ਰਜਨੀ ਵਾਲੀਆ ਕਪੂਰਥਲਾ
ਹੋਏ ਐਨੇ ਵੀ ਨਈਂ ਸਨ,
ਕਸੂਰ ਮੈਥੋਂ।
ਜਿੰਨੀਆਂ ਮਿਲੀਆਂ,
ਸਜਾਵਾਂ ਨੇਂ।
ਤੇਰੀ ਬਦੁਆ ਲੈ ਬੈਠੀ,
ਕੰਮ ਕੀਤਾ ਨਾ ਦੁਆਵਾਂ ਨੇਂ।
ਨਾ ਨਾਲ ਨਾਲ ਤੁਰਿਆ,
ਨਾ ਕੋਲ ਹੀ ਖਲੋਤਾ।
ਨਾ ਰੁੱਸਿਆ,
ਨਾ ਮਨਾਇਆ।
ਨਾ ਹੀ ਕੀਤਾ ਸਮਝੌਤਾ।
ਮੈਂ ਜਿਸ ਨੂੰ ਹਸਾਇਆ,
ਮੈਨੂੰ ਓਸੇ ਨੇ ਰਵਾਇਆ।
ਜਿਸ ਤੇ ਸੀ ਮਾਣ ਮੈਨੂੰ,
ਓਸੇ ਨੇ ਹੀ ਨਾ ਬੁਲਾਇਆ।
ਤੂੰ ਕੈਸੀ ਖੇਡ ਖੇਡੀ,
ਤੈਨੂੰ ਜਗਦੇ ਬੁਝਾਉਣੇ ਆ ਗਏ।
ਵੇ ਤੂੰ ਡਾਢਾ ਨਿਰਮੋਹਾ,
ਤੈਨੂੰ ਹੱਸਦੇ ਰਵਾਉਣੇ ਆ ਗਏ।
ਮੈਂ ਸੌਂਹ ਵੀ ਨਾ ਖਾਧੀ ਤੇ,
ਵਿਸ਼ਵਾਸ ਵੀ ਨਾ ਕਰਿਆ।
ਤੇਰੇ ਤੀਰਾਂ ਤੋਂ ਬਚਣ ਲਈ,
ਵੇ ਅਭਿਆਸ ਵੀ ਨਾ ਕਰਿਆ।
ਤੂੰ ਕੀਤੇ ਨਾ ਮੈਂ ਤੁਰ ਪਈ,
ਲੈ ਸਮਝੌਤਿਆਂ ਦੀ ਬੋਰੀ।
ਨਾ ਤੂੰ ਹੀ ਢਿੱਲ ਵਰਤੀ,
ਤੇ ਨਾ ਮੈਂ ਹੀ ਗੱਲ ਤੋਰੀ।
ਤੂੰ ਰਿੰਨ ਰਿੰਨ ਪੀਂਦਾ,
ਰਿਹੋਂ ਵੇ ਮੇਰੇ ਚਾਅ।
ਮੈਂ ਅੱਗ ਹੋ ਹੋ ਬਲੀ,
ਮੁੜ ਹੋ ਗਈ ਸਵਾਹ।
ਮੇਰੇ ਮੂੰਹ ਤੇ ਨਈਂ ਕਿਲਕਾਰੀ,
ਮੇਰੇ ਸਿਰ ਤੇ ਨਈਂ ਦੁਪੱਟਾ।
ਮੈਨੂੰ ਸਮਝਣ ਨਈਂ ਵਾਲਾ ਕੋਈ,
ਮੇਰੇ ਪੈਰਾਂ ਹੇਠ ਵੱਟਾ।
ਮੈਂ ਸ਼ਬਦ ਸ਼ਬਦ ਜੋੜ ਕੇ,
ਸ਼ਬਦਾਂ ਦੀ ਹੋ ਗਈ ਹਾਂ।
ਇੱਕ ਸ਼ਾਇਰੀ ਦੇ ਕਰਕੇ,
ਪੈਰੀਂ ਖਲੋ ਗਈ ਹਾਂ।
ਮੇਰੇ ਦਿਲ ਚ ਤੇਰੀ ਥਾਂ ਨਈਂ,
ਮੇਰੇ ਘਰ ਚ ਤੇਰੀ ਥਾਂ ਏ।
ਤੇਰਾ ਤਸੱਵੁਰ ਨਈਂ ਕਰਦੀ,
ਦਿਲ ਦੇ ਰੁੱਖ ਦੀ ਜੋ ਛਾਂ ਏ।
ਤੇਰੇ ਸਾਥ ਦਾ ਮਿਲ ਜਾਣਾ,
ਰਜਨੀ,
ਦੇ ਲਈ ਗੁਨਾਂਹ ਏ।