ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਤਾਨਵੀ ਸਿਹਤ ਸਕੱਤਰ ਮੈਟਰੋ ਹੈਨਕੌਕ ਨੇ ਕਿਹਾ ਹੈ ਕਿ ਜੇ ਯੂਕੇ ਕੋਰੋਨਾਵਾਇਰਸ ਦੇ ਤੋੜ ਵਿੱਚ ਕੋਈ ਟੀਕਾ ਬਣਾਉਦਾ ਹੈ ਤਾਂ ਦੇਸ਼ ਵਿਚ ਹਰੇਕ ਨੂੰ ਕੋਰੋਨਾਵਾਇਰਸ ਵਿਰੁਧ ਟੀਕਾਕਰਣ ਕੀਤਾ ਜਾਵੇਗਾ। ਅੱਜ ਦੀ ਡਾਊਨਿੰਗ ਸਟ੍ਰੀਟ ਪ੍ਰੈਸ ਕਾਨਫਰੰਸ ਵਿਚ ਉਹਨਾਂ ਇਹ ਗੱਲ ਆਖੀ ਹੈ। ਅਜਿਹਾ ਟੀਕਾ ਅਜੇ ਵਿਸ਼ਵ ਵਿਚ ਕਿਤੇ ਵੀ ਵਿਕਸਤ ਨਹੀਂ ਹੋਇਆ ਹੈ, ਪਰ ਆਕਸਫੋਰਡ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਲੰਡਨ ਦੇ ਵਿਗਿਆਨੀ ਇਸ ਨੂੰ ਬਣਾਉਣ ਦੀ ਦੌੜ ਵਿਚ ਹਨ। ਉਹਨਾਂ ਕਿਹਾ ਕਿ ਇਹ ਬਾਅਦ ਵਿੱਚ ਨਿਰਧਾਰਿਤ ਕੀਤਾ ਜਾਵੇਗਾ ਕਿ ਇਹ ਜਰੂਰੀ ਹੈ ਜਾਂ ਨਹੀਂ। ਫਿਲਹਾਲ ਉਹ ਵਧੀਆ ਵੈਕਸੀਨ ਦੀ ਉਡੀਕ ਕਰ ਰਹੇ ਹਨ, ਪਰ ਇਸ ਸੰਕਟ ਦੀ ਘੜੀ ਵਿੱਚੋਂ ਲੰਘਣ ਲਈ ਹਰੇਕ ਲਈ ਟੀਕਾਕਰਨ ਜਰੂਰੀ ਹੈ।
ਇਸ ਤੋਂ ਬਿਨਾਂ ਇੰਗਲੈਂਡ ਦੇ ਮੁੱਖ ਮੈਡੀਕਲ ਅਫਸਰ ਪ੍ਰੋਫੈਸਰ ਕ੍ਰਿਸ ਵਿੱਟੀ ਨੇ ਕਿਹਾ ਕਿ ਇਹ ਨੀਤੀ, ਵਿਕਸਤ ਕੀਤੇ ਇਲਾਜ ਦੀ ਕਿਸਮ ਉੱਤੇ ਨਿਰਭਰ ਕਰ ਸਕਦੀ ਹੈ ਅਤੇ ਟੀਕਿਆਂ ਨੂੰ ਅਸੀ ਦੋ ਤਰੀਕਿਆਂ ਨਾਲ ਵਿਆਪਕ ਰੂਪ ਵਿਚ ਵਰਤ ਸਕਦੇ ਹਾਂ, ਜਿਵੇਂ ਕਿ ਇਸ ਮਹਾਂਮਾਰੀ ਨੂੰ ਸੋਧਣ ਲਈ ਅਤੇ ਲੋਕਾਂ ਨੂੰ ਲਾਗ ਤੋਂ ਬਚਾਉਣ ਲਈ।