ਲੱਗ ਪਿਆ ਸੀ। ਜਦ ਉਸ ਨੂੰ ਘਰੋਂ ਦਾਰੂ ਲਈ ਪੈਸੇ ਨਾ ਮਿਲ਼ਦੇ ਤਾਂ ਉਹ ਸਿੰਗ ਮਿੱਟੀ ਚੁੱਕ ਲੈਂਦਾ ਅਤੇ ਸਾਰੇ ਟੱਬਰ ਨੂੰ ਬੋਲ-ਕਬੋਲ ਅਤੇ ਗਾਲ਼ੀ-ਗਲ਼ੋਚ ਵੀ ਕਰਦਾ।

    ਘਰ ਦੇ ਸਾਰੇ ਜੀਅ ਉਸ ਤੋਂ ਅਤੀਅੰਤ ਅੱਕੇ ਹੋਏ ਸਨ। ਢਿੱਡੋਂ ਜੰਮੇਂ ਪੁੱਤ ਦੀਆਂ ਮਾੜੀਆਂ ਕਰਤੂਤਾਂ ਦੇਖ ਕੇ ਮਾਂ ਵੱਖ ਦੁਖੀ ਸੀ। ਉਹ ਆਪਣੀ ਨੂੰਹ ਨੂੰ ਫ਼ੋਕਾ ਜਿਹਾ ਧਰਵਾਸ ਦਿੰਦੀ। ਪਰ ਦਿਲ ਉਸ ਦਾ ਆਪਣਾ ਵੀ ਦੀਵੇ ਦੀ ਲਾਟ ਵਾਂਗ ਡੋਲਦਾ ਰਹਿੰਦਾ। ਸਾਰੇ ਟੱਬਰ ਦੇ ਕਾਲ਼ਜੇ ਤਾਂ ਓਦੋਂ ਫ਼ੜੇ ਗਏ, ਜਦੋਂ ਛੋਟਾ ਮੁੰਡਾ ਦੇਬੀ ਹਾਲ ਦੁਹਾਈ ਪਾਉਂਦਾ ਸ਼ਹਿਰੋਂ ਮੁੜਿਆ। ਜੰਟਾ ਸ਼ਹਿਰ ਵਾਲ਼ੇ ਦੋ ਪਲਾਟਾਂ ਨੂੰ ਵੇਚਣ ਲਈ ਕਿਸੇ ਪ੍ਰਾਪਰਟੀ ਡੀਲਰ ਨਾਲ਼ ਸੌਦਾ ਮਾਰਦਾ ਫ਼ਿਰਦਾ ਸੀ।

    -“ਪਰ ਉਹ ਸੌਦਾ ਮਾਰੂ ਕਿਵੇਂ…? ਪਲਾਟ ਤਾਂ ਮੇਰੇ ਨਾਂ ਐਂ ਪੁੱਤ…!” ਬਾਪੂ ਨੇ ਛੋਟੇ ਪੁੱਤ ਨੂੰ ਆਪਣੇ ਵੱਲੋਂ ਵਿਸ਼ਵਾਸ ਦੁਆਇਆ।

    -“ਬਾਪੂ, ਪ੍ਰਾਪਰਟੀ ਡੀਲਰ ਕੀ ਨੀ ਕਰ ਸਕਦੇ…? ਵੱਡੇ ਵੱਡੇ ਮੰਤਰੀ ਤੇ ਤਸੀਲਦਾਰ ਇਹਨਾਂ ਦੇ ਹੱਥ ‘ਚ…! ਇਹ ਤਾਂ ਜੀਹਨੂੰ ਮਰਜ਼ੀ ਮਾਲਕ ਬਣਾ ਕੇ ਖੜ੍ਹਾ ਕਰ ਦੇਣ…! ਭੋਲ਼ਿਆ ਬਾਪੂਆ, ਤੂੰ ਆਪਣੀ ਮਾਲਕੀ ‘ਤੇ ਨਾ ਜਾਹ…! ਉਹਨਾਂ ਪਲਾਟਾਂ ਨੂੰ ਵੇਚ ਕੇ ਰਕਮ ਆਪਣੇ ਹੱਥ ਹੇਠ ਕਰ, ਨਹੀਂ ਤਾਂ ਉਹ ਕਿਸੇ ਨੂੰ ਤੇਰੀ ਜਗਾਹ ਖੜ੍ਹਾ ਕਰ ਕੇ ਪਲਾਟਾਂ ਨੂੰ ਉੜਦੂ ਲਾ ਦੇਣਗੇ, ਕੀਹਦੇ ‘ਤੇ ਕੇਸ ਕਰੇਂਗਾ…? ਆਪਣੇ ਜੰਟੇ ‘ਤੇ…? ਫ਼ੇਰ ਖ਼ੂਹ ‘ਚ ਡਿੱਗੀ ਇੱਟ ਸੁੱਕੀ ਨੀ ਨਿਕਲਣੀ, ਬਾਪੂ…! ਗਿਆ ਵੇਲ਼ਾ ਹੱਥ ਨੀ ਆਉਣਾ…! ਮਗਰੋਂ ਟਿੱਡੀਆਂ ਬੁਸ਼ਕਰਨ ਨਾਲ਼ ਕੁਛ ਨੀ ਬਣਨਾਂ…! ਤੂੰ ਪਲਾਟ ਵੇਚ ਕੇ ਰਕਮ ਆਪਣੇ ਹੱਥ ‘ਚ ਕਰ ਤੇ ਬੈਂਕ ‘ਚ ਰੱਖ਼…!” ਦੇਬੀ ਨੇ ਬਾਪੂ ਨੂੰ ਸਹੀ ਅਤੇ ਨੇਕ ਸਲਾਹ ਦਿੱਤੀ। ਨਸ਼ਈ ਜੰਟੇ ਦਾ ਸੱਚ ਹੀ ਕੋਈ ਇਤਬਾਰ ਨਹੀਂ ਸੀ!

    ਬਾਪੂ ਅਤੀਅੰਤ ਬੇਚੈਨ ਹੋ ਗਿਆ।

    ਸਾਰੀ ਰਾਤ ਬਾਪੂ ਨੂੰ ਨੀਂਦ ਨਾ ਆਈ।

    ਆਪਣੀ ਜੰਮੀ ਗੰਦੀ ਔਲ਼ਾਦ ਹੀ ਉਸ ਨੂੰ ਇਤਨਾਂ ਖੱਜਲ਼ ਖੁਆਰ ਕਰਨ ਲੱਗ ਪਵੇਗੀ, ਉਸ ਨੇ ਕਦੇ ਨਹੀਂ ਸੀ ਸੋਚਿਆ। ਪਾਈ-ਪਾਈ ਜੋੜ ਕੇ ਉਸ ਨੇ ਆਪਣੇ ਦੋ ਪੁੱਤਰਾਂ ਲਈ ਜ਼ਮੀਨ ਅਤੇ ਸ਼ਹਿਰ ਪਲਾਟ ਬਣਾਏ ਸਨ ਕਿ ਉਸ ਦੀ ਔਲ਼ਾਦ ਐਸ਼ ਕਰੇਗੀ। ਪਰ ਓਹੀ ਔਲ਼ਾਦ ਉਸ ਦੀ ਬਣਾਈ ਜਾਇਦਾਦ ਨੂੰ ਲਟੈਣ ਵਾਂਗ ਵਾਢਾ ਪਾ ਕੇ ਬੈਠ ਗਈ ਸੀ।

    ਸਾਰੀ ਰਾਤ ਬਾਪੂ ਨੂੰ ਟੇਕ ਨਾ ਆਈ। ਨੀਂਦ ਉਸ ਦੇ ਨੇੜੇ ਤੇੜੇ ਵੀ ਨਹੀਂ ਸੀ। ਸਾਰੀ ਰਾਤ ਉਸ ਨੇ ਅੱਖਾਂ ਵਿਚ ਹੀ ਕੱਢੀ। ਇਹੀ ਹਾਲਤ ਉਸ ਦੀ ਘਰਵਾਲ਼ੀ ਹਰ ਕੌਰ ਦੀ ਸੀ। ਉਸ ਨੂੰ ਵੀ ਅੱਚਵੀ ਲੱਗੀ ਹੋਈ ਸੀ ਅਤੇ ਮੰਜਾ ਸਾਰੀ ਰਾਤ ਸੂਲ਼ਾਂ ਚੋਭਦਾ ਰਿਹਾ ਸੀ। ਪਰ ਅਥਾਹ ਦੁਖੀ ਮੀਆਂ-ਬੀਵੀ ਨੇ ਇੱਕ ਲਫ਼ਜ਼ ਵੀ ਇੱਕ-ਦੂਜੇ ਨਾਲ਼ ਸਾਂਝਾ ਨਹੀਂ ਕੀਤਾ ਸੀ। ਦੋਵੇਂ ਇੱਕ-ਦੂਜੇ ਦੀ ਅੰਦਰੂਨੀ ਪੀੜ ਸਮਝਦੇ ਸਨ। ਪਰ ਕੋਈ ਗੱਲ ਸਾਂਝੀ ਕਰ ਕੇ ਪੀੜ ਦੀ ਚੀਸ ਨੂੰ ਵਧਾਉਣਾ ਨਹੀਂ ਚਾਹੁੰਦੇ ਸਨ।

