ਗੁਰਮੇਲ ਕੌਰ ਸੰਘਾ (ਥਿੰਦ),ਲੰਡਨ
ਕਿਸੇ ਦੀ ਖ਼ਾਤਰ ਕੋਈ ਨਾ ਮਰਦਾ,
ਕੋਈ ਨਾ ਕਿਸੇ ਲਈ ਹੌਕੇ ਭਰਦਾ।
ਔਖਾ ਹੋ ਗਿਆ ਅੱਜਕਲ ਕਰਨਾ,
ਹਰ ਇੱਕ ਤੇ ਇਤਬਾਰ ਵੇ।
ਕੋਈ ਨਾ ਕਿਸੇ ਦਾ ਦਰਦੀ ਇੱਥੇ,
ਮਤਲਬ ਦਾ ਸੰਸਾਰ ਵੇ।
ਹੱਸਦਿਆਂ ਦੇ ਨਾਲ ਹੱਸਦੇ ਸਾਰੇ,
ਕੋਈ ਨਾ ਕਿਸੇ ਦਾ ਦਰਦ ਵੰਡਾਵੇ।
ਨਾਲ਼ ਜੀਣ ਤੇ ਨਾਲ਼ ਮਰਨ ਦੇ,
ਪੈ ਜਾਂਦੇ ਨੇ ਝੂਠੇ ਦਾਅਵੇ।
ਵਿੱਚ ਮੁਸੀਬਤ ਛੱਡ ਜਾਂਦੇ ਨੇ,
ਦਿਲਜਾਨੀ-ਦਿਲਦਾਰ ਵੇ।
ਕੋਈ ਨਾ ਕਿਸੇ ਦਾ ਦਰਦੀ ਇੱਥੇ,
ਮਤਲਬ ਦਾ ਸੰਸਾਰ ਵੇ।
ਦਿਲ ਦੇ ਵਿੱਚ ਨਾ ਪਿਆਰ ਰਹਿ ਗਿਆ,
ਬਦਲ ਗਿਆ ਇਨਸਾਨ ਵੇ।
ਧਨ – ਦੌਲਤ ਤੇ ਸ਼ੋਹਰਤ ਪਿੱਛੇ,
ਬਦਲੇ ਦੀਨ ਈਮਾਨ ਵੇ।
ਵਿਰਲਾ ਹੀ ਕੋਈ ਤੋੜ ਨਿਭਾਉਂਦਾ,
ਬਣਿਆਂ ਪਿਆਰ ਵਪਾਰ ਵੇ।
ਕੋਈ ਨਾ ਕਿਸੇ ਦਾ ਦਰਦੀ ਇੱਥੇ,
ਮਤਲਬ ਦਾ ਸੰਸਾਰ ਵੇ।
ਵੀਰ, ਵੀਰ ਦਾ ਵੈਰੀ ਬਣਿਆਂ,
ਸੱਜੀ ਬਾਂਹ ਜੋ ਕਹਿਣ ਸਿਆਣੇ।
ਪੱਗਵੱਟ ਯਾਰ ਉਹ ਵੱਟਾ ਲਾਉਂਦੇ,
ਜਿਸ ਨਾਲ਼ ਬੀਤੇ ਉਹੀਓ ਜਾਣੇ।
ਰਿਸ਼ਤੇ – ਨਾਤੇ ਇਉਂ ਬਦਲਦੇ,
ਜਿਉਂ ਬਦਲੇ ਸਰਕਾਰ ਵੇ।
ਕੋਈ ਨਾ ਕਿਸੇ ਦਾ ਦਰਦੀ ਇੱਥੇ,
ਮਤਲਬ ਦਾ ਸੰਸਾਰ ਵੇ।
ਆਦਮਖ਼ੋਰ ਬੰਦੇ ਲਈ ਕੀਮਤ,
ਰਹਿ ਨਾ ਗਈ ਇਨਸਾਨ ਦੀ।
‘ਸੰਘਾ’ਅੱਜ ਇਨਸਾਫ਼ ਵੀ ਵਿਕਦਾ,
ਵਿਕਦੀ ਏ ਗੱਲ ਜ਼ੁਬਾਨ ਦੀ।
ਦੁਖ਼ੀਆਂ ਤੇ ਮਜ਼ਲੂਮਾਂ ਦੀ ਅੱਜ,
ਕੋਈ ਨਾ ਸੁਣੇ ਪੁਕਾਰ ਵੇ।
ਕੋਈ ਨਾ ਕਿਸੇ ਦਾ ਦਰਦੀ ਇੱਥੇ,
ਮਤਲਬ ਦਾ ਸੰਸਾਰ ਵੇ।