4.4 C
United Kingdom
Sunday, March 8, 2026

More

    Video- ਸਾਧ ਪੁਜਾਰੀ ਲਾਣੇ ਦੇ ਧੌਲ-ਧੱਫੇ ਕਰਦਾ ਗੀਤ ਹੈ “ਨਾਨਕ ਬਣਨਾ ਪਊ”

    ਪੰਜ ਦਰਿਆ ਬਿਊਰੋ

    ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਚਿੱਚੜ ਬਣ ਕੇ ਚਿੰਬੜੇ ਸਾਧਲਾਣੇ ਤੇ ਪੁਜਾਰੀ ਵਰਗ ਨੇ ਗੁਰੂ ਜੀ ਦੀ ਅਸਲ ਵਿਚਾਰਧਾਰਾ ਲੋਕਾਂ ਨੂੰ ਦਿਖਾਈ ਹੀ ਨਹੀਂ। ਕਿਰਤ ਕਰਨ ਦਾ ਹੋਕਾ ਦਿੰਦੀ ਮੱਤ ਲੋਕਾਂ ਨੂੰ ਇਸ ਕਰਕੇ ਨਹੀਂ ਵੰਡੀ ਗਈ ਤਾਂ ਕਿ ਪੁਜਾਰੀ ਵਰਗ ਦੀਆਂ ਆਪਣੀਆਂ ਦੁਕਾਨਾਂ ਬੰਦ ਨਾ ਹੋ ਜਾਣ। ਲੋਕਾਂ ਵਿੱਚ ਜਾਗਰਤੀ ਆ ਰਹੀ ਹੈ, ਸਵਾਲ ਪੁੱਛੇ ਜਾਣ ਲੱਗੇ ਹਨ, ਸੰਵਾਦ ਰਚੇ ਜਾਣ ਲੱਗੇ ਹਨ। ਗੀਤ ਸੰਗੀਤ ਦਾ ਮੁਹਾਂਦਰਾ ਬਦਲ ਰਿਹਾ ਹੈ। ਇਸੇ ਬਦਲਵੇਂ ਵਿਚਾਰਾਂ ਵਿੱਚੋਂ ਹੀ ਉਪਜਿਆ ਹੈ ਗਾਇਕ ਤੇ ਗੀਤਕਾਰ ਕਰਮਜੀਤ ਮੀਨੀਆਂ ਦਾ ਗੀਤ “ਨਾਨਕ ਬਣਨਾ ਪਊ”। ਗਲਾਸਗੋ ਵਸਦਾ ਕਰਮਜੀਤ ਮੀਨੀਆਂ ਖੁਦ ਇੱਕ ਕਿਰਤੀ, ਮਿਹਨਤੀ, ਜਾਗਰੂਕ ਨੌਜਵਾਨ ਹੈ। ਉਸਨੂੰ ਚਾਨਣ ਹੈ ਕਿ ਕਿਵੇਂ ਸਾਨੂੰ ਸਵਰਗ ਦਾ ਲਾਲਚ ਤੇ ਨਰਕ ਦਾ ਡਰਾਵਾ ਦੇ ਕੇ ਸਾਧ ਲਾਣਾ ਆਪਣੀ ਜ਼ਿੰਦਗੀ ਨੂੰ ਬਿਨਾਂ ਡੱਕਾ ਦੂਹਰਾ ਕੀਤਿਆਂ ਸਵਰਗ ਬਣਾਈ ਰੱਖਦਾ ਹੈ। ਕਿਰਤੀ ਲੋਕ ਖੂਨ ਪਸੀਨੇ ਦੀ ਕਮਾਈ ਇਸੇ ਲਾਲਚ ਤੇ ਡਰਾਵੇ ਕਰਕੇ ਇਹਨਾਂ ਅੱਗੇ ਢੇਰੀ ਕਰਦੇ ਰਹਿੰਦੇ ਹਨ। ਸਕਾਟਲੈਂਡ ਦੀ ਧਰਤੀ ‘ਤੇ ਲਗਭਗ ਡੇਢ ਦਹਾਕੇ ਤੋਂ ਵਸਿਆ ਕਰਮਜੀਤ ਮੀਨੀਆਂ ਲੰਮੇ ਸਮੇਂ ਤੋਂ ਰੇਡੀਓ ਪੇਸ਼ਕਾਰ ਵਜੋਂ ਵੀ ਜਾਣਿਆ ਪਛਾਣਿਆ ਨਾਮ ਹੈ। ਲੋਕ ਕਰਮਜੀਤ ਮੀਨੀਆਂ ਨੂੰ ਹਰ ਵੇਲੇ ਠਹਾਕੇ ਲਾ ਲਾ ਹੱਸਣ ਤੇ ਹਸਾਉਣ ਵਾਲੇ ਇਨਸਾਨ ਵਜੋਂ ਜਾਣਦੇ ਹਨ, ਪਰ ਇਸ ਗੀਤ ਰਾਹੀਂ ਕੀਤੀਆਂ ਗਹਿਰ ਗੰਭੀਰ ਗੱਲਾਂ ਹੈਰਾਨ ਜ਼ਰੂਰ ਕਰਨਗੀਆਂ। ਅਦਾਰਾ “ਪੰਜ ਦਰਿਆ” ਪਰਿਵਾਰ ਦੇ ਸੁਹਿਰਦ ਜੀਅ ਕਰਮਜੀਤ ਮੀਨੀਆਂ ਨੂੰ ਉਹਨਾਂ ਦੇ ਇਸ ਗੀਤ ਦੀ ਵਧਾਈ ਦੇਣ ਦੇ ਨਾਲ ਨਾਲ ਹਰ ਪਾਠਕ ਨੂੰ ਬੇਨਤੀ ਵੀ ਕਰਦਾ ਹੈ ਕਿ ਗੀਤ ਨੂੰ ਸੁਣ ਕੇ ਆਪਣੇ ਦਾਇਰੇ ਦੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ। ਸਾਡੀ ਅਕਸਰ ਹੀ ਸ਼ਿਕਾਇਤ ਹੁੰਦੀ ਹੈ ਕਿ ਪਰਿਵਾਰਕ ਗੀਤ ਘੱਟ ਆਉਂਦੇ ਹਨ, ਇਹ ਗੀਤ ਨਿਰੋਲ ਪਰਿਵਾਰਕ ਹੀ ਨਹੀਂ ਸਗੋਂ ਸਮਾਜਿਕ, ਧਾਰਮਿਕ, ਇਨਕਲਾਬੀ ਵੀ ਹੈ। ਪਰਿਵਾਰ ਵਿਚ ਬੈਠ ਕੇ ਸੁਣਦਿਆਂ ਨਾਮੋਸ਼ੀ ਨਹੀਂ, ਸਗੋਂ ਮਾਣ ਮਹਿਸੂਸ ਹੋਵੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!