ਜਲਦ ਮਿਲਣਗੇ ਨਵੇਂ ਪਾਸਪੋਰਟ
-ਪਾਸਪੋਰਟ ਸੰਬਧੀ ਅਰਜ਼ੀਆਂ ਅੰਬੈਂਸੀ ਵੱਲੋਂ ਅਧਿਕਾਰਤ ਭਾਰਤੀ ਕਮਿਊਨਿਟੀ ਦੇ ਸਵੈ-ਇੱਛੁਕ ਮੁੱਫਤ ਸੇਵਾ ਕਰਨ ਵਾਲੇ ਵਲੰਟੀਅਰ ਵੱਖ-ਵੱਖ ਇਲਾਕਿਆਂ ਵਿੱਚ ਲੈਣਗੇ
-ਕਿਸੇ ਵੀ ਭਾਰਤੀ ਨੇ ਪਾਸਪੋਰਟ ਸਬੰਧੀ ਅਰਜੀ ਦੇਣ ਨਹੀਂ ਜਾਣਾ ਰੋਮ ਅਤੇ ਮਿਲਾਨ ਭਾਰਤੀ ਅੰਬੈਂਸੀ
ਰੋਮ (ਦਲਵੀਰ ਕੈਂਥ,ਸਾਬੀ ਚੀਨੀਆਂ) ਪਿਛਲੇ ਕਰੀਬ 8 ਸਾਲਾਂ ਤੋਂ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਦੇ ਪ੍ਰਵਾਸ ਹੰਢਾਅ ਰਹੇ ਭਾਰਤੀਆਂ ਦੀ ਖੁਸ਼ੀ ਦਾ ਉਂਦੋ ਕੋਈ ਠਿਕਾਣਾ ਨਾ ਰਿਹਾ ਜਦੋਂ ਇਟਲੀ ਸਰਕਾਰ ਨੇ 13 ਮਈ 2020 ਨੂੰ ਦੇਸ਼ ਵਿੱਚ ਕੋਰੋਨਾ ਸੰਕਟ ਕਾਰਨ ਆਈ”ਦੇਕਰੇਤੋ ਰਿਲੈਂਚੋ” ਆਰਥਿਕ ਮੰਦਹਾਲੀ ਦੇ ਮੱਦੇ ਨਜ਼ਰ ਬਿਨ੍ਹਾਂ ਪੇਪਰਾਂ ਦੇ ਰਹਿੰਦੇ ਪ੍ਰਵਾਸੀਆਂ ਨੂੰ ਆਰਟੀਕਲ 110 ਬੀ ਦੇ ਅਨੁਸਾਰ ਇਟਲੀ ਵਿੱਚ ਕੰਮ ਕਰਨ ਲਈ ਨਿਵਾਸ ਆਗਿਆ “ਪਰਮੇਸੋ ਦੀ ਸੋਜੋਰਨੋ” ਦੇਣ ਦਾ ਐਲਾਨ ਕੀਤਾ।ਇਟਲੀ ਸਰਕਾਰ ਦੇ ਇਸ ਹੁਕਮ ਨਾਲ ਜਿੱਥੇ ਇਟਲੀ ਦੇ ਗੈਰ-ਕਾਨੂੰਨੀ ਪ੍ਰਵਾਸੀ ਖੁਸ਼ੀ ਨਾਲ ਖੀਵੇ ਹਨ ਉੱਥੇ ਉਹ ਭਾਰਤੀ ਜਿਹਨਾਂ ਕੋਲ ਭਾਰਤੀ ਪਾਸਪੋਰਟ ਨਹੀਂ ਹਨ ਜਾਂ ਮਿਆਦ ਲੰਘੀ ਵਾਲੇ ਹਨ ਉਹ ਕਾਫ਼ੀ ਨਿਰਾਸ਼ ਦੇਖੇ ਜਾ ਰਹੇ ਸਨ ਕਿਉਕਿ ਇਟਲੀ ਦੀ ਨਿਵਾਸ ਆਗਿਆ ਪ੍ਰਾਪਤ ਕਰਨ ਲਈ ਅਧਿਕਾਰਤ ਪਾਸਪੋਰਟ ਹੋਣਾ ਬਹੁਤ ਹੀ ਜ਼ਰੂਰੀ ਹੈ।