ਮਾਨਸਾ (ਪੰਜ ਦਰਿਆ ਬਿਊਰੋ )
ਲਾਕਡਾਊਨ ਦੇ ਦਰਮਿਆਨ ਅਜੇ ਤੱਕ ਦੁਕਾਨਾਂ ਨਾ ਖੋਲ੍ਹਣ ਕਾਰਨ ਆਰਥਿਕ ਮੰਦੀ ਦਾ ਸ਼ਿਕਾਰ ਹੋ ਰਹੇ ਹੇਅਰ ਡ੍ਰੈਸਿੰਗ ਤੇ ਸੈਲੂਨ ਦਾ ਕੰਮਕਾਰ ਕਰਨ ਵਾਲੇ ਕਿਰਤੀਆਂ ਦੀ ਅਹਿਮ ਮੀਟਿੰਗ ਸ਼ਹਿਰੀ ਤਾਲਮੇਲ ਕਮੇਟੀ ਦੇ ਸੱਦੇ ਤੇ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਹੋਈ।ਮੀਟਿੰਗ ਦੌਰਾਨ ਸੈਲੂਨ ਐਸੋਸੀਏਸ਼ਨ ਦੀ ਚੋਣ ਕਰਕੇ ਕਰਮਜੀਤ ਸਿੰਘ ਪ੍ਰਧਾਨ ਵਿੱਕੀ ਗਰੋਵਰ ਨੂੰ ਸਕੱਤਰ ਮੁਨੀਸ਼ ਭੱਟੀ ਸਹਾਇਕ ਸਕੱਤਰ ਤੇ ਪੰਕਜ ਛਾਬੜਾ ਕੈਸ਼ੀਅਰ ਸਮੇਤ 11ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਸ਼ਹਿਰੀ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਆਲ ਇੰਡੀਆ ਪ੍ਰੋਗਰੈਸਿਵ ਵੂਮੈਨ ਐਸੋਸੀਏਸ਼ਨ (ਏਪਵਾ) ਦੇ ਕੇਂਦਰੀ ਆਗੂ ਨਰਿੰਦਰ ਕੌਰ ਬੁਰਜ ਹਮੀਰਾ ਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਵਾਲ ਕੱਟਣ ਦਾ ਕੰਮ ਕਰਨ ਵਾਲੇ ਕਿਰਤੀਆਂ ਦਾ ਰੁਜ਼ਗਾਰ ਜਿੱਥੇ ਠੱਪ ਹੈ, ਉੱਥੇ ਉਨ੍ਹਾਂ ਦੀਆਂ ਦੁਕਾਨਾਂ ਦੇ ਕਿਰਾਏ ਦਾ ਬੋਝ ਪੈ ਰਿਹਾ ਤੇ ਵਾਲ ਕੱਟਣ ਤੇ ਬਾਕੀ ਕੰਮਕਾਜ ਸਹਾਇਤਾ ਕਰਨ ਵਾਲੇ ਨੌਜਵਾਨਾਂ ਦੀਆਂ ਤਨਖਾਹਾਂ ਦੇਣ ਤੋਂ ਵੀ ਉਹ ਸਮਰੱਥ ਨਹੀਂ ਹਨ। ਇਸ ਮੌਕੇ ਉੱਕਤ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲਾਕਡਾਊਨ ਦੀ ਮਾਰ ਝੱਲ ਰਹੇ ਹੇਅਰ ਡਰੈਸਰਾਂ ਦੀਆਂ ਦੁਕਾਨਾਂ ਦਾ ਕਿਰਾਇਆ ਤੇ ਉਨ੍ਹਾਂ ਦੇ ਗੁਜ਼ਾਰੇ ਯੋਗ ਭੱਤਾ ਘੱਟੋ-ਘੱਟ 10000ਰੁਪੈ ਤੇ ਕੰਮ ਕਰਨ ਵਾਲੇ ਸਹਾਇਕਾਂ ਦੀਆਂ ਤਨਖਾਹਾਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਤੇ ਹੁਣ ਹੇਅਰ ਡਰੈਸਰਾਂ ਨੂੰ ਵੀ ਆਪਣਾ ਕੰਮਕਾਜ ਚਲਾਉਣ ਦੀ ਇਜਾਜ਼ਤ ਦਿੱਤੀ ਜਾਵੇ । ਇਸ ਸਬੰਧੀ ਕੱਲ ਨੂੰ ਸ਼ਹਿਰੀ ਤਾਲਮੇਲ ਕਮੇਟੀ ਦਾ ਵਫਦ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਚ ਉੱਕਤ ਮਾਮਲੇ ਨੂੰ ਉਠਾਵੇਗਾ।ਇਸ ਮੌਕੇ ਸੰਦੀਪ ਕੁਮਾਰ ਗਗਨ ਸਿੰਘ ਮੋਹਿਤ ਜਿੰਨ੍ਹੀ ਜੈਨ ਗੁਰਪ੍ਰੀਤ ਸਿੰਘ ਧਰੁਵ ਬਾਂਸਲ ਤੇ ਵਿੱਕੀ ਆਦਿ ਕਮੇਟੀ ਮੈਂਬਰ ਵੀ ਹਾਜ਼ਰ ਸਨ।