ਦੁੱਖਭੰਜਨ ਸਿੰਘ ਰੰਧਾਵਾ
0351920036369
ਮੈਂ ਕੁਝ ਕੱਢੀਆਂ ਨੇ ਯਾਦਾਂ
ਅੜਿਆ ਯਾਦਾਂ ਦੀ ਅਲਮਾਰੀ ਚੋਂ।
ਬਾਗੀਂ ਫੁੱਲਾਂ ਨੂੰ ਦੰਦਲ ਪੈ ਗਈ,
ਰੰਗ ਉੱਡ ਗਏ ਫੁਲਕਾਰੀ ਚੋਂ।
ਮੇਰੇ ਹਿੱਸੇ ਗਮ ਆਇਆ ਤੇ,
ਤੇਰੇ ਹਿੱਸੇ ਸਕੂਨ ਗਿਆ।
ਸ਼ਿੱਦਤ ਨੂੰ ਲਗ ਗਈਆਂ ਨਜ਼ਰਾਂ,
ਜਾਂਦਾ ਜਾਂਦਾ ਜਨੂੰਨ ਗਿਆ।
ਫੋਲਿਆ ਜਦ ਮੈਂ ਕੱਖ ਨੀ ਮਿਲਿਆ,
ਮੈਨੂੰ ਤੇਰੀ ਮੇਰੀ ਯਾਰੀ ਚੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ
ਖੜੇ ਪੈਰ ਤੇ ਰੰਗ ਵਟਾਉਣਾ,
ਆ ਗਿਐ ਮਤਲਬੀ ਲੋਕਾਂ ਨੂੰ।
ਮੈਨੂੰ ਰਵਾਉਣਾ ਤੇ ਸਤਾਉਣਾ,
ਭਾਅ ਗਿਐ ਮਤਲਬੀ ਲੋਕਾਂ ਨੂੰ।
ਏਨਾਂ ਲੋਕਾਂ ਜੜਾਂ ਵੀ ਰਹਿਣ ਨੀ,
ਦਿੱਤੀਆਂ ਮੇਰੀ ਏਸ ਕਿਆਰੀ ਚੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ
ਦਿਲ ਮੇਰੇ ਦੇ ਟੋਟੇ ਕਰਕੇ ਨਿਰਮੋਹੇ,
ਨੇਂ ਰਾਹਾਂ ਵਿੱਚ ਖਿਲਾਰ ਦਿੱਤੇ।
ਹਾਏ ਜੋ ਮੇਰੇ ਸਨ ਚਾਅ ਅਣਮੁੱਲੇ,
ਓਨੇ ਇੱਕ ਇੱਕ ਕਰਕੇ ਮਾਰ ਦਿੱਤੇ।
ਜਿਹੜੀ ਪੱਗ ਲਵਾ ਕੇ ਛੱਡੇ,
ਕੀ ਲੈਣਾ ਐਸੀ ਸਰਦਾਰੀ ਤੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ
ਸੋਗ ਸੁਰਾਹੀ ਭਰ ਭਰ ਮਿਲਿਆ,
ਨਾ ਕੰਨਾਂ ਵਿੱਚ ਆਜ਼ਾਨ ਪਵੇ।
ਵੇ ਜੋ ਮੈਂ ਖੇਡੀ ਹਾਰ ਬੈਠੀ ਆਂ,
ਹੁਣ ਕਿਸੇ ਪਾਸੇ ਨਾ ਧਿਆਨ ਪਵੇ।
ਹੁਣ ਮੈਂ ਦੱਸ ਕੀ ਕੱਢ ਲੈਣਾ ਏ,
ਇਸ ਆਪਣੀਂ ਬਾਜ਼ੀ ਹਾਰੀ ਚੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ
ਫੇਰ ਕਿਸੇ ਨੂੰ ਕਹਿ ਨੀ ਹੋਣਾ,
ਮੈਂ ਇੱਕੋ ਵਾਰੀ ਕਹਿ ਕੇ ਮਰਨਾ।
ਦੇ ਜਿੰਨਾਂ ਦੇ ਸਕਦਾ ਏਂ ਦੁੱਖ,
ਅੱਜ ਮੈਂ ਤੇਰਾ ਦੁੱਖ ਸਹਿ ਕੇ ਮਰਨਾ।
ਜਿਸ ਨਾਲ ਮੇਰੀ ਜਾਨ ਲੈ ਲਈ ਆ,
ਕੀ ਕੱਢਿਆ ਈ ਓਸ ਕਟਾਰੀ ਚੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ
ਮੈਂ ਦੁੱਖਭੰਜਨ ਨੂੰ ਕਹਿ ਕਹਿ ਮਰਗੀ,
ਕਦੇ ਮੇਰੀ ਉਸ ਨੇ ਇੱਕ ਨਾ ਮੰਨੀਂ।
ਆਪਣੀ ਅੜੀ ਤੇ ਰਿਹਾ ਓ ਅੜਿਆ,
ਉਸ ਆਪਣੀਂ ਚੰਦਰੇ ਹਿੰਢ ਨਾ ਭੰਨੀ।
ਹੁਣ ਮੈਨੂੰ ਮਾਰ ਕੇ ਸੱਟ ਵੇ ਮੌਲਾ,
ਮੈਨੂੰ ਛੁਟਕਾਰਾ ਦੇ ਏਸ ਬੀਮਾਰੀ ਚੋਂ।
ਮੈਂ ਕੁਝ ਕੱਢੀਆਂ ਨੇਂ ਯਾਦਾਂ ਅੜਿਆ,
ਯਾਦਾਂ ਦੀ ਅਲਮਾਰੀ ਚੋਂ।