2 ਮਹੀਨਿਆਂ ਬਾਅਦ ਬਣਨ ਗੇ ਹੇਅਰ ਸਟਾਈਲ
ਮੋਗਾ (ਮਿੰਟੂ ਖੁਰਮੀ)
ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹਜ਼ਾਮਤ ਦੀਆਂ ਦੁਕਾਨਾਂ, ਸੈਲੂਨਜ਼, ਸਪਾਅ, ਬਿਊਟੀ ਪਾਰਲਰ ਨੂੰ ਹਫ਼ਤੇ ਦੇ ਸਾਰੇ ਦਿਨ (ਸਿਵਾਏ ਮੰਗਲਵਾਰ) ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਹੈ।
ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਦੁਕਾਨਾਂ/ਸੈਲੂਨਜ ਵਿੱਚ ਦੁਕਾਨਦਾਰ ਆਪਣੀ ਪੂਰੀ ਜਿੰਮੇਵਾਰੀ ਅਤੇ ਕਰੋਨਾ ਦੇ ਸੰਕਰਮਣ ਤੋ ਰੋਕਣ ਸਬੰਧੀ ਵਰਤੀਆਂ ਜਾਣ ਵਾਲੀਆਂ ਸਾਰੀਆਂ ਸਾਵਧਾਨੀਆਂ ਨੂੰ ਅਮਲ ਵਿੱਚ ਲਿਆ ਕੇ ਹੀ ਕੰਮ ਕਰਨ ਨੂੰ ਯਕੀਨੀ ਬਣਾਉਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਇਨ੍ਹਾਂ ਦੁਕਾਨਾਂ/ਸੈਲੂਨਜ਼ ਨੂੰ ਖੋਲ੍ਹਣ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਨ੍ਹਾਂ ਦੁਕਾਨਾਂ/ਸੈਲੂਨਜ ਦੇ ਮਾਲਕ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦਾ ਕੋਈ ਵੀ ਵਰਕਰ ਜਿਸ ਵਿੱਚ ਕੋਵਿਡ 19 ਦੇ ਲੱਛਣ (ਬੁਖਾਰ, ਸੁੱਕੀ ਖੰਗ, ਸਾਹ ਲੈਣ ਵਿੱਚ ਤਕਲੀਫ) ਪਾਏ ਜਾਂਦੇ ਹਨ ਨੂੰ ਦੁਕਾਨ ਵਿੱਚ ਕੰਮ ਨਾ ਕਰਨ ਦਿੱਤਾ ਜਾਵੇ ਅਤੇ ਨਾ ਹੀ ਅਜਿਹੇ ਲੱਛਣਾਂ ਵਾਲੇ ਕਿਸੇ ਵੀ ਗ੍ਰਾਹਕ ਨੂੰ ਸੇਵਾ ਦਿੱਤੀ ਜਾਵੇ।
ਦੁਕਾਨਦਾਰ ਆਪਣੀ ਦੁਕਾਨ ਵਿੱਚ ਇਕੱਲੇ ਉਸ ਗ੍ਰਾਹਕ ਨੂੰ ਹੀ ਦਾਖਲ ਹੋਣ ਦੇਣਗੇ ਜਿਸ ਨੇ ਸੇਵਾ ਲੈਣੀ ਹੈ ਉਸ ਨਾਲ ਆਏ ਹੋਰ ਕਿਸੇ ਵੀ ਵਿਅਕਤੀ ਨੂੰ ਦਾਖਲ ਨਹੀ ਹੋਣ ਦੇਣਗੇ ਤਾਂ ਕਿ ਦੁਕਾਨ ਵਿੱਚ ਬੇਲੋੜਾ ਇਕੱਠ ਨਾ ਹੋਵੇ ਅਤੇ ਸਮਾਜਿਕ ਦੂਰੀ ਵੀ ਬਰਕਰਾਰ ਰੱਖੀ ਜਾ ਸਕੇ।
ਜਿੱਥੋ ਤੱਕ ਹੋ ਸਕੇ ਗ੍ਰਾਹਕ ਦੁਕਾਨ/ਸੈਲੂਨ ਤੇ ਮਾਸਕ ਪਹਿਣ ਕੇ ਰੱਖਣਗੇ ਅਤੇ ਦੁਕਾਨ ਦੇ ਮਾਲਕ ਅਤੇ ਸਮੂਹ ਵਰਕਰਾਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੈ।
ਵਰਕਰਾਂ ਵੱਲੋ ਗ੍ਰਾਹਕ ਨੂੰ ਸੇਵਾ ਦਿੰਦੇ ਸਮੇ ਕੋਵਿਡ 19 ਸਬੰਧੀ ਜਾਰੀ ਹਦਾਇਤਾਂ ਜਿਵੇ ਕਿ ਵਾਰ ਵਾਰ ਹੱਥ ਧੋਣਾ, ਸੇਨੇਟਾਈਜ਼ਰ ਦੀ ਵਰਤੋ ਕਰਨਾ, ਜਨਤਕ ਥਾਵਾਂ ਤੇ ਨਾ ਥੁੱਕਣਾ ਆਦਿ ਦਾ ਧਿਆਨ ਰੱਖਿਆ ਜਾਵੇ।