    ਜਦ ਬਾਪੂ ਸਵੇਰੇ ਉਠਿਆ ਤਾਂ ਨੂੰਹ ਉਸ ਲਈ ਚਾਹ ਲੈ ਕੇ ਆ ਗਈ।

    ਪਰ ਚਾਹ ਬਾਪੂ ਦੇ ਹਲ਼ਕ ਵਿਚ ਦੀ ਲੰਘ ਨਹੀਂ ਰਹੀ ਸੀ।

    ਪਰ ਫ਼ਿਰ ਵੀ ਉਸ ਨੇ ਚਾਰ ਘੁੱਟਾਂ ਚਾਹ ਅੰਦਰ ਸੁੱਟ ਲਈ ਸੀ ਅਤੇ ਬੱਸ ਫ਼ੜ ਆਪਣੇ ਜਵਾਈ ਗੁਰਿੰਦਰ ਕੋਲ਼ ਪਹੁੰਚ ਗਿਆ। ਗੁਰਿੰਦਰ ਕਾਫ਼ੀ ਹੱਦ ਤੱਕ ਗੁਰਦਿਆਲ ਸਿੰਘ ਦਾ ਹਮਖ਼ਿਆਲ ਅਤੇ ਸਹਿਯੋਗੀ ਰਿਹਾ ਸੀ।

    ਗੁਰਿੰਦਰ ਗੁਰਦਿਆਲ ਸਿੰਘ ਦਾ ਇਕਲੌਤਾ ਜਵਾਈ ਸੀ। ਜਿਸ ਲਈ ਉਸ ਦੀ ਘਰ ਵਿਚ ‘ਆਓ ਭਗਤ’ ਵੀ ਕੁਝ ਜ਼ਿਆਦਾ ਹੁੰਦੀ ਸੀ। ਗੁਰਦਿਆਲ ਸਿੰਘ ਦਾ ਵੱਡਾ ਮੁੰਡਾ ਜੰਟਾ ਵੀ ਇਸੇ ਕਰ ਕੇ ਖਿਝਦਾ ਸੀ ਕਿ ਸਕੇ ਪੁੱਤਾਂ ਨੂੰ ਬਹੁਤੀ ਤਰਜ਼ੀਹ ਨਹੀਂ ਦਿੱਤੀ ਜਾਂਦੀ ਸੀ ਅਤੇ ਜੁਆਈ ਨੂੰ ਬਹੁਤਾ ਹੀ ਸਿਰ ‘ਤੇ ਚੜ੍ਹਾਇਆ ਜਾ ਰਿਹਾ ਸੀ। ਜੰਟੇ ਦੀ ਮਾਂ ਵੀ ਆਪਣੀ ਇਕਲੌਤੀ ਧੀ ਦਾ ਘਰ ‘ਭਰਨ’ ਤੱਕ ਜਾਂਦੀ, ਜਿਸ ਕਾਰਨ ਜੰਟਾ ਹੋਰ ਵੀ ਖਿਝ ਜਾਂਦਾ ਅਤੇ ਉਹ ਕਿੜ੍ਹ ਅਤੇ ਜ਼ਿਦ ‘ਚ ਆ ਕੇ ਬੇਮੋਖੀ ਦਾਰੂ ਪੀਣ ਲੱਗ ਪਿਆ।

    -“ਗੁਰਿੰਦਰ ਸਿਆਂ…! ਹੁਣ ਤਾਂ ਆਪਣਾ ਜੰਟਾ ਥੋੜਾ ਜਿਆ ਜਾਅਦੇ ਈ ਤੰਗ ਕਰਨ ਲੱਗ ਪਿਐ…!” ਬਾਪੂ ਨੇ ਧਾਹ ਮਾਰਨ ਵਾਲ਼ਿਆਂ ਵਾਂਗ ਜੁਆਈ ਅੱਗੇ ਦੁੱਖ ਰੋਇਆ।

    -“ਉਹਨੂੰ ਛਿਤਰੌਲ਼ ਦੀ ਘਾਟ ਐ, ਬਾਪੂ…! ਜੇ ਰੈਂਗੜੇ ਮਾਰ-ਮਾਰ ਕੇ ਸਿੱਧਾ ਕੀਤਾ ਹੁੰਦਾ, ਏਨਾਂ ਨਾ ਚਾਂਭਲ਼ਦਾ…! ਅਖੀਰ ਹੁਣ ਉਹ ਲਾਚੜ ਗਿਆ…!”

    -“ਉਹਦੀ ਦਾਰੂ ਮਾੜੀ ਐ ਸ਼ੇਰਾ…! ਕਿਵੇਂ ਨਾ ਕਿਵੇਂ ਉਹਦੀ ਦਾਰੂ ਛੁਡਾਈ ਜਾਵੇ…! ਜੇ ਉਹ ਦਾਰੂ ਛੱਡ ਦੇਵੇ, ਉਹਦੇ ਅਰਗਾ ਬੰਦਾ ਕੋਈ ਨੀ…! ਛੋਲਿਆਂ ਦਾ ਵੀਹ ਕੁਛ ਬਣਦੈ…! ਕੜ੍ਹੀ ਬਣਦੀ ਐ, ਲੱਡੂ ਬਣਦੇ ਐ, ਪਰ ਗੋਲ਼ੀ ਓਦੋਂ ਵੱਜਦੀ ਐ, ਜਦੋਂ ਤਵੇ ‘ਤੇ ਪਾਈਦੇ ਐ, ਓਦੋਂ ਬੁੜ੍ਹਕ-ਬੁੜ੍ਹਕ ਡਿੱਗਦੇ ਐ, ਓਹੀ ਗੱਲ ਆਪਣੇ ਆਲ਼ੇ ਜੰਟੇ ਦੀ ਐ, ਕਿਸੇ ਕੰਮ ਨੂੰ ਭੇਜ ਦਿਓ, ਸਾਰੀਆਂ ਕਲਾਂ ਈ ਸੰਪੂਰਨ ਐਂ, ਕੰਮ ਵੱਲੋਂ ਮਾਰ ਨੀ ਖਾਂਦਾ, ਕੰਮ ਪੂਰਾ ਕਰ ਕੇ ਮੁੜੂ, ਪਰ ਕੁੜੀ ਯਾਹਵਾ ਕੋਹੜ ਓਦੋਂ ਚੱਲਦੈ, ਜਦੋਂ ਕੰਜਰ ਦਾਰੂ ਪੀ ਲੈਂਦੈ…!”

    -“ਉਹਦੀ ਦਾਰੂ ਦਾ ਹੱਲ ਵੀ ਹੋਜੂਗਾ ਬਾਪੂ ਜੀ…! ਇੱਕ ਤਾਂਤਰਿਕ ਬਾਬਾ ਜਾਣਦੈ ਮੈਨੂੰ…! ਮੈਂ ਲੈ ਕੇ ਚੱਲੂੰਗਾ ਥੋਨੂੰ ਉਹਦੇ ਕੋਲ਼, ਉਹ ਜੜੂਗਾ ਇਹਦੀ ਦਾਰੂ ਦੇ ਜਿੰਦਰੇ…!”

    -“ਨਿੱਕੇ ਨਿੱਕੇ ਓਹਦੇ ਜੁਆਕ ਐ, ਉਹਨਾਂ ਛੋਰ੍ਹਾਂ ਦੀ ਜਿੰਦਗੀ ਰੁਲ਼ ਜਾਊਗੀ, ਪੁੱਤ…! ਬਿਗਾਨੀ ਧੀ ਦਾ ਵੀ ਬਥੇਰਾ ਤਰਸ ਆਉਂਦੈ…! ਉਹਨੇ ਇਹਦੇ ਘਰ ਆ ਕੇ ਇੱਕ ਦਿਨ ਵੀ ਸੁਖ ਦਾ ਨੀ ਦੇਖਿਆ…! ਉਹ ਵੀ ਬਿਚਾਰੀ ਬਿੱਲੀ ਮਾਂਗੂੰ ਖੂੰਜੇ ਲੱਗੀ ਬੈਠੀ ਰਹਿੰਦੀ ਐ…! ਡਰਦੀ ਕੁਸਕਦੀ ਉਹ ਨੀ…!”

    -“ਇਹਨੂੰ ਤਾਂ ਕਰ ਦਿਊਗਾ ਤਾਂਤਰਿਕ ਬਾਬਾ ਤੱਕਲ਼ੇ ਮਾਂਗੂੰ ਸਿੱਧਾ…! ਉਹ ਤਾਂ ਜੜ ਦਿਊਗਾ ਇਹਦੀ ਦਾਰੂ ਦੇ ਕੋਕੇ, ਬਾਪੂ ਜੀ…!” ਗੁਰਿੰਦਰ ਨੇ ਹਿੱਕ ਥਾਪੜ ਕੇ ਕਿਹਾ।

    -“ਇੱਕ ਗੱਲ ਮੈਨੂੰ ਰਾਤ ਹੋਰ ਪਤਾ ਲੱਗੀ ਐ…!”

