ਚੰਡੀਗੜ੍ਹ
ਪੰਜਾਬ ਸਰਕਾਰ ਨੇ ਕਿਹਾ ਹੈ ਕਿ ਕਰਫਿਊ 31 ਮਾਰਚ ਤੋਂ ਬਾਅਦ ਵੀ ਬਿਨਾਂ ਢਿੱਲ ਦੇ ਜਾਰੀ ਰਹੇਗਾ। ਚੰਡੀਗੜ੍ਹ ਦੀ ਹੱਦ ਕੋਲ ਵਸੇ ਹੋਏ ਪੰਜਾਬ ਦੇ ਕਸਬਾਨੁਮਾ ਪਿੰਡ ਨਵਾਂਗਾਓਂ ਦੇ 65 ਸਾਲਾ ਬਜ਼ੁਰਗ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤਰ੍ਹਾਂ ਮੋਹਾਲੀ ਜ਼ਿਲ੍ਹੇ ‘ਚ ਹੁਣ ਕੋਰੋਨਾ ਦੇ ਕੁਲ 7 ਮਾਮਲੇ ਸਾਹਮਣੇ ਆ ਚੁੱਕੇ ਹਨ। ਮੋਹਾਲੀ ਦੇ ਸਿਵਲ ਸਰਜਨ ਡਾæ ਮਨਜੀਤ ਸਿੰਘ ਨੇ ਦੱਸਿਆ ਕਿ ਨਵਾਂਗਾਓਂ ‘ਚ ਪੈਂਦੇ ਦਸ਼ਮੇਸ਼ ਨਗਰ ਵਾਸੀ ਪੀੜਤ ਬਜ਼ੁਰਗ ਨੂੰ ਪੀ ਜੀ ਆਈ ਚੰਡੀਗੜ੍ਹ ‘ਚ ਦਾਖਲ ਕਰਵਾਇਆ ਗਿਆ ਹੈ। ਪੂਰੇ ਦਸ਼ਮੇਸ਼ ਨਗਰ ਨੂੰ ਸੀਲ ਕਰ ਦਿੱਤਾ ਗਿਆ ਹੈ। ਬਜ਼ੁਰਗ ਦੇ ਸੰਪਰਕ ‘ਚ ਆਏ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾ ਦੱਸਿਆ ਕਿ ਇਸ ਮਰੀਜ਼ ਨੇ ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ। ਦੱਸ ਦੇਈਏ ਕਿ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ‘ਚ ਹੁਣ ਤਕ 19, ਮੋਹਾਲੀ ‘ਚ 7, ਹੁਸ਼ਿਆਰਪੁਰ ‘ਚ 6, ਜਲੰਧਰ ‘ਚ 5, ਅੰਮ੍ਰਿਤਸਰ ਤੇ ਲੁਧਿਆਣਾ ‘ਚ 1-1 ਮਾਮਲੇ ਸਾਹਮਣੇ ਆ ਚੁੱਕੇ ਹਨ।