ਮਨਦੀਪ ਕੌਰ ਭੰਮਰਾ
ਹਸਰਤਾਂ ਦੀ ਦੁਨੀਆਂ ਨਾਂਹ ਤਬਾਹ ਕਰ ਮੇਰੀ,
ਨਫ਼ਰਤਾਂ ਦੀ ਦੁਨੀਆਂ ਨਾਂਹ ਬਣਾਅ ਧਰ ਮੇਰੀ।
ਖਵਾਹਿਸ਼ਾਂ ਦਾ ਅਨੁਭਵ ਤੂੰ ਕਰ ਨਾ ਸਕੇਂ ਜੇਕਰ,
ਖੁਸ਼ੀਆਂ ਦੀ ਦੁਨੀਆਂ ਨਾਂਹ ਢੁਆਹ ਪਰ ਮੇਰੀ।
ਤੁਆਰਫ਼ ਹੋ ਰਿਹਾ ਭਾਵੇਂ ਜ਼ਮਾਨੇ ਨਾਲ਼ ਅੱਜਕੱਲ੍ਹ,
ਸ਼ੁਹਰਤ ਨੂੰ ਖੰਭ ਲੱਗੇ ਰਹੇਗੀ ਹੇਠ੍ਹਾਂ ਨਜ਼ਰ ਮੇਰੀ।
ਇਬਾਰਤ ਹੈ ਇਹ ਤਾਂ ਜਵਾਬ ਲੈਣੇ ਹਾਲੇ ਬਾਕੀ,
ਹਿਸਾਬ ਲਵਾਂਗੀ ਮੈਂ ਰਹੀ ਉਮਰਾ ਅਗਰ ਮੇਰੀ।
ਪਰਬਤਾਂ ਜਿਹਾ ਜਿਗਰਾ ਭਾਵੇਂ ਜਿੰਦ ਮਲੂਕ ਸੀ,
ਇਬਾਦਤ ਸੀ ਗਹਿਣਾ ਰਹੀ ਹਯਾਤ ਭਰ ਮੇਰੀ।
ਧੜਕਦੈ ਤਾਂ ਹਰ ਹਿਰਦਾ ਹੁੰਦੈ ਬੇਰਹਿਮ ਜ਼ਮਾਨੇ,
ਜਜ਼ਬਾਤ ਨਹੀਂ ਤਦ ਹਾਲਤ ਦੇਖਿਆ ਕਰ ਮੇਰੀ।
ਸੰਸਕਾਰ ਹੀ ਹੁੰਦੇ ਨੇ ਜੋ ਨਾਲ਼ ਨਿਭ੍ਹਦੇ ਹਨ ਤੇਰੇ,
ਸੰਸਾਰ ਸਦਾ ਦੇਖਿਆ ਕਰਦਾ ਖਤਾਹ ਹਰ ਮੇਰੀ।
ਤੁਰਦਿਆਂ ਨਾਲ਼ ਤੁਰਦੇ ਲੋਕ ਤੇ ਕਾਫ਼ਲਾ ਬਣਾਂਦੇ,
ਸਹਿਮਤ ਨਾ ਹੋਵੇਂ ਜ਼ਮੀਰ ਨਾ ਜ਼ਿਬਾਹ ਕਰ ਮੇਰੀ।
ਰਹਿਮਤ ਰਹੀ ਸੱਚੇ ਰੱਬ ਦੀ ਮੇਰੀ ਕਲਮ ਤੇ ਸਦਾ,
ਡੁਲਾਅ ਨਾਂ ਅਜ਼ੀਜ਼ ਬੜੀ ਮੈਨੂੰ ਰਾਹਗੁਜ਼ਰ ਮੇਰੀ।