    -“ਉਹ ਕਿਹੜੀ ਬਾਪੂ….?”

    -“ਸ਼ਹਿਰ ‘ਚ ਆਪਣੇ ਦੋ ਪਲਾਟ ਐ ਨ੍ਹਾਂ…?”

    -“ਆਹੋ…!”

    -“ਮੈਂ ਸੁਣਿਐਂ ਕਿਸੇ ਡੀਲਰ ਨਾਲ਼ ਰਲ਼ ਕੇ ਇਹ ਉਹ ਪਲਾਟ ਵੇਚਣ ਨੂੰ ਫ਼ਿਰਦੈ…! ਏਸ ਤੋਂ ਪਹਿਲਾਂ ਇਹ ਉਹਨਾਂ ਨੂੰ ਵੇਚੇ, ਆਪਾਂ ਉਹਨਾਂ ਦਾ ਫ਼ਾਹਾ ਵੱਢ ਕੇ ਰਕਮ ਹੱਥ ‘ਚ ਕਰੀਏ, ਜੋ ਹੱਥ ‘ਚ ਆਇਆ, ਓਹੀ ਆਬਦਾ, ਸ਼ੇਰਾ…!” ਦਿਲ ਵਿਚ ਰਿਝਦੀ ਗੱਲ ਬਾਪੂ ਨੇ ਜੁਆਈ ਅੱਗੇ ਰੱਖ ਦਿੱਤੀ ਅਤੇ ਹੌਲ਼ਾ ਹੋ ਕੇ ਬੈਠ ਗਿਆ।

    -“ਇਉਂ ਕਿਵੇਂ ਵੇਚ ਦਿਊਗਾ ਬਾਪੂ ਜੀ…? ਕੋਈ ਲੁੱਟ ਥੋੜ੍ਹੋ ਮੱਚੀ ਐ…?”

    -“ਡੀਲਰਾਂ ਨੇ ਬਥੇਰੀ ਅੰਨ੍ਹੀ ਪਾਈ ਐ ਸ਼ੇਰਾ…! ਉਹ ਤਾਂ ਕੁੜੀ ਯਾਹਵੇ ਸਿਵਿਆਂ ‘ਚੋਂ ਬੰਦੇ ਜਿਉਂਦੇ ਕਰ ਕੇ ਕਚਿਹਰੀਆਂ ‘ਚ ਪੇਸ਼ ਕਰ ਦਿੰਦੇ ਐ, ਉਹਨਾਂ ਲਈ ਪਲਾਟ ਵੇਚਣੇ ਕੀ ਔਖੇ ਐ…? ਕਿਸੇ ਨੂੰ ਵੀ ਗੁਰਦਿਆਲ ਸਿਉਂ ਬਣਾ ਕੇ ਖੜ੍ਹਾ ਕਰ ਸਕਦੇ ਐ…! ਪਿੱਛੋਂ ਕੀਹਦੀ ਮਾਂ ਨੂੰ ਮਾਸੀ ਆਖਾਂਗੇ…? ਜੇ ਜਾਹਲੀ ਬੰਦਾ ਖੜ੍ਹਾ ਕਰ ਕੇ ਪਲਾਟ ਵੇਚ ਕੇ ਪਰ੍ਹੇ ਹੋਏ, ਕੀ ਪੂਛ ਫ਼ੜਲਾਂਗੇ ਇਹਨਾਂ ਕੰਜਰਾਂ ਦੀ…? ਬਥੇਰੀਆਂ ਖ਼ਬਰਾਂ ਪੜ੍ਹਦੇ ਆਂ ‘ਖ਼ਬਾਰਾਂ ‘ਚ…! ਬਥੇਰੇ ਬੰਦੇ ਤੇਰੇ ਮੂੰਹ ਮੱਥੇ ਲੱਗਦੇ ਐ, ਤੂੰ ਕੋਈ ਬੰਨ੍ਹ-ਸੁੱਬ ਕਰ, ਤੇ ਆਪਾਂ ਪਲਾਟ ਵੇਚਣ ਜੋਕਰੇ ਹੋਈਏ….!”

    -“……………।” ਗੁਰਿੰਦਰ ਦੇ ਦਿਲ ਅੰਦਰ ਕੁਤਕੁਤੀ ਹੋਈ। ਮਨ ਵਿਚ ਲੱਡੂ ਭੁਰੇ। ਜੇ ਛਿੱਕਾ ਟੁੱਟਣਾ ਸੀ ਤਾਂ ਬਿੱਲੀ ਦੇ ਭਾਗੀਂ ਵੀ ਕੁਛ ਨਾ ਕੁਛ ਲਾਜ਼ਮੀ ਆਉਣਾ ਸੀ। ਗੁਰਿੰਦਰ ਦੇ ਦਿਮਾਗ ‘ਚ ਫ਼ੁੱਲਝੜੀਆਂ ਜਗਣ ਲੱਗ ਪਈਆਂ।

    -“ਪਲਾਟ ਵੀ ਵਿਕ ਜਾਣਗੇ ਬਾਪੂ, ਕਿਉਂ ਕਾਹਲ਼ੀ ਕੀਤੀ ਐ…? ਆਪਦੀ ਪ੍ਰਾਪਰਟੀ ਐ, ਸਿੱਟਣੀ ਥੋੜੋ ਐ…?”

    -“ਨਹੀਂ ਸ਼ੇਰਾ…! ਕੁੱਤੇ ਦੇ ਮੂੰਹ ਲਹੂ ਲੱਗਿਆ ਮਾੜਾ ਹੁੰਦੈ…! ਆਪਾਂ ਜਿੰਨੀ ਛੇਤੀ ਹੋ ਜਾਵੇ, ਪਲਾਟ ਵੇਚ ਕੇ ਪਰਾਂਹ ਮਾਰਨੇ ਐਂ…! ਜਦੋਂ ਕੁੱਤੇ ਦੇ ਮੂੰਹ ਨੂੰ ਲਹੂ ਲੱਗ ਜਾਵੇ, ਉਹ ਭਲੀ ਨੀ ਗੁਜਾਰਦਾ ਹੁੰਦਾ…! ਹੁਣ ਸ਼ਹਿਰ ਵਾਲ਼ੇ ਪਲਾਟ ਬਣੇ ਐਂ ਉਹਦੇ ਅੱਖਤਿਣ…! ਬੱਸ ਹੁਣ ਇਸ ਗੱਲੋਂ ਘੌਲ਼ ਨੀ ਕਰਨੀ…! ਤੂੰ ਆਪਦਾ ਕੋਈ ਜਾਣੂੰ ਬੰਦਾ ਫ਼ੜ ਤੇ ਫ਼ਸਤਾ ਵੱਢ ਇਹਨਾਂ ਦਾ…! ਨਹੀਂ ਉਹ ਇਹਨਾਂ ਨੂੰ ਕੌਡੀਆਂ ਵੱਟੇ ਵੇਚ ਕੇ ਪਰ੍ਹੇ ਕਰੂ…! ਖ਼ੂਨ ਪਸੀਨੇ ਦੀ ਕਮਾਈ ਐ ਸ਼ੇਰਾ, ਦਿਨ ਰਾਤ ਇੱਕ ਕਰ ਕੇ ਲਹੂ ਦੀਆਂ ਘੁੱਟਾਂ ਨਾਲ਼ ਬਣਾਈ ਐ, ਲੁੱਟੀਦੀ ਜਰ ਨੀ ਹੋਣੀਂ…! ਬੱਸ, ਜੋ ਮੈਂ ਤੈਨੂੰ ਕਿਹੈ, ਤੂੰ ਓਹੀ ਕਰ…!” ਗੁਰਦਿਆਲ ਸਿਉਂ ਸਤਿਆਂ ਵਾਂਗ ਬੋਲ ਰਿਹਾ ਸੀ।

    -“ਤੁਸੀਂ ਚਾਹ ਪਾਣੀ ਪੀਓ ਬਾਪੂ ਜੀ, ਮੈਂ ਕਿਸੇ ਡੀਲਰ ਨਾਲ਼ ਗੱਲ ਕਰ ਕੇ ਆਉਨੈਂ…!” ਗੁਰਿੰਦਰ ਦੇ ਦਿਮਾਗ ਵਿਚ ਖ਼ੁਸ਼ੀ ਦੀਆਂ ਘੰਟੀਆਂ ਖੜਕੀ ਜਾ ਰਹੀਆਂ ਸਨ।

    ਉਹ ਕਿਸੇ ਅਜੀਬ ਖ਼ੁਸ਼ੀ ਵਿਚ ਸਕੂਟਰ ਚੁੱਕ ਬਜ਼ਾਰ ਨੂੰ ਤੁਰ ਗਿਆ।

    ਬਾਪੂ ਦੀ ਧੀ ਗੀਤ ਉਸ ਕੋਲ਼ ਆ ਕੇ ਬੈਠ ਗਈ।

    -“ਬਾਪੂ…! ਕੀ ਕਮਲ਼ ਮਾਰਨ ਲੱਗ ਪਿਆ ਤੂੰ…?” ਧੀ ਨੇ ਹਿੱਲੇ ਦਿਮਾਗ ਵਾਲ਼ੇ ਬਾਪੂ ਨੂੰ ਠ੍ਹੋਕਰਿਆ। ਨਾਂ ਤਾਂ ਉਸ ਦਾ ਗੁਰਮੀਤ ਸੀ, ਪਰ ਸਾਰੇ ਉਸ ਨੂੰ ‘ਗੀਤ’ ਆਖ ਕੇ ਹੀ ਬੁਲਾਉਂਦੇ।

    -“………………..।”

    -“ਜੁਆਈਆਂ ‘ਤੇ ਐਨਾਂ ਇਤਬਾਰ ਨੀ ਕਰੀਦਾ ਹੁੰਦਾ, ਭੋਲ਼ਿਆ ਬਾਪੂ…!” ਉਸ ਨੇ ਫ਼ਿਰ ਪੱਥਰ ਬਣੇ ਬਾਪੂ ਨੂੰ ਹਲੂਣਿਆਂ, “ਤੈਨੂੰ ਇਹ ਨਹੀਂ ਪਤਾ ਬਈ ਜੁਆਈ ਅੱਗੇ ਪੁੱਤ ਦੀ ਕੀਤੀ ਬੁਰਾਈ ਤੈਨੂੰ ਪੁੱਠੀ ਪੈ ਜਾਊਗੀ…! ਜੁਆਈ ਮੂਹਰੇ ਸਕੇ ਪੁੱਤ ਦੀ ਕੀਤੀ ਬੁਰਾਈ ਕਦੇ ਵੀ ਤੇਰੇ ਭਲੇ ‘ਚ ਨੀ ਜਾਣੀ…! ਸਿਆਣੇ ਮਾਪੇ ਆਪਣੇ ਬੱਚਿਆਂ ਦੀ ਬਦਖੋਹੀ ਆਪਣੇ ਜੁਆਈਆਂ ਅੱਗੇ ਨੀ ਕਰਦੇ ਹੁੰਦੇ…! ਜੰਟਾ ਚਾਹੇ ਜਿੰਨਾਂ ਮਰਜੀ ਬਦ ਐ, ਪਰ ਤੇਰਾ ਆਬਦਾ ਖ਼ੂਨ ਐਂ, ਸਿਆਣੇ ਕਹਿੰਦੇ ਐ, ਆਬਦਾ ਮਾਰੂ ਫ਼ੇਰ ਵੀ ਛਾਵੇਂ ਸਿੱਟੂ…! ਪਰ ਇਹ ਸੱਤ ਬਿਗਾਨਾ ਖ਼ੂਨ ਤੇਰਾ ਕਦੋਂ ਬਣਿਆਂ…? ਇਹ ਤਾਂ ਭਾਲ਼ਦੈ ਕਿ ਇਹਨੂੰ ਕਿਤੋਂ ਤੁੰਭ ਲੱਗੀ ਮਿਲ਼ੇ, ਭਰਾੜ ਤਾਂ ਇਹਨੇ ਆਬਦੇ ਆਪ ਈ ਕਰ ਲੈਣੈਂ, ਬਾਪੂ…!”

    -“ਤੂੰ ਆਬਦੀਆਂ ਸਿਆਣਪਾਂ ਆਬਦੇ ਕੋਲ਼ੇ ਰੱਖਿਆ ਕਰ…! ਥੋਡੀ ਪੂਛ-ਪੂਛ ਨੇ ਤਾਂ ਉਹਨੂੰ ਸਿਰ ਚਾੜ੍ਹ ਕੇ ਵਿਗਾੜਿਐ…! ਨਸ਼ਿਆਂ ‘ਚ ਡੁੱਬਿਆ ਹੁਣ ਘਰ ਨੂੰ ਵੀ ਤੰਗਲ਼ੀ ਲਾਉਣ ਲੱਗ ਪਿਆ…! ਤੇ ਤੂੰ ਗਾਂਧੀ ਮਾਂਗੂੰ ਸ਼ਾਂਤੀ-ਸ਼ਾਂਤੀ ਪਿੱਟੀ ਜਾਨੀ ਐਂ…?” ਬਾਪੂ ਇੱਕ ਦਮ ਦੀਵੇ ਵਾਂਗ ਭੜੱਕਿਆ ਸੀ।

    -“ਘਰ ਦੇ ਕੁੱਤੇ ਨੂੰ ਚਾਹੇ ਡੰਡਿਆਂ ਨਾਲ਼ ਕੁੱਟ ਲਓ, ਉਹ ਫ਼ੇਰ ਵੀ ਵਫ਼ਦਾਰ ਰਹੂ ਤੇ ਘਰ ਦੀ ਰਾਖੀ ਕਰੂ…! ਸੱਪ ਨੂੰ ਚਾਹੇ ਨਿੱਤ ਦੁੱਧ ਪਿਆ ਦਿਓ, ਓਸ ਨੇ ਇੱਕ ਨਾ ਇੱਕ ਦਿਨ ਡੰਗ ਮਾਰਨਾ ਈ ਹੁੰਦੈ, ਬਾਪੂ…! ਨਾ ਐਨਾਂ ਭੋਲ਼ਾ ਬਣ…! ਗੁਰਿੰਦਰ ਮੇਰਾ ਬੰਦੈ, ਮੈਂ ਉਹਨੂੰ ਜਾਣਦੀ ਐਂ, ਉਹਨੇ ਤੇਰੇ ਨਾਲ਼ ਕਦੇ ਵਫ਼ਾ ਨੀ ਕਰਨੀ…! ਜਿਹੜਾ ਆਬਦੇ ਸਕੇ ਮਾਂ-ਪਿਉ ਤੇ ਸਕੇ ਭਰਾਵਾਂ ਦਾ ਨੀ ਬਣਿਆਂ, ਉਹ ਸਹੁਰਿਆਂ ਦਾ ਵਫ਼ਾਦਾਰ ਕਿੱਥੋਂ ਬਣ ਜਾਊਗਾ…? ਇਹ ਨੀਲੇ ਗਿੱਦੜ ਕਦੇ ਮਿੱਤ ਨੀ ਹੁੰਦੇ…! ਸਮਾਂ ਵਿਚਾਰ ਲੈ, ਨਹੀਂ ਫ਼ੇਰ ਪਛਤਾਵੇਂਗਾ….!”

    -“………………….।”

    ਧੀ ਦੀਆਂ ਸੱਚੀਆਂ ਅਤੇ ਖਰੀਆਂ ਸੁਣ ਕੇ ਇੱਕ ਵਾਰ ਤਾਂ ਬਾਪੂ ਨੂੰ ਚੱਕਰ ਆਇਆ।

    ਪਰ ਜੰਟੇ ਦੀਆਂ ਘਤਿੱਤਾਂ ਤੋਂ ਦੁਖੀ ਉਹ ਮੁੜ ਫ਼ਿਰ ਆਪਣੀ ਅੜੀ ‘ਤੇ ਅੜ ਗਿਆ।

    -“ਚੱਲ ਜੋ ਹੋਊ, ਦੇਖੀ ਜਾਊ, ਗੀਤ…!”