ਭਾਰਤੀ ਅੰਬੈਂਸੀ ਰੋਮ ਕੋਲ ਮੀਡੀਏ ਨੇ ਬਿਨ੍ਹਾਂ ਪੇਪਰਾਂ ਦੇ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਜਾਰੀ ਕਰਨ ਦਾ ਮੁੱਦਾ ਉਠਾਇਆ ਸੀ ਜਿਸ ਉਪੱਰ ਸਤਿਕਾਰਤ ਮੈਡਮ ਰੀਨਤ ਸੰਧੂ ਰਾਜਦੂਤ ਭਾਰਤੀ ਅੰਬੈਂਸੀ ਰੋਮ ਨੇ ਜਲਦ ਹੀ ਸਾਰਥਿਕ ਕਾਰਵਾਈ ਹੋਣ ਦੀ ਗੱਲ ਆਖੀ ਸੀ ਤੇ ਇਸ ਸਲਾਂਘਾਯੋਗ ਕਾਰਵਾਈ ਨੂੰ ਨੇਪੜੇ ਚਾੜਦਿਆਂ ਹੀ ਭਾਰਤੀ ਅੰਬੈਂਸੀ ਰੋਮ ਅਤੇ ਕੌਸਲੇਟ ਮਿਲਾਨ ਵੱਲੋਂ ਉਹਨਾਂ ਸਾਰੇ ਬਿਨ੍ਹਾਂ ਪੇਪਰਾਂ ਦੇ ਭਾਰਤੀਆਂ ਨੂੰ ਪਾਸਪੋਰਟ ਜਾਰੀ ਕਰਨ ਦਾ ਐਲਾਨ ਕਰ ਦਿੱਤਾ ਹੈ ਜਿਹੜੇ ਕਿ ਇਟਲੀ ਵਿੱਚ ਪਿਛਲੇ ਕਈ ਸਾਲਾਂ ਤੋਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ ਅਤੇ ਨਵਾਂ ਪਾਸਪੋਰਟ ਜਾਰੀ ਕਰਵਾਉਣ ਲਈ ਕਾਗਜੀ ਕਾਰਵਾਈ ਪੂਰੀ ਕਰਦੇ ਹਨ।ਭਾਰਤੀ ਅੰਬੈਂਸੀ ਰੋਮ ਦੇ ਰਾਜਦੂਤ ਮੈਡਮ ਰੀਨਤ ਸੰਧੂ ਵੱਲੋਂ ਬਿਨ੍ਹਾਂ ਪੇਪਰਾਂ ਦੇ ਭਾਰਤੀਆਂ ਨੂੰ ਪਾਸਪੋਰਟ ਨਵਾਂ ਲੈਣ ਲਈ ਮੀਡੀਏ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਹੜੇ ਇਟਲੀ ਵਿੱਚ ਬਿਨ੍ਹਾਂ ਪੇਪਰਾਂ ਅਤੇ ਬਿਨ੍ਹਾਂ ਭਾਰਤੀ ਪਾਸਪੋਰਟ ਦੇ ਭਾਰਤੀ ਹਨ ਉਹ ਆਪਣੇ ਮਿਆਦ ਲੰਘੀ,,ਗੁਆਚੇ ਜਾਂ ਖਰਾਬ ਹੋਏ ਪਾਸਪੋਰਟ ਦੇ ਬਦਲੇ ਨਵੇਂ ਪਾਸਪੋਰਟਾਂ ਲਈ ਅੰਬੈਂਸੀ ਅਰਜ਼ੀ ਦੇ ਸਕਦੇ ਹਨ।ਇਟਲੀ ਦੇ ਇਲਾਕਾ ਤਸਕਨੀ,ਉਮਬਰਿਆ,ਲਾਸੀਓ,ਮਾਰਕੇ,ਅਬਰੂਸੋ,ਮੋਲੀਜੇ,ਕੰਪਾਨੀਆ,ਕਾਲਾਬਰੀਆ,ਸੀਚੀਲੀਆ,ਸਰਦੇਨੀਆ,ਬਾਜੀਲੀਕਾਤਾ ਤੇ ਪੁਲੀਆ ਵਿਖੇ ਜਿਹੜੇ ਭਾਰਤੀ ਬਿਨ੍ਹਾਂ ਪਾਸਪੋਰਟ ਦੇ ਰਹਿੰਦੇ ਹਨ ਉਹ ਭਾਰਤੀ ਅੰਬੈਂਸੀ ਰੋਮ ਨੂੰ ਨਵਾਂ ਪਾਸਪੋਰਟ ਜਾਰੀ ਕਰਨ ਲਈ ਅਰਜੀ ਦੇ ਸਕਦੇ ਹਨ ਤੇ ਜਿਹੜੇ ਭਾਰਤੀ ਹੋਰ ਇਲਾਕਿਆਂ ਵਿੱਚ ਰਹਿੰਦੇ ਹਨ ਉਹ ਭਾਰਤੀ ਕੌਸਲੇਟ ਮਿਲਾਨ ਨੂੰ ਪਾਸਪੋਰਟ ਪ੍ਰਾਪਤ ਕਰਨ ਲਈ ਅਰਜੀ ਦੇ ਸਕਦੇ ਹਨ ਪਰ ਬਿਨੈਕਰਤਾ ਆਪਣੀ ਅਰਜ਼ੀ ਭਾਰਤੀ ਅੰਬੈਂਸੀ ਰੋਮ ਅਤੇ ਕੌਸਲੇਟ ਮਿਲਾਨ ਨੂੰ ਸਿੱਧੇ ਆਪ ਨਹੀਂ ਜਮ੍ਹਾਂ ਕਰਵਾਉਣਗੇ ਸਗੋਂ ਅੰਬੈਂਸੀਆਂ ਵੱਲੋਂ ਅਧਿਕਾਰਤ ਭਾਰਤੀ ਕਮਿਊਨਿਟੀ ਮੁੱਫਤ ਸੇਵਾ ਕਰਨ ਵਾਲੇ ਸਵੈ-ਇਛੁੱਕ ਵਲੰਟੀਅਰਾਂ ਨੂੰ ਆਪਣੀ ਅਰਜ਼ੀ ਲੋੜੀਂਦੇ ਪੇਪਰਾਂ ਨਾਲ ਪਹੁੰਚਾਉਣਗੇ ਅਤੇ ਇਸ ਸੰਬਧੀ ਪੂਰਾ ਵੇਰਵਾ ਭਾਰਤੀ ਅੰਬੈਂਸੀ ਰੋਮ ,ਮਿਲਾਨ ਕੌਸਲੇਟ ਦੀ ਸਾਈਟ ਜਾਂ ਸਵੈ-ਇਛੁੱਕ ਵਲੰਟੀਅਰਾਂ ਕੋਲੋ ਪ੍ਰਾਪਤ ਕਰ ਸਕਦਾ ਹੈ।ਜਿਹਨ੍ਹਾਂ ਭਾਰਤੀਆਂ ਦੇ ਪਾਸਪੋਰਟ ਗੁੰਮ ਹਨ ਉਹਨਾਂ ਨੂੰ ਸੰਬਧਤ ਥਾਣੇ ਤੋਂ ਪੁਲਸ ਰਿਪੋਰਟ ਕਰਵਾਉਕੇ ਅਰਜ਼ੀ ਨਾਲ ਲਗਾਉਣੀ ਹੋਵੇਗੀ।ਬਿਨੈ-ਕਰਤਾ ਨੂੰ ਇੱਕ ਸਵੈ-ਇਛੁੱਕ ਹਲਫੀਆ ਬਿਆਨ ਵੀ ਦੇਣਾ ਹੋਵੇਗਾ ਜਿਸ ਵਿੱਚ ਉਹ ਆਪਣੇ ਚੰਗੇ ਚਾਲ-ਚਲਨ ਤੇ ਦੋਹਰੀ ਨਾਗਰਿਕਤਾ ਸੰਬਧੀ ਵਿਸਥਾਰਪੂਰਵਕ ਜਾਣਕਾਰੀ ਦੱਸੇਗਾ।ਭਾਰਤੀ ਅੰਬੈਂਸੀ ਰੋਮ ਵੱਲੋਂ ਭਾਰਤੀ ਕਮਿਊਨਿਟੀ ਅਧਿਕਾਰਤ ਸਵੈ-ਇਛੁੱਕ ਵਲੰਟੀਅਰਾਂ ਦੀ ਸੂਚੀ ਜਲਦ ਹੀ ਅੰਬੈਂਸੀ ਦੇ ਫੇਸਬੁੱਕ ਪੇਜ,ਸਾਈਟ ਅਤੇ ਸੋਸ਼ਲ ਮੀਡੀਏ ਰਾਹੀ ਭਾਈਚਾਰੇ ਨਾਲ ਸਾਂਝੀ ਕੀਤੀ ਜਾਵੇਗੀ ਤੇ ਇਹ ਵਲੰਟੀਅਰ ਆਪਣੀਆਂ ਸੇਵਾਵਾਂ ਮੁੱਫਤ ਵਿੱਚ ਦੇਣਗੇ ।ਇਹਨਾਂ ਰਾਹੀ ਪਾਸਪੋਰਟ ਦੀ ਅਰਜ਼ੀ ਜਮਾਂ ਕਰਵਾਉਣ ਵਾਲੇ ਬਿਨੈਕਾਰਾਂ ਨੇ ਵਲੰਟੀਅਰ ਨੂੰ ਨਿਰਧਾਰਿਤ ਫ਼ੀਸ ਤੋਂ ਬਿਨ੍ਹਾਂ ਕੋਈ ਵੀ ਵੱਖਰੀ ਫ਼ੀਸ ਹੀ ਦੇਣੀ।ਇਹ ਭਾਰਤੀ ਕਮਿਊਨਿਟੀ ਵਲੰਟੀਅਰ ਸਵੈ-ਇਛੁੱਕ ਹੋਣਗੇ ਤੇ ਜਿਹੜਾ ਵੀ ਸਮਾਜ ਸੇਵਕ ਮੁੱਫਤ ਵਿੱਚ ਇਹ ਸੇਵਾ ਕਰਨੀ ਚਾਹੁੰਦਾ ਉਹ ਅੰਬੈਂਸੀ ਰੋਮ ਨਾਲ ਸੰਪਰਕ ਕਰ ਸਕਦਾ।ਜਿਹਨਾਂ ਇਲਾਾਕਿਆਂ ਵਿੱਚ ਭਾਰਤੀ ਲੋਕ ਬਹੁਤ ਘੱਟ ਹਨ ਉੱਥੇ ਦੇ ਭਾਰਤੀ ਨਵੇ ਪਾਸਪੋਰਟ ਦੀ ਅਰਜ਼ੀ ਰਜਿਸਟਰਡ ਪੱਤਰ ਰਾਹੀ ਵੀ ਭੇਜ ਸਕਦੇ ਹਨ ਪਰ ਜਵਾਬ ਲਈ ਆਪਣੇ ਪੂਰਾ ਪਤਾ ਲਿਖਕੇ ਪੱਤਰ ਨਾਲ ਖਾਲ਼ੀ ਪੱਤਰ ਜ਼ਰੂਰ ਭੇਜਣ। ਕੋਵਿਡ-19 ਦੇ ਮੱਦੇ ਨਜ਼ਰ ਹਾਲ ਅੰਬੈਂਸੀ ਨੂੰ ਕੰਮ-ਕਾਰ ਲਈ ਜਨਤਕ ਤੌਰ ਤੇ ਖੋਲਿਆ ਨਹੀਂ ਜਾ ਸਕਦਾ ਤੇ ਆਸ ਪ੍ਰਗਟਾਈ ਜਾ ਰਹੀ ਹੈ ਕਿ ਇਹ ਕਾਰਜ ਵਿੱਚ ਇਟਲੀ ਦਾ ਭਾਰਤੀ ਭਾਈਚਾਰਾ ਪੂਰਨ ਸਹਿਯੋਗ ਦੇਵੇਗਾ।ਜ਼ਿਕਰਯੋਗ ਹੈ ਕਿ ਇਟਲੀ ਵਿੱਚ ਬਿਨ੍ਹਾਂ ਪਾਸਪੋਰਟ ਤੇ ਬਿਨ੍ਹਾਂ ਪੇਪਰਾਂ ਦੇ ਧੱਕੇ ਖਾ ਰਹੇ ਭਾਰਤੀ ਨੌਜਵਾਨਾਂ ਨੂੰ ਪਾਸਪੋਰਟ ਨਵੇ ਪਾਸਪੋਰਟ ਜਾਰੀ ਕਰਵਾਉਣ ਵਿੱਚ ਇਟਲੀ ਦੀਆਂ ਸਮੂਹ ਭਾਰਤੀ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਹੀ ਜੱਦੋ-ਜਹਿਦ ਕੀਤੀ ਹੈ।ਇਸ ਨਿਸ਼ਕਾਮ ਸੇਵਾ ਲਈ ਇਹ ਸਮਾਜ ਸੇਵੀ ਸੰਸਥਾਵਾਂ ਤੇ ਸਮਾਜ ਸੇਵਕ ਵਧਾਈ ਦੇ ਪਾਤਰ ਹਨ।