ਜਿੱਥੋ ਤੱਕ ਹੋ ਸਕੇ ਦੁਕਾਨਦਾਰਾਂ ਵੱਲੋ ਡਿਜੀਟਲ ਪੇਮੇਟ ਨੂੰ ਤਰਜੀਹ ਦਿੱਤੀ ਜਾਵੇ। ਜੇਕਰ ਨਗਦ ਅਦਾਇਗੀ ਹੁੰਦੀ ਹੈ ਤਾਂ ਵਰਕਰਾਂ ਅਤੇ ਗ੍ਰਾਹਕਾਂ ਵੱਲੋ ਅਦਾਇਗੀ ਤੋ ਪਹਿਲਾਂ ਅਤੇ ਬਾਅਦ ਹੱਥ ਸੈਨੇਟਾਈਜ ਕੀਤੇ ਜਾਣਗੇ।
ਸਰਵਿਸ ਰੂਮਜ਼, ਵੇਟਿੰਗ ਏਰੀਆ, ਵਰਕ ਸਟੇਸ਼ਨ ਆਦਿ ਦੀ ਹਰ 2 ਤੋ 3 ਘੰਟੇ ਬਾਅਦ ਸਫਾਈ ਕੀਤੀ ਜਾਵੇਗੀ। ਦੁਕਾਨ/ਸੈਲੂਨ ਦਾ ਫਰਸ਼ 1 ਫੀਸਦੀ ਸੋਡੀਅਮ ਹਾਈਪੋਕੋਲੋਰਾਈਟ ਜਾਂ ਕੋਈ ਅਜਿਹੇ ਕੀਟਾਣੂ ਨਾਸ਼ਕ ਨਾਲ ਸਾਫ ਕੀਤਾ ਜਾਵੇਗਾ।
ਦੁਕਾਨ/ਸੈਲੂਨ ਦਾ ਫਰਨੀਚਰ ਜਾਂ ਦਰਵਾਜਿਆਂ ਦੇ ਹੈਡਲ, ਜਿੰਨ੍ਹਾਂ ਨੂੰ ਵਾਰ ਵਾਰ ਹੱਥ ਲੱਗਦੇ ਹਨ ਨੁੰ ਨਿਰੰਤਰ ਸੇਨੇਟਾਈਜ ਕੀਤਾ ਜਾਵੇਗਾ।
ਦੁਕਾਨ ਸੈਲੂਨ ਵਿੱਚ ਕੰਮ ਆਉਣ ਵਾਲੇ ਔਜਾਰ ਜਿਵੇ ਕਿ ਕੈਚੀ, ਬਲੇਡ, ਕੰਘਾ ਆਦਿ ਨੂੰ ਹਰ ਵਾਰ ਵਰਤੋ ਤੋ ਬਾਅਦ 1 ਫੀਸਦੀ ਸੋਡੀਅਮ ਹਾਈਪੋਕੋਲੋਰਾਈਟ ਨਾਲ ਸਾਫ ਕੀਤਾ ਜਾਵੇ ਅਤੇ ਸੈਲੂਨ ਵਿੱਚ ਵਰਤੇ ਜਾਣ ਵਾਲੇ ਤੌਲੀਏ ਆਦਿ ਨੂੰ ਵਾਰ ਵਾਰ ਧੋਤਾ ਜਾਵੇ ਅਤੇ ਇੱਕ ਤੋ ਜਿਆਦਾ ਗ੍ਰਾਹਕਾਂ ਲਈ ਇਨ੍ਹਾਂ ਦੀ ਵਰਤੋ ਨਾ ਕੀਤੀ ਜਾਵੇ।
ਇਸ ਤੋ ਇਲਾਵਾ ਨਾਈ ਦੀਆਂ ਦੁਕਾਨਾਂ/ਸੈਲੂਨਜ਼, ਸਪਾਅ , ਬਿਊਟੀ ਪਾਰਲਰ ਲਈ ਸਿਹਤ ਵਿਭਾਗ ਵੱਲੋ ਭਵਿੱਖ ਵਿੱਚ ਜਾਰੀ ਹੋਣ ਵਾਲੀਆ ਹਦਾਇਤਾਂ ਵੀ ਇਨ੍ਹਾਂ ਤੇ ਲਾਗੂ ਹੋਣਗੀਆਂ।
ਸਿਹਤ ਵਿਭਾਗ ਦੀਆਂ ਹਦਾਇਤਾਂ ਨੁੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਕੋਈ ਵਿਅਕਤੀ ਉਕਤ ਦੁਕਾਨਾਂ ਤੇ ਬਿਨ੍ਹਾਂ ਮਾਸਕ ਤੋ ਪਾਇਆ ਜਾਂਦਾ ਹੈ ਤਾਂ ਉਸ ਨੁੰ 200 ਰੁਪਏ ਅਤੇ ਅਜਿਹੇ ਵਿਅਕਤੀਆਂ ਵੱਲੋ ਜਨਤਕ ਥਾਵਾਂ ਤੇ ਥੁੱਕਣ ਤੇ 100 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ।
ਉਪਰੋਕਤ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀਆਂ/ਅਦਾਰਿਆਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।