    -“ਤੈਨੂੰ ਮੈਂ ਇੱਕ ਗੱਲ ਸੁਣਾਉਨੀ ਐਂ…! ਦੋ ਅਮਲੀ ਇੱਕ ਮੰਜੇ ‘ਤੇ ਰਜਾਈ ਲਈ ਪਏ…! ਕੋਈ ਚੋਰ ਆਇਆ ਤੇ ਰਜਾਈ ਲਾਹ ਕੇ ਤੁਰ ਚੱਲਿਆ…! ਜਦੋਂ ਇੱਕ ਚੋਰ ਦੀ ਠੰਢ ਨਾਲ਼ ਜਾਗ ਖੁੱਲ੍ਹੀ ਤਾਂ ਉਸ ਨੇ ਦੂਜੇ ਅਮਲੀ ਨੂੰ ਪੁੱਛਿਆ; ਆਪਣੀ ਰਜਾਈ ਕਿੱਥੇ ਐ…? ਉਹ ਕਹਿੰਦਾ ਰਜਾਈ ਤਾਂ ਚੋਰ ਲਾਹ ਕੇ ਲੈ ਗਿਆ…! ਤੇ ਦੂਜਾ ਅਮਲੀ ਓਸ ਨੂੰ ਕਹਿੰਦਾ; ਤੇ ਤੂੰ ਓਹਨੂੰ ਫ਼ੜਿਆ ਕਿਉਂ ਨੀ…? ਦੂਜਾ ਅਮਲੀ ਕਹਿੰਦਾ; ਸਾਲ਼ੇ ਨੂੰ ਓਦੋਂ ਫ਼ੜੂੰਗਾਂ, ਜਦੋਂ ਹੁਣ ਸਿਰ੍ਹਾਣਾਂ ਚੱਕਣ ਆਇਆ…! ਉਹ ਗੱਲ ਤੇਰੀ ਐ ਬਾਪੂ…! ਤੂੰ ਵੀ ਗੱਲ ਬੀਤ ਗਈ ਤੋਂ ਬਾਅਦ ਈ ਟਿੱਡੀਆਂ ਬੁਸ਼ਕਰਨੀਐਂ…! ਪਰ ਫ਼ੇਰ ਤੇਰੇ ਹੱਥ ਪੱਲੇ ਕੁਛ ਨੀ ਆਉਣਾਂ…! ਤੂੰ ਨੇੜਲੇ ਰਿਸ਼ਤੇਦਾਰ ਬੁਲਾ ਕੇ ਉਹਨਾਂ ਸਾਹਮਣੇ ਜੰਟੇ ਨੂੰ ਸਮਝਾਉਂਦਾ ਕਿਉਂ ਨੀ…? ਜੁਆਈ ਅੱਗੇ ਆ ਕੇ ਵੈਣ ਕਾਹਤੋਂ ਪਾਉਣ ਲੱਗ ਪਿਐਂ…? ਜੰਟਾ ਬਾਈ ਆਖਰ ਤੇਰਾ ਆਪਦਾ ਖ਼ੂਨ ਐਂ…!” ਗੀਤ ਨੇ ਤੱਤੇ ਪੈਰਾਂ ਵਾਲ਼ੇ ਬਾਪੂ ਦੀ ਤਹਿ ਲਾ ਦਿੱਤੀ। ਪਤਾ ਗੀਤ ਨੂੰ ਵੀ ਸੀ ਕਿ ਬਾਪੂ ਆਪਣੀ ਜੱਦੀ-ਪੁਸ਼ਤੀ ਜਾਇਦਾਦ ਖੁਸਦੀ ਦਿਸਦੀ ਕਾਰਨ ਦੁਖੀ ਅਤੇ ਉਪਰਾਮ ਸੀ। ਪਰ ਉਸ ਨੂੰ ਇਸ ਗੱਲ ਦਾ ਵੀ ਰੰਜ ਸੀ ਕਿ ਉਹ ਸਰਾਸਰ ਇੱਕ ਗਲਤ ਬੰਦੇ, ਗੁਰਿੰਦਰ ਕੋਲ਼ ਆ ਗਿਆ ਸੀ, ਜੋ ਸਿਰੇ ਦਾ ਬੇਈਮਾਨ ਸੀ, ਜੋ ਆਪਣੇ ਸਕੇ ਮਾਂ ਬਾਪ ਅਤੇ ਭਰਾਵਾਂ ਦਾ ਵੀ ਨਹੀਂ ਬਣਿਆਂ ਸੀ।

    -“…………..।” ਬਾਪੂ ਚੁੱਪ ਵੱਟ ਗਿਆ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ। ਪਰ ਹੁਣ ਗੱਲ ਹੱਥੋਂ ਨਿਕਲ਼ ਚੁੱਕੀ ਸੀ। ਹੁਣ ਉਹ ਜੁਆਈ ਨੂੰ ਸਾਰੀ ਗੱਲ ਦੱਸ ਬੈਠਾ ਸੀ, ਜਿਸ ਤੋਂ ਮੁੜਨਾ ਉਸ ਲਈ ਔਖਾ ਸੀ। ਹੁਣ ਤੀਰ ਭੱਥੇ ‘ਚੋਂ ਦਾਗਿਆ ਜਾ ਚੁੱਕਿਆ ਸੀ।

    ਗੁਰਿੰਦਰ ਆਪਣੀ ਜਾਣ ਪਹਿਚਾਣ ਵਾਲ਼ੇ ਡੀਲਰ ਕੋਲ਼ ਬੈਠਾ ਗੱਲ ਮਿਥ ਰਿਹਾ ਸੀ।

    -“ਤੇਰੇ ਅਨੁਸਾਰ ਉਹ ਪਲਾਟ ਕਿੰਨੇ ਕੁ ਦੇ ਹੋਣਗੇ, ਗਿੱਲਾ…?” ਗੁਰਿੰਦਰ ਨੇ ਡੀਲਰ ਨੂੰ ਖੁਰਚ ਕੇ ਦੇਖਿਆ।

    -“ਉਹ ਬੜਾ ਵਧੀਆ ਆਲੀਸ਼ਾਨ ਏਰੀਐ ਗਿੰਦੀ, ਇੱਕ ਪਲਾਟ ਪੱਚੀ ਕੁ ਲੱਖ ਦਾ ਤਾਂ ਹੋਊਗਾ…! ਬਾਕੀ ਖਰੀਦਣ ਵਾਲ਼ੇ ਦੇ ਸਿਰ ‘ਤੇ ਐ ਕਿ ਉਹ ਕਿੰਨੀ ਕੁ ਮਾਰ ਖਾਣੀ ਚਾਹੁੰਦੈ…!” ਡੀਲਰ ਨੇ ਸਿੱਧੀ ਸਪੱਸ਼ਟ ਗੱਲ ਦੱਸ ਦਿੱਤੀ।

    -“ਅੱਛਾ ਜੀ…?” ਉਸ ਦਾ ਮੂੰਹ ਅੱਡਿਆ ਗਿਆ, “ਖਰੀਦਣ ਵਾਲ਼ਾ ਬੰਦਾ ਤਾਂ ਤੈਨੂੰ ਮੈਂ ਮਿਲ਼ਾ ਦਿੰਨੈ, ਗਿੱਲਾ…! ਤੂੰ ਇਹ ਦੱਸ ਮੇਰਾ ਕਮਿਸ਼ਨ ਕਿੰਨਾਂ ਹੋਊਗਾ…?” ਗੁਰਿੰਦਰ ਸਿੱਧਾ ਦੱਲਿਆਂ ਵਾਲ਼ੇ ‘ਦਾਅ’ ‘ਤੇ ਆ ਗਿਆ।

    -“ਦੋਨਾਂ ਪਲਾਟਾਂ ‘ਚੋਂ ਦੋ ਲੱਖ ਤੈਨੂੰ ਦੁਆ ਦਿਊਂਗਾ, ਹੋਰ ਤਾਂ ਮੇਰੇ ਕੋਈ ਵੱਸ ਨੀ…!”

    -“ਨੇੜੇ ਹੋ ਕੇ ਮੇਰੀ ਗੱਲ ਸੁਣ ਓਏ, ਸਾਲ਼ਿਆ ਚਗਲ਼ਾ…! ਕੰਧਾਂ ਦੇ ਵੀ ਸਾਲ਼ੀਆਂ ਦੇ ਕੰਨ ਹੁੰਦੇ ਐ…! ਡੀਲਰ ਤੂੰ ਐਂ ਤੇ ਤੈਨੂੰ ਮੁਫ਼ਤੋ ਮੁਫ਼ਤੀ ‘ਚ ਚੋਰ ਮੋਰੀਆਂ ਮੈਨੂੰ ਦੱਸਣੀਆਂ ਪੈਂਦੀਐਂ…! ਜੇ ਕੱਟਿਆਂ ਦੀਆਂ ਕੀਤੀਆਂ ਰਹਿ ਜਾਣ, ਤਾਂ ਲੋਕ ਝੋਟਿਆਂ ਨੂੰ ਦਾਣਾਂ ਕਿਉਂ ਚ੍ਹਾਰਨ…?” ਗੁਰਿੰਦਰ ਬੋਲਿਆ।

    -“ਤੇਰੇ ਤਾਬਿਆਦਾਰ ਵੀ ਏਸੇ ਕਰ ਕੇ ਰਹਿੰਨੇ ਆਂ…! ਬੋਲ ਬਾਈ….?” ਡੀਲਰ ਉਸ ਦੇ ਹੋਰ ਨੇੜੇ ਹੋ ਗਿਆ।

    -“ਇਹ ਪਲਾਟ ਹੈਗੇ ਐ ਮੇਰੇ ਸਹੁਰੇ ਦੇ…! ਵੱਡਾ ਮੁੰਡਾ ਨਿਕਲ਼ ਗਿਆ, ਅਲ਼ੱਥ! ਉਹਤੋਂ ਅਲ਼ੱਥ ਤੋਂ ਡਰਦਾ ਉਹ ਜਿੰਨੀ ਜਲਦੀ ਹੋ ਸਕੇ, ਪਲਾਟ ਵੇਚਣ ਨੂੰ ਫ਼ਿਰਦੈ…! ਤੂੰ ਪੱਚੀ ਲੱਖ ਦੀ ਜਗਾਹ ਪਲਾਟ ਵੀਹ ਲੱਖ ਦਾ ਈ ਦੱਸ….! ਦੋ ਪਲਾਟਾਂ ਮਗਰ ਸਿੱਧਾ ਦਸ ਲੱਖ ਮੈਨੂੰ ਆਜੂ, ਤੇ ਤੂੰ ਆਬਦਾ ਬਣਦਾ ਕਮਿਸ਼ਨ ਲੈ ਲਵੀਂ….! ਕੀ ਖ਼ਿਆਲ ਐ…?”

    -“ਮੁੱਲ ਤਾਂ ਮੈਂ ਵੀਹ ਈ ਦੱਸ ਦਿਊਂਗਾ, ਪਰ ਆਪਾਂ ਨੂੰ ਕੋਈ ਖਰੀਦਦਾਰ ਵੀ ਚਾਹੀਦੈ…!” ਡੀਲਰ ਨੇ ਅਗਲੀ ਔਕੜ ਦੱਸੀ।

    -“ਖਰੀਦਦਾਰ ਵੀ ਤੈਨੂੰ ਮਿਲ਼ਾ ਦਿਊਂਗਾ….! ਇਹ ਵੀ ਚਿੰਤਾ ਨਾ ਕਰ…! ਤੂੰ ਬੁੜ੍ਹੇ ਦੇ ਪੈਰ ਨਾ ਲੱਗਣ ਦੇਈਂ, ਬਾਕੀ ਮੈਂ ਸੰਭਾਲ਼ ਲਊਂਗਾ, ਖਰੀਦਦਾਰ ਤੇਰੇ ਕੋਲ਼ ਕੱਲ੍ਹ ਨੂੰ ਈ ਆਇਆ ਲੈ…!”

    ਗੱਲ ਗਿਣ-ਮਿਥ ਕੇ ਗੁਰਿੰਦਰ ਨੇ ਤਾਂਤਰਿਕ ਨੂੰ ਫ਼ੋਨ ਮਿਲ਼ਾ ਲਿਆ।

    -“ਦੋ ਪਲਾਟ ਆਏ ਐ ਹੱਥ ‘ਚ, ਜੇ ਖਰੀਦਣ ਨੂੰ ਦਿਲ ਕਰਦੈ ਤਾਂ…?”

    -“ਕਿੱਥੇ ਐ….?” ਤਾਂਤਰਿਕ ਨੂੰ ਗਧੇ ਵਾਂਗ ਹੀਂਗਣਾ ਛੁੱਟ ਪਿਆ।

    -“ਗੋਲਡਨ ਐਵੇਨਿਊ ‘ਚ…!”

    -“ਕੀਮਤ…?”

    -“ਕੀਮਤ ਦੋਨਾਂ ਦੀ ਪੰਜਾਹ ਲੱਖ਼…!”

    -“ਬਹੁਤੀ ਐ…!”

    -“ਤੂੰ ਮੋਕ ਨਾ ਮਾਰੀ ਜਾਹ…! ਇੱਕ-ਦੋ ਲੱਖ ਘੱਟ ਕਰਵਾ ਦਿਆਂਗੇ…! ਨਾਲ਼ੇ ਤੇਰੇ ਵਾਸਤੇ ਇੱਕ-ਦੋ ਲੱਖ ਕੀ ਐ…? ਤੂੰ ਕਿਹੜਾ ਮੱਕੀ ਗੁੱਡ ਕੇ ਬਣਾਏ ਐ…?” ਗੁਰਿੰਦਰ ਦੀ ਤਾਂਤਰਿਕ ਨਾਲ਼ ਸਿੱਧੀ ਗੱਲ ਸੀ। ਤਾਂਤਰਿਕ ਕਿਸੇ ਸਮੇਂ ਸਿਰ ਕੱਢਵਾਂ ਬਦਮਾਸ਼ ਰਿਹਾ ਸੀ। ਹਵਾਲਾਤਾਂ, ਜੇਲ੍ਹਾਂ ਕੱਟਦਾ ਉਹ ਪੱਕੜ ਠੱਗ ਬਣ ਗਿਆ ਸੀ। ਫ਼ਿਰ ਬੈਂਕ ਡਕੈਤੀ ਕਰਨ ਤੋਂ ਬਾਅਦ ਪੁਲੀਸ ਤੋਂ ਡਰਦਾ ਬੰਗਾਲ ਕਿਸੇ ਸਾਧੂ ਦੇ ਡੇਰੇ ਜਾ ਲੁਕਿਆ। ਹੁਣ ਰੰਗ-ਢੰਗ ਸਿੱਖ ਕੇ ਪੂਰਾ ਤਾਂਤਰਿਕ ਬਣ ਕੇ ਬੈਠ ਗਿਆ ਸੀ ਅਤੇ ਉਸ ਦਾ ‘ਠੱਕ-ਠਕਾ’ ਪੂਰਾ ਚੱਲ ਨਿਕਲ਼ਿਆ ਸੀ।

    -“ਚੱਲ ਤੂੰ ਕਰ ਗੱਲ, ਲੈ ਲਵਾਂਗੇ…! ਤੂੰ ਯਾਰ ਐਂ, ਤੂੰ ਵੀ ਕੀ ਜਾਣੇਂਗਾ…?” ਤਾਂਤਰਿਕ ਦੇ ਕਹਿਣ ‘ਤੇ ਗੁਰਿੰਦਰ ਖ਼ੁਸ਼ੀ ਵਿਚ ਬੱਕਰਾ ਬੁਲਾਉਣ ਵਾਲ਼ਾ ਹੋ ਗਿਆ।

    -“ਇੱਕ ਗੱਲ ਹੋਰ ਐ ਯਾਰ…!”

    -“ਦੱਸ….? ਤੂੰ ਮੇਰੀ ਹਿੱਕ ਦਾ ਵਾਲ਼ ਐਂ, ਗਿੰਦੀ…! ਤੂੰ ਜਾਨ ਮੰਗ, ਜਾਨ ਹਾਜ਼ਰ ਕਰੂੰਗਾ…!” ਤਾਂਤਰਿਕ ਨੇ ਹਿੱਕ ਠੋਕ ਦਿੱਤੀ।

    -“ਯਾਰ ਮੇਰਾ ਸਰਬੰਧੀ ਜੰਟਾ ਦਾਰੂ ਨੀ ਛੱਡਦਾ, ਘਰਦੇ ਦੁਖੀ ਐ, ਉਹਦਾ ਕੋਈ ਕਰ ‘ਲਾਜ਼…!”

    ਉਸ ਦੇ ਕਹਿਣ ‘ਤੇ ਤਾਂਤਰਿਕ ਪਾਗਲਾਂ ਵਾਂਗ ਹੱਸ ਪਿਆ।

    -“ਆਪਣੇ ਇਲਾਜ ਨਾਲ਼ ਜਾਂ ਤਾਂ ਅੰਮਾਂ ਅੰਦਰ, ਤੇ ਜਾਂ ਜਲੰਧਰ ਹੁੰਦੀ ਹੈ, ਪਤਾ ਨ੍ਹਾਂ…?”

    -“ਉਹ ਤਾਂ ਪਤੈ…! ਮੈਂ ਤਾਂ ਸਹੁਰਿਆਂ ਦੇ ਟੱਬਰ ਅੱਗੇ ਹਮਦਰਦ ਈ ਬਣ ਕੇ ਦਿਖਾਉਣੈ, ਹੋਰ ਉਹਦੇ ਦਾਰੂ ਛੱਡਣ ਨਾਲ਼ ਮੈਨੂੰ ਕਿਹੜਾ ਪੈਨਸ਼ਨ ਲੱਗ ਜਾਣੀਂ ਐਂ…? ਮੇਰੇ ਵੱਲੋਂ ਕੱਲ੍ਹ ਨੂੰ ਮਰਦਾ, ਚਾਹੇ ਭੈਣ ਚੋਦ ਅੱਜ ਮਰ’ਜੇ…!”

    -“ਉਹ ਤਾਂ ਮੈਨੂੰ ਪਤੈ, ਗਿੰਦੀ…! ਲਾਗੀਆਂ ਨੇ ਲਾਗ ਲੈਣੈ, ਅਗਲੀ ਚਾਹੇ ਜਾਂਦੀ ਰੰਡੀ ਹੋ’ਜੇ…! ਜਾਂ ਇਉਂ ਕਹਿ ਲੈ ਬਈ ਕੋਈ ਮਰੇ ਕੋਈ ਜੀਵੇ, ਤੇ-!”

    -“……ਸੁਥਰਾ ਘੋਲ਼ ਪਤਾਸੇ ਪੀਵੇ….!” ਤਾਂਤਰਿਕ ਦੀ ਰਹਿੰਦੀ ਗੱਲ ਗੁਰਿੰਦਰ ਨੇ ਪੂਰੀ ਕਰ ਦਿੱਤੀ।

    -“ਤੂੰ ਪੰਜਾਹ ਲੱਖ ਤਿਆਰ ਰੱਖ, ਪਰਸੋਂ ਨੂੰ ਰਜ਼ਿਸਟਰੀ ਕਰਵਾਉਣੀ ਐਂ…!”

    -“ਕਰਵਾ ਲਵਾਂਗੇ, ਖਸਮਾਂ….! ਕਰਵਾ ਲਵਾਂਗੇ…! ਰਕਮ ਤਿਆਰ ਹੋਊ…! ਰਕਮ ਆਪਾਂ ਕਿਤੋਂ ਲੈਣ ਜਾਣੀ ਐਂ…? ਬੈਂਕ ਈ ਜਾ ਵੜਨੈ…!”

    -“ਮੈਨੇਜਰ ਨੂੰ ਫ਼ੋਨ ਕਰ ਕੇ ਦੱਸ ਦੇਈਂ, ਕਈ ਵਾਰੀ ਓਹਨਾਂ ਕੋਲ਼ੇ ਏਨੀ ਰਕਮ ਹੁੰਦੀ ਨੀ ਬੈਂਕ ‘ਚ….!”

    -“ਮੈਨੇਜਰ ਦਾ ਸਾਲ਼ੇ ਦਾ ਗਲ਼ ਨਾ ਦੱਬ ਦਿਆਂਗੇ…? ਗੋਲੀ ਕੀਹਦੀ, ਤੇ ਗਹਿਣੇ ਕੀਹਦੇ..? ਸਾਡੇ ਨਾਲ਼ ਵਿਗਾੜ ਕੇ ਮੈਨੇਜਰ ਨੇ ਭੁੱਖਾ ਮਰਨੈਂ…?”

    ਗੁਰਿੰਦਰ ਘਰ ਆ ਗਿਆ।

    ਬਾਪੂ ਦੇ ਗੋਡੇ ਮੁੱਢ ਬੈਠੀ ਗੀਤ ਨੂੰ ਦੇਖ ਕੇ ਉਸ ਦਾ ਮੱਥਾ ਠਣਕਿਆ। ਕਿਉਂਕਿ ਗੀਤ ਕਦੇ ਵੀ ਗੁਰਿੰਦਰ ਦੇ ਹੱਕ ‘ਚ ਨਹੀਂ ਬੋਲਦੀ ਸੀ। ਉਹ ਉਸ ਦੀਆਂ ਗੰਦੀਆਂ, ਕਮੀਨੀਆਂ ਅਤੇ ਘੋਰ ਲਾਲਚੀ ਆਦਤਾਂ ਕਰ ਕੇ ਗੁਰਿੰਦਰ ਦੀ ਹਮੇਸ਼ਾ ਵਿਰੋਧਤਾ ਕਰਦੀ ਸੀ। ਇਸ ਵਿਰੋਧਤਾ ਕਾਰਨ ਉਸ ਨੂੰ ਗੁਰਿੰਦਰ ਦੀ ਕੁੱਟ ਦਾ ਵੀ ਸ਼ਿਕਾਰ ਹੋਣਾ ਪੈਂਦਾ ਸੀ। ਪਰ ਉਹ ਸੱਚ ਬੋਲਣ ਤੋਂ ਰੁਕਦੀ ਨਹੀਂ ਸੀ, ਆਪਣਾ ਰੋਲ ਅਦਾ ਕਰੀ ਜਾਂਦੀ ਸੀ।

    -“ਆ ਗਿਆ ਸ਼ੇਰਾ…?” ਬਾਪੂ ਅੱਧੇ ਉਤਸ਼ਾਹ ਅਤੇ ਅੱਧੀ ਉਦਾਸੀ ਵਿਚ ਬੋਲਿਆ।

    -“ਆ ਬਾਪੂ ਬਾਹਰ ਪਾਰਕ ‘ਚ ਗੇੜਾ ਕੱਢ ਕੇ ਆਈਏ…!” ਉਹ ਬਾਪੂ ਨੂੰ ਇੱਕ ਤਰ੍ਹਾਂ ਨਾਲ਼ ਉਂਗਲ਼ ਲਾ ਕੇ ਲੈ ਤੁਰਿਆ। ਉਸ ਨੂੰ ਪਤਾ ਸੀ ਕਿ ਜੇ ਗੀਤ ਸਾਹਮਣੇ ਕੋਈ ਗੱਲ ਸ਼ੁਰੂ ਕੀਤੀ ਤਾਂ ਉਹ ਆਪਣੀ ਆਦਤ ਅਨੁਸਾਰ ਵਿਚ ਅੜਿੱਕਾ ਡਾਹੇਗੀ ਅਤੇ ਸਹੁਰੇ ਸਾਹਮਣੇ ਉਸ ਨੂੰ ਕੁਛ ਕਿਹਾ ਵੀ ਨਹੀਂ ਜਾਣਾ। ਇਸ ਲਈ ਉਹ ਢੰਗ ਨਾਲ਼ ਸਹੁਰੇ ਨੂੰ ਬਾਹਰ ਲੈ ਤੁਰਿਆ।

    -“ਪਲਾਟਾਂ ਦੀ ਗੱਲ ਮੈਂ ਕਰ ਆਇਐਂ, ਬਾਪੂ ਜੀ…!”

    -“ਅੱਛਾ…?” ਬਾਪੂ ਦੀਆਂ ਬੁਝੀਆਂ ਅੱਖਾਂ ਦੀ ਜੋਤ ਰੌਸ਼ਨ ਹੋ ਗਈ।

    -“ਮੁੱਲ ਕੀ ਤੋੜਿਆ…?”

    -“ਤੈਨੂੰ ਪਤੈ ਬਾਪੂ, ਮੰਦਾ ਚੱਲ ਰਿਹੈ ਅੱਜ ਕੱਲ੍ਹ, ਪਰ ਫ਼ੇਰ ਵੀ ਮੈਂ ਗੱਲ ਚਾਲ਼ੀ ਲੱਖ ‘ਚ ਨਬੇੜ ਆਇਐਂ…!”

    -“ਚਾਲ਼ੀ ਤੋਂ ਦੋ ਲੱਖ ਵੱਧ ਨੀ ਮਿਲ਼ਦਾ…?”

    -“ਕੋਸ਼ਿਸ਼ ਕਰ ਕੇ ਦੇਖ ਲਊਂਗਾ, ਪਰ ਮੈਨੂੰ ਗੱਲ ਬਣਦੀ ਦਿਸਦੀ ਨੀ, ਬਾਪੂ….! ਮੈਂ ਤਾਂ ਆਹੀ ਸੋਚਦਾ ਸੀ ਕਿ ਜੰਟੇ ਅਰਗੇ ਦਾ ਕੀ ਵਿਸਾਹ…? ਵੀਹ ਲੱਖ ‘ਚ ਈ ਦੋਨੋ ਪਲਾਟ ਵੇਚ ਕੇ ਪਰਾਂਹ ਕਰੇ…? ਜਿਹੜਾ ਪੈਸਾ ਮਿਲ਼ਦੈ, ਲੈ ਕੇ ਹੱਥ ਹੇਠ ਕਰੋ…! ਹੱਥ ਆਈ ਚੀਜ਼ ਈ ਆਬਦੀ ਹੁੰਦੀ ਐ, ਕਿ ਨਹੀਂ…?”

    -“ਆਹੋ…! ਓਸ ਗੱਲ ਦੇ ਆਖਣ ਮਾਂਗੂੰ, ਜਾਂਦੇ ਚੋਰ ਦੀ ਤੜਾਗੀ ਈ ਸਹੀ…! ਬੜੇ ਦੁਖੀ ਕੀਤੇ ਐਂ ਏਸ ਗੰਦੀ ‘ਲ਼ਾਦ ਨੇ…! ਨਹੀਂ ਆਹ ਹੋਰ ਦੋ ਸਾਲਾਂ ਨੂੰ ਇਹੀ ਪਲਾਟ ਕਰੋੜ ਦੇ ਵਿਕਣੇ ਸੀ…!” ਸੋਚ ਕੇ ਬਾਪੂ ਨੂੰ ਦੌਰਾ ਪੈਣ ਵਾਲ਼ਾ ਹੋ ਗਿਆ।

    -“ਗਏ ਦਾ ਝੋਰਾ ਨਾ ਕਰੀਏ, ਬਾਪੂ…! ਜੇ ਆਹ ਚਾਲ਼ੀ ਲੱਖ ਵੀ ਆਪਣੇ ਹੱਥ ਨਾ ਆਉਂਦੇ ਤਾਂ ਕੀ ਪੂਛ ਫ਼ੜ ਲੈਂਦੇ…? ਕਹਿੰਦੇ ਹੁੰਦੇ ਐ ਬਈ ਜੇ ਬੋਤਾ ‘ਇੱਛ-ਇੱਛ’ ਕਰੇ ਤੋਂ ਨਾ ਬੈਠੇ, ਤਾਂ ਉਹਦਾ ਆਪਾਂ ਕੀ ਕਰ ਲਈਏ…? ਐਡੇ ਜਾਨਵਰ ਨੂੰ ਫ਼ੜ ਕੇ ਤਾਂ ਬਿਠਾਉਣੋਂ ਰਹੇ…? ਸਿਆਣੇ ਸੱਚ ਈ ਕਹਿੰਦੇ ਐ ਬਈ ਜੇ ਧਨ ਜਾਂਦਾ ਦਿਸੇ ਤਾਂ ਅੱਧਾ ਦੇਈਏ ਲੁਟਾ…!”

    -“ਇਹ ਵੀ ਸੱਚ ਐ, ਗੁਰਿੰਦਰ ਸਿਆਂ…!” ਮਾਨਸਿਕ ਪੱਖੋਂ ਥਿੜਕੇ ਬਾਪੂ ਦੀ ਅੱਧ-ਪਚੱਧ ਤਸੱਲੀ ਹੋ ਗਈ। ਉਹ ਸੋਚ ਰਿਹਾ ਸੀ ਕਿ ਗੀਤ ਤਾਂ ਉਸ ਨੂੰ ਐਂਵੇਂ ਹੀ ਗੁਰਿੰਦਰ ਖ਼ਿਲਾਫ਼ ਤੁੱਖਣਾਂ ਦਿੰਦੀ, ਭੜਕਾਉਂਦੀ ਰਹਿੰਦੀ ਹੈ, ਇਹ ਤਾਂ ਮੇਰਾ ਕਰਦਾ ਹੀ ਬਹੁਤ ਐ…! ਇਹਦੇ ਵਰਗਾ ਹਮਦਰਦ ਜੁਆਈ ਮੈਨੂੰ ਕਿਤੋਂ ਮਿਲਣੈ…? ਗੀਤ ਇਹਨੂੰ ਵਿਚਾਰੇ ਨੂੰ ਐਂਵੇਂ ਵਾਧੂ ਹੀ ਨਿੰਦੀ ਜਾਂਦੀ ਰਹਿੰਦੀ ਐ…! ਇਹ ਤਾਂ ਸੱਤਾਂ ਦੇਵਤਿਆਂ ਵਰਗਾ ਮੇਰਾ ਇੱਕੋ-ਇੱਕ ਜੁਆਈ ਐ…!

    -“ਰਿਛਟਰੀ ਕਿੱਦਣ ਕਰਵਾਉਣੀ ਐਂ….?”

    -“ਰਜ਼ਿਸਟਰੀ ਤਾਂ ਤੁਸੀਂ ਚਾਹੇ ਕੱਲ੍ਹ ਨੂੰ ਕਰਵਾ ਲਓ, ਬਾਪੂ ਜੀ…! ਅਗਲਿਆਂ ਦੀ ਰਕਮ ਤਿਆਰ ਐ…! ਘੌਲ਼ ਤਾਂ ਹੁਣ ਥੋਡੀ ਐ, ਅਗਲੇ ਤਾਂ ਮੁੱਠੀਆਂ ‘ਚ ਥੁੱਕੀ ਫਿਰਦੇ ਐ…!”

    -“ਪਰਸੋਂ ਬੁੱਧਵਾਰ ਐ, ਪਰਸੋਂ ‘ਤੇ ਰੱਖ਼…!”

    -“ਠੀਕ ਐ…! ਪਰਸੋਂ ‘ਤੇ ਰੱਖ ਲਓ…! ਮੈਂ ਅਗਲਿਆਂ ਨੂੰ ਰਕਮ ਲੈ ਕੇ ਆਉਣ ਲਈ ਆਖ ਦਿੰਨੈ…!”

    -“ਆਖ ਦੇ, ਪੁੱਤ….! ਗੁਰੂ ਭਲਾ ਕਰੇ….!”

    ਉਹ ਘਰ ਆ ਗਏ।

    ਗੀਤ ਦੀ ਸੱਜੀ ਅੱਖ ‘ਫ਼ੜੱਕ-ਫ਼ੜੱਕ’ ਫ਼ਰਕੀ ਜਾ ਰਹੀ ਸੀ।

    ਜਿਸ ਕਾਰਨ ਉਹ “ਵਾਹਿਗੁਰੂ – ਵਾਹਿਗੁਰੂ” ਜਪੀ ਜਾ ਰਹੀ ਸੀ।

    ਗੀਤ ਨੇ ਉਹਨਾਂ ਅੱਗੇ ਚਾਹ ਲਿਆ ਰੱਖੀ।

    -“ਇੱਕ ਗੱਲ ਮੈਂ ਤੇਰੇ ਨਾਲ਼ ਹੋਰ ਕਰਨੀ ਸੀ, ਬਾਪੂ ਜੀ…!”

    -“ਦੱਸ….?” ਬਾਪੂ ਚਾਹ ਦਾ ਕੱਪ ਮੂੰਹ ਨੂੰ ਲਾਉਂਦਾ ਬੋਲਿਆ।

    -“ਇੱਕ ਸੰਤ ਬਾਰੇ ਦੱਸ ਪਈ ਐ…!”

    -“ਓਏ ਛੱਡ ਸੰਤਾਂ ਨੂੰ, ਸ਼ੇਰਾ…! ਤੈਨੂੰ ਪਤੈ ਮੈਂ ਅੰਮ੍ਰਿਤਧਾਰੀ ਬੰਦੈਂ, ਤੇ ਮੈਂ ਇਹਨਾਂ ਸਾਧਾਂ ਸੰਤਾਂ ਨੂੰ ਨੀ ਮੰਨਦਾ…!”

    -“ਬਾਪੂ ਜੀ ਤੁਸੀਂ ਮੇਰੀ ਗੱਲ ਨੀ ਸੁਣਦੇ ਪੂਰੀ, ਆਬਦਾ ਘਰਾਟ ਰਾਗ ਚਾਲੂ ਕਰ ਦਿੰਨੇ ਐਂ…!” ਗੁਰਿੰਦਰ ਹੱਸ ਪਿਆ।

    -“ਬੋਲ ਪੁੱਤ….?”

    -“ਉਹ ਕੋਈ ਟੂਣਾਂ ਟਾਮਣ, ਕਰਮ-ਕਾਂਡ ਜਾਂ ਕੋਈ ਪਾਖੰਡ ਨੀ ਕਰਦਾ…! ਬੱਸ ਕੋਈ ਨਿੱਕਾ ਮੋਟਾ ਉਪਾਅ ਕਰਨ ਨੂੰ ਆਖਦੈ, ਤੇ ਬੰਦੇ ਦੀ ਦਾਰੂ ਛੁਡਾ ਦਿੰਦੈ…! ਆਪਾਂ ਉਹਦੇ ਕੋਲ਼ੇ ਚੱਲ ਕੇ ਜੰਟੇ ਦੀ ਦਾਰੂ ਛੁਡਾਉਣ ਦੀ ਗੱਲ ਕਰੀਏ…!”

    -“ਤੂੰ ਗੀਤ ਨੂੰ ਈ ਲੈਜਾ ਸ਼ੇਰਾ…! ਜੇ ਜੰਟੇ ਦੀ ਦਾਰੂ ਛੁੱਟ ਜਾਵੇ, ਆਪਣਾ ਤਾਂ ਮੂਧਾ ਵੱਜਿਆ ਘਰ ਸਿੱਧਾ ਹੋ’ਜੇ…!”

    -“ਚੱਲ ਠੀਕ ਐ…! ਆਪਾਂ ਚੱਲਾਂਗੇ, ਗੀਤ…! ਉਹ ਬਾਬਾ ਤਾਂ ਕਹਿੰਦੇ ਸ਼ਰਾਬ ਪੀਣ ਆਲ਼ੇ ਦੇ ਕਲਿੱਪ ਜੜ ਦਿੰਦੈ….! ਮੁੜ ਕੇ ਬੰਦਾ ਦਾਰੂ ਨੂੰ ਨੱਕ ਨੀ ਕਰਦਾ…..!”

    -“……………….।” ਗੀਤ ਨੇ ਕੋਈ ਉੱਤਰ ਨਾ ਦਿੱਤਾ।

    ਉਹ ਚੁੱਪ ਚਾਪ ਆਪਣੇ ਕੰਮ ਧੰਦੇ ਵਿਚ ਲੱਗੀ ਰਹੀ।

    -“ਪਹਿਲਾਂ ਆਹ ਪਲਾਟਾਂ ਆਲ਼ਾ ਕੰਮ ਨਬੇੜ ਲਈਏ ਬਾਪੂ ਜੀ, ਬਾਕੀ ਜੰਟੇ ਦੀ ਦਾਰੂ ਆਲ਼ੇ ਕੋਕੇ ਆਪਾਂ ਬਾਅਦ ‘ਚ ਜੜਾਂਗੇ….!”

    -“ਠੀਕ ਐ ਪੁੱਤ….!”

    ਗੀਤ ਪਤਾ ਨਹੀਂ ਕੀ-ਕੀ ਸੋਚ ਅੰਦਰੇ ਅੰਦਰ ਖਿਝੀ ਅਤੇ ਕੁੜ੍ਹੀ ਜਾ ਰਹੀ ਸੀ।

    PUNJ DARYA

    Leave a Reply

    Latest Posts

    error: Content is protected !!