ਬਿਜਲੀ ਦੀ ਤਾਰ ਨੇ ਘੋੜੀ ਦੀ ਲਈ ਜਾਨ
ਇਕ ਪਲ ‘ਚ ਖੁੱਸਿਆ ਹਰਨੇਕ ਸਿੰਘ ਦਾ ਰੁਜਗਾਰ
ਰਾਏਕੋਟ, ਰਘਵੀਰ ਸਿੰਘ ਜੱਗਾ

ਨੇੜਲੇ ਪਿੰਡ ਜਲਾਲਦੀਵਾਲ ਦਾ ਹਰਨੇਕ ਸਿੰਘ ਪੁੱਤਰ ਭਾਗ ਸਿੰਘ (60) ਰੇਹੜੇ ‘ਤੇ ਸਬਜੀ ਵੇਚ ਕੇ ਆਪਣਾ ਗੁਜਾਰਾ ਕਰਦਾ ਹੈ। ਰੋਜ਼ਾਨਾ ਵਾਂਗ, ਅੱਜ ਉਹ ਸਵੇਰੇ ਆਪਣਾ ਰੇਹੜਾ ਜੋੜ ਕੇ ਪਿੰਡਾਂ ‘ਚ ਸਬਜੀ ਵੇਚਣ ਨਿਕਲਿਆ ਸੀ। ਤਕਰੀਬਨ 10 ਵਜੇ ਦੇ ਕਰੀਬ ਜਦੋਂ ਉਹ ਪਿੰਡ ਰਾਜਗੜ੍ਹ ਤੋਂ ਆ ਰਿਹਾ ਸੀ ਤਾਂ ਜਲਾਲਦੀਵਾਲ ਪੁਲਸ ਚੌਂਕੀ ਕੋਲ ਸੜਕ ਉੱਪਰ ਦੀ ਗੁਜਰ ਰਹੀ 11000 ਵੋਲਟ ਦੀ ਤਾਰ ਅਚਾਨਕ ਟੁੱਟ ਗਈ ਤੇ ਸਿੱਧੀ ਘੋੜੀ ਉੱਪਰ ਆ ਡਿੱਗੀ। ਜਿਸ ਕਾਰਨ ਘੋੜੀ ਮੌਕੇ ‘ਤੇ ਹੀ ਕਰੰਟ ਲੱਗਣ ਨਾਲ ਮਰ ਗਈ। ਹਰਨੇਕ ਸਿੰਘ ਨੇ ਦੱਸਿਆ ਕਿ ਘੋੜੀ ਦੀ ਕੀਮਤ 30,000 ਰੁਪਏ ਸੀ।ਹਰਨੇਕ ਸਿੰਘ ਨੇ ਕਿਹਾ ਕਿ ਇਹੀ ਉਸ ਦਾ ਰੋਜਗਾਰ ਸੀ ਤੇ ਇਸੇ ਨਾਲ ਉਸ ਦੇ ਘਰ ਦਾ ਗੁਜਾਰਾ ਚੱਲਦਾ ਸੀ। ਮੌਕੇ ‘ਤੇ ਪੁੱਜੇ ਸਰਪੰਚ ਜਗਜੀਤ ਸਿੰਘ, ਪੰਚ ਰੁਪਿੰਦਰ ਸਿੰਘ, ਮਾਸਟਰ ਨਿਰਪਾਲ ਸਿੰਘ ਤੇ ਮੁਕੰਦ ਸਿੰਘ ਆਦਿ ਨੂੰ ਪੀੜਤ ਹਰਨੇਕ ਸਿੰਘ ਨੇ ਕਿਹਾ ਕਿ ਇਸ ਮਾਮਲੇ ‘ਚ ਉਸ ਦੀ ਮੱਦਦ ਕੀਤੀ ਜਾਵੇ ਤੇ ਪਾਵਰਕਾਮ ਜਾਂ ਸਥਾਨਕ ਪ੍ਰਸਾਸ਼ਨ ਤੋਂ ਉਸ ਨੂੰ ਸਹਾਇਤਾ ਦਿਵਾਈ ਜਾਵੇ।