ਮਨਦੀਪ ਕੌਰ ਭੰਮਰਾ
ਉਮਰਾਂ ਦੀ ਚਾਨਣੀ ਸਿਤਾਰੇ ਜੜ ਦੇਵਾਂ ਮੈਂ
ਰਾਤਾਂ ਵਾਲ਼ਾ ਚੰਨ ਅਤੇ ਤਾਰੇ ਜੜ ਦੇਵਾਂ ਮੈਂ
ਚਮਕਾਂ ਉਹ ਮਾਰੇ ਸੂਰਜ ਵੀ ਜੜ ਦੇਵਾਂ ਮੈਂ
ਭਾਵਾਂ ਵਾਲ਼ੇ ਸੁੱਚੇ ਮੋਤੀ,ਹੀਰੇ ਜੜ ਦੇਵਾਂ ਮੈਂ
ਚਾਂਦਨੀ ਜਹੀ ਰੁੱਤ ਹੋਵੇ ਚੰਨ ਤੇ ਚਕੋਰ ਹੋਵੇ
ਦਿਲ ‘ਚ ਪੁਕਾਰ ਹੋਵੇ ਅੱਖਾਂ ਵਿੱਚ ਲੋਰ ਹੋਵੇ
ਰੂਹ ਤੇਰੀ ਸ਼ਾਂਤ ਹੋਵੇ ਮਨ ਚ ਭਾਵੇਂ ਸ਼ੋਰ ਹੋਵੇ
ਰੱਬ ਵਾਲ਼ੀ ਯਾਦ ਹੋਵੇ ਸਾਥੀ ਭਾਵੇਂ ਹੋਰ ਹੋਵੇ
ਮਿਸ਼ਰੀ ਜੇ ਬੋਲ ਹੋਣ ਮਿੱਠਾ ਮਿੱਠਾ ਬੋਲ ਹੋਵੇ
ਬੋਲਾਂ ਵਿੱਚ ਘੁਲ਼ਿਆ ਨਿਰਾ ਮਖਿਆਲ਼ ਹੋਵੇ
ਅੱਖ ਵਿੱਚ ਦਿਸੇ ਵੀ ਨਿਰਾ ਨਾ ਖਿਆਲ ਹੋਵੇ
ਨਿੱਘੇ ਵਿਚਾਰ ਰੱਖੀਂ ਜੇ ਭਰ੍ਹਵਾਂ ਸਿਆਲ਼ ਹੋਵੇ
ਅਰਸ਼ਾਂ ਜਹੀ ਸੋਚ ਰੱਖੀਂ ਨਿਮਰ ਸੁਭਾਅ ਰੱਖੀਂ
ਕਦਮਾਂ ਚ ਦਲੇਰੀ ਰੱਖੀਂ ਨੀਵੀਂ ਨਿਗਾਹ ਰੱਖੀਂ
ਅੰਬਰਾਂ ਨੂੰ ਛੋਹ ਜਾਵੇਂ ਤੂੰ ਹਿੰਮਤ ਅਥਾਹ ਰੱਖੀਂ
ਸੂਰਜ ਦੇ ਸਾਹਵੇਂ ਹੋ ਅੱਖ ਵਿੱਚ ਅੱਖ ਪਾ ਰੱਖੀੰ
ਚਾਨਣਾਂ ਨੂੰ ਵਾਜਾਂ ਮਾਰੀਂ ਬਾਹਵਾਂ ਬਣ ਜਾਣਗੇ
ਤੁਰਨਗੇ ਨਾਲ਼ ਤੇਰੇ ਕੁੱਝ ਰਾਹਵਾਂ ਬਣ ਜਾਣਗੇ
ਜਿਗਰਾ ਤੂੰ ਸਾਵਾਂ ਰੱਖੀਂ ਵਾਹਵਾ ਰਲ਼ ਜਾਣਗੇ
‘ਉਮਰਾਂ ਦੀ ਚਾਨਣੀ’ ਤੇ ਹਜ਼ਾਰਾਂ ਰਲ਼ ਜਾਣਗੇ!