10.2 C
United Kingdom
Saturday, April 19, 2025

More

    ਕਬੱਡੀ ਦਾ ਜ਼ੋਰਾਵਰ ਖਿਡਾਰੀ ਬਿੱਟੂ ‘ਜਸਪਾਲ ਬਾਂਗਰ’

    ਜਗਦੇਵ ਬਰਾੜ ਮੋਗਾ
    ਲੁਧਿਆਣੇ ਵਾਲੀ ਨਹਿਰ ਤੋਂ ਦੁਗਰੀ ਵੱਲ ਜਾਂਦਿਆਂ ਤਕਰੀਬਨ ਲੁਧਿਆਣੇ ਵਿਚ ਹੀ ਇੱਕ ਪਿੰਡ ਪੈਂਦਾ ਜਸਪਾਲ ਬਾਂਗਰ। ਸ਼ਾਇਦ ਇਸ ਪਿੰਡ ਨੂੰ ਕੋਈ ਲੁਧਿਆਣਾ ਵਾਸੀ ਵੀ ਨਾ ਜਾਣਦਾ…ਜੇ ਇਥੋਂ ਦਾ ਜੰਮਪਲ ਅੱਜ ਦਾ ਪ੍ਰਸਿੱਧ ਰੇਡਰ ਬਿੱਟੂ ਨਾ ਹੁੰਦਾ। ਬਿੱਟੂ ਦੀ ਹਰਮਨ ਪਿਆਰੀ ਖੇਡ ਅਤੇ ਸਿਖਰਾਂ ਛੂੰਹਦੀਆਂ ਪ੍ਰਾਪਤੀਆਂ ਸਦਕਾ ਪਿੰਡ ਜਸਪਾਲ ਬਾਂਗਰ ਦਾ ਨਾਮ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਹੈ। ਦੇਸ਼ਾਂ-ਵਿਦੇਸ਼ਾਂ ਵਿਚ ਉਸ ਦੀਆਂ ਧੰਮਾਂ ਪਈਆਂ ਹੋਈਆਂ ਨੇ। ਪੰਜਾਬ ਦੀ ਧਰਤੀ ਨੇ ਅਨੇਕਾਂ ਕਬੱਡੀ ਦੇ ਕੋਹੇਨੂਰ ਹੀਰੇ ਪੈਦਾ ਕੀਤੇ ਹਨ ਜਦੋਂ ਕਿਧਰੇ ਪੰਜਾਬੀ ਮਾਂ ਖੇਡ ਕਬੱਡੀ ਦੀ ਗੱਲ ਤੁਰਦੀ ਹੈ ਤਾਂ ਬਿੱਟੂ ਦਾ ਨਾਮ ਆਪ ਮੁਹਾਰੇ ਹੀ ਜੁਬਾਨ ‘ਤੇ ਆ ਜਾਂਦਾ ਹੈ। ਉਸ ਦੇ ਨਾਮ ਤੋਂ ਬਗੈਰ ਗੱਲ ਅਧੂਰੀ ਹੀ ਰਹਿ ਜਾਂਦੀ ਹੈ। ਮਾਂ ਖੇਡ ਕਬੱਡੀ ਦੇ ਇਸ ਬੱਬਰ ਸ਼ੇਰ ਦੀ ਖੇਡ ਦੇਖਣ ਲਈ ਲੋਕ ਤਰਲੋ ਮੱਛੀ ਹੁੰਦੇ ਹਨ
    ਸ੍ਰ. ਦਰਸਨ ਸਿੰਘ ਅਤੇ ਮਾਤਾ ਸ੍ਰੀਮਤੀ ਚਰਨਜੀਤ ਕੌਰ ਦਾ ਪੁੱਤਰ ਚੋਟੀ ਦੇ ਕਬੱਡੀ ਖਿਡਾਰੀਆਂ ਚੋਂ ਇੱਕ ਹੈ। ਜਿਹਨਾਂ ਨੂੰ ਦੁਨੀਆ ਦੇਖਣ ਲਈ ਤਰਸਦੀ ਹੈ ਜਿਸ ਨੇ ਕਦੇ ਬਿੱਟੂ ਦੀ ਖੇਡ ਨਹੀਂ ਦੇਖੀ, ਉਸ ਨੂੰ ਖੇਡ ਪ੍ਰੇਮੀ ਕਹਾਉਣ ਦਾ ਕੋਈ ਹੱਕ ਨਹੀਂ। ਪੰਜਾਬ ਵਿਚ ਹੁੰਦੇ ਵੱਡੇ ਖੇਡ ਟੂਰਨਾਮੈਂਟ ਵਿਚ ਜੋ ਸੋਅ ਮੈਚ ਹੁੰਦਾ ਸੀ ਉਹ ਪੈਪਸੂ ਦੀ ਟੀਮ, ਬਿਜਲੀ ਬੋਰਡ, ਮੰਡੀਕਰਨ ਬੋਰਡ ਜਾਂ ਇੱਕ ਅੱਧੀ ਟੀਮ ਹੋਰ ਹੁੰਦੀ ਸੀ, ਇਹਨਾਂ ਟੀਮਾਂ ਦੇ ਆਪਸ ਵਿਚ ਸਿੰਗ ਫਸਦੇ ਸੀ। ਦਰਸ਼ਕਾਂ ਦਾ ਠਾਠਾਂ ਮਾਰਦਾ ਇਕੱਠ, ਕਹਿਰ ਦੀ ਗਰਮੀ, ਜਦੋਂ ਕੁੰਡੀਆਂ ਦੇ ਸਿੰਗ ਫਸਦੇ ਤਾਂ ਕਿਸੇ ਨੂੰ ਗਰਮੀ ਜਾਂ ਧੁੱਪ ਦੀ ਪਰਵਾਹ ਨਹੀਂ ਸੀ ਰਹਿੰਦੀ। ਪੈਪਸੂ ਦੀ ਟੀਮ ਵਿਚ ਹਰਜੀਤ ਬਰਾੜ, ਕਾਲਾ ਗਾਜੀਆਣਾ, ਗਾਗੋ ਹੁਰੀ ਹੁੰਦੇ ਤੇ ਬਿਜਲੀ ਬੋਰਡ ਵੱਲੋਂ ਭੀਮਾ, ਬਿੱਟੂ ਜਸਪਾਲ ਬਾਂਗਰ, ਭਿੰਦਰ ਹੁਰੀ ਹੁੰਦੇ। ਇਹਨਾਂ ਫਸਵੇਂ ਮੈਚਾਂ ਵਿਚ ਜਿਹੜੀ ਵੀ ਟੀਮ ਜਿੱਤਦੀ ਮਸਾਂ ਇੱਕ ਅੱਧੇ ਪੁਆਇੰਟ ਤੇ ਹੀ ਜਿੱਤਦੀ ਸੀ। ਪੂਰੇ ਸਾਨਾਂ ਦੇ ਭੇੜ ਹੁੰਦੇ ਸੀ। ਖਿਡਾਰੀਆਂ ਜਿੰਨਾ ਜ਼ੋਰ ਹੀ ਦਰਸ਼ਕਾਂ ਦਾ ਲੱਗ ਜਾਂਦਾ ਸੀ। ਬਿੱਟੂ ਨੂੰ ਜੱਫਾ ਲਾਉਣਾ ਵੀ ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਜਦੋਂ ਅਪ੍ਰੈਲ 98 ਵਿਚ ਪਾਕਿਸਤਾਨ ਦੀ ਟੀਮ ਭਾਰਤ ਵਿਚ ਖੇਡਣ ਆਈ ਸੀ ਤਾਂ ਕਬੱਡੀ ਪ੍ਰੇਮੀਆਂ ਦੇ ਚਾਅ ਨਹੀਂ ਸੀ ਸਾਂਭੇ ਜਾਂਦੇ। ਭਾਰਤ ਤੇ ਪਾਕਿਸਤਾਨ ਦਾ ਪਹਿਲਾ ਮੈਚ 5 ਅਪ੍ਰੈਲ, 1998 ਨੂੰ ਫਰੀਦਕੋਟ ਦੀ ਧਰਤੀ ਤੇ ਹੋਇਆ ਸੀ। ਭਾਰਤ ਦੀ ਟੀਮ ਵਿਚ ਹਰਜੀਤ, ਕਾਲੇ, ਗਾਗੋ, ਗੇਲਾ ਹੋਰੀ ਖੜ੍ਹੇ ਸਨ ਤੇ ਪਾਕਿਸਤਾਨ ਵੱਲੋਂ ਮਸ਼ਹੂਰ ਰੇਡਰ ਅਮੀਨ ਜੱਟ, ਡੋਗਰ ਮੱਲ, ਅਬਾਸ ਜੱਟ ਹੁਰੀ ਖੇਡ ਰਹੇ ਸਨ। ਦਰਸਕ ਪੰਜਾਬ ਭਰ ਤੋਂ ਫਰੀਦਕੋਟ ਵੱਲ ਹੋ ਤੁਰੇ। ਏਥੋਂ ਤੱਕ ਕਿ ਵਿਦੇਸਾਂ ਵਿਚੋਂ ਵੀ ਲੋਕ ਭਾਰਤ ਤੇ ਪਾਕਿਸਤਾਨ ਦੀ ਕਬੱਡੀ ਦੇਖਣ ਲਈ ਆਏ। ਬਿਜਲੀ ਬੋਰਡ ਦੇ ਖਿਡਾਰੀ ਬਿੱਟੂ ਜਸਪਾਲ ਬਾਂਗਰ ਹੋਰੀ ਸਪੇਅਰ (ਵਾਧੂ) ਖਿਡਾਰੀਆਂ ਵਿਚ ਸ਼ਾਮਲ ਕੀਤੇ ਗਏ ਸਨ। ਲਵੋ ਜੀ ਚੱਲਦੇ ਆਂ ਫਰੀਦਕੋਟ ਦੀ ਧਰਤੀ ਤੇ ਵੇਖਦੇ ਆ ਸਾਨਾਂ ਦੇ ਭੇੜ…ਹਰਜੀਤ, ਕਾਲੇ ਹੋਰੀਂ ਤੇ ਪਾਕਿਸਤਾਨ ਦੀ ਟੀਮ ਦੇ ਖਿਡਾਰੀ ਹੋਏ ਆਮਣੇ-ਸਾਹਮਣੇ। ਪਹਿਲੀ ਰੇਡ ਹਰਜੀਤ ਦੀ…ਕਮੈਂਟਰੀ ਵਾਲਾ ਪੂਰੇ ਜੋਸ਼ ਨਾਲ ਬੋਲ ਰਿਹਾ ਸੀ। ਦਰਸ਼ਕਾਂ ਦੇ ਸਾਹ ਰੁਕੇ ਹੋਏ ਸਨ। ਚੱਲਿਆ ਹਰਜੀਤ। ਲਵੋ ਜੀ..ਵੇਖੋ ਕੀ ਬਣਦਾ…ਉਹ ਲਾਇਆ ਟੱਚ। ਭਿੜਗੇ ਹੱਥ ਪਾਕਿਸਤਾਨ ਦੇ ਖਿਡਾਰੀ ਨਾਲ਼…ਪਰ ਨਹੀਂ ਵੀ ਰੀਸਾਂ ਤੇਰੀਆਂ ਸੇਰਾ..ਓ ਮਾਰਿਆ ਚਲਾ ਕੇ…ਤੇ ਪੁਆਇੰਟ ਹਰਜੀਤ ਦਾ। ਜਿਵੇਂ-ਜਿਵੇਂ ਕਮੈਂਟਰੀ ਵਾਲਾ ਬੋਲੀ ਜਾਂਦਾ…ਦਰਸ਼ਕਾਂ ਦਾ ਵੀ ਜੋਰ ਲੱਗੀ ਜਾਂਦਾ। ਦੂਸਰੀ ਰੇਡ ਤੇ ਹਰਜੀਤ ਦੇ ਗੁੱਟ ਤੇ ਸੱਟ ਵੱਜਗੀ, ਹਰਜੀਤ ਨੂੰ ਬਾਹਰ ਬੈਠਣਾ ਪਿਆ। ਭਾਰਤ ਦੇ ਵੱਲੋਂ ਜ਼ੋਰ ਕੱਲੇ ਕਾਲੇ ਗਾਜੀਆਣੇ ਤੇ ਪੈ ਗਿਆ। ਕਾਲੇ ਨੇ ਪਾਕਿਸਤਾਨ ਦੇ ਰੇਡਰਾਂ ਦੀ ਇੱਕ ਨਾ ਚੱਲਣ ਦਿੱਤੀ..ਪਰ ਫਿਰ ਵੀ ਭਾਰਤ ਦੀ ਟੀਮ ਤਕਰੀਬਨ 8 ਅੰਕਾਂ ਦੇ ਪੁਆਇੰਟ ਨਾਲ ਪਿੱਛੇ ਸੀ। ਭਾਰਤ ਦੀ ਟੀਮ ਦੀ ਹਾਰ ਪੱਕੀ ਸੀ। ਦਰਸ਼ਕਾਂ ਦਾ ਜੋਸ਼ ਵੀ ਠੰਡਾ ਪੈ ਗਿਆ। ਹਾਫ ਟਾਇਮ ਹੋਇਆ, ਬਾਹਰ ਬੈਠੇ ਬਿੱਟੂ ਜਸਪਾਲ ਬਾਂਗਰ ਦੇ ਮਨ ਨੂੰ ਟੇਕ ਨਾ ਆਵੇ ਕਿ ਯਾਰ ਸਾਡੀ ਟੀਮ ਹਾਰ ਰਹੀ ਹੈ। ਬਿੱਟੂ ਨੇ ਪ੍ਰਸਿੱਧ ਖਿਡਾਰੀ ਤੇ ਕੋਚ ਦੇਵੀ ਦਿਆਲ ਨੂੰ ਕਿਹਾ ਕਿ ਭਾਜੀ ਟੀਮ ਹਾਰ ਰਹੀ ਹੈ, ਤੁਸੀਂ ਮੈਨੂੰ ਮੌਕਾ ਦਿਉ…ਦੇਵੀ ਦਿਆਲ ਨੇ ਕਿਹਾ-ਹਾਂ ਤੂੰ ਲਾਹ ਕੱਪੜੇ ਤੇ ