
ਸ੍ਰੀ ਮੁਕਤਸਰ ਸਾਹਿਬ (ਪੰਜ ਦਰਿਆ ਬਿਊਰੋ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਮੁਕਤਸਰ ਅਤੇ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਮੁਕਤਸਰ ਦੀ ਸਾਂਝੀ ਮੀਟਿੰਗ ਪਾਰਟੀ ਦੇ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਮਰੇਡ ਜਗਰੂਪ ਸਿੰਘ ਕੌਮੀ ਕੌਂਸਲ ਮੈਂਬਰ ਸੀ ਪੀ ਆਈ ਅਤੇ ਕਾਮਰੇਡ ਹਰਲਾਭ ਸਿੰਘ ਜ਼ਿਲ੍ਹਾ ਸਕੱਤਰ ਸੀ ਪੀ ਆਈ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਅਗਲੀ ਰਣਨੀਤੀ ਸੰਬੰਧੀ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆ ਬੁਲਾਰਿਆਂ ਨੇ ਮੰਗ ਕੀਤੀ ਕਿ ਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਲਾਗੂ ਕੀਤਾ ਜਾਵੇ, ਕਾਮਿਆਂ ਨੂੰ ਫੌਰੀ ਤੌਰ ‘ਤੇ ਆਰਥਕ ਮਦਦ ਦਿੱਤੀ ਜਾਵੇ, ਨਰੇਗਾ ‘ਚ ਜਿਨ੍ਹਾਂ ਕਾਮਿਆਂ ਦੀ ਉਜਰਤ ਰੁਕੀ ਹੋਈ ਹੈ, ਉਸ ਨੂੰ ਜਲਦੀ ਉਹਨਾਂ ਦੇ ਖਾਤਿਆਂ ‘ਚ ਪਾਇਆ ਜਾਵੇ ਅਤੇ ਨਰੇਗਾ ਦਾ ਕੰਮ ਸ਼ੁਰੂ ਕੀਤਾ ਜਾਵੇ। ਬੁਲਾਰਿਆਂ ਕਿਹਾ ਕਿ ਜੇਕਰ ਜਲਦੀ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ‘ਚ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਕਾਮਰੇਡ ਗੁਰਮੇਲ ਸਿੰਘ ਦੋਦਾ ਜ਼ਿਲ੍ਹਾ ਖਜ਼ਾਨਚੀ ਸੀ ਪੀ ਆਈ, ਕਾਮਰੇਡ ਬਲਵਿੰਦਰ ਸਿੰਘ ਖੂੰਨਣ ਕਲਾਂ, ਕਾਮਰੇਡ ਬੋਹੜ ਸਿੰਘ ਖੂੰਨਣ ਕਲਾਂ, ਕਾਮਰੇਡ ਜੈਮਲ ਸਿੰਘ ਭੰਗਚੜੀ, ਕਾਮਰੇਡ ਗੁਰਤੇਜ ਸਿੰਘ ਸਾਬਕਾ ਸਰਪੰਚ ਬਾਮ, ਕਾਮਰੇਡ ਬੋਹੜ ਸਿੰਘ ਸੁਖਨਾ ਜ਼ਿਲ੍ਹਾ ਪ੍ਰਧਾਨ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਤੇ ਕਾਮਰੇਡ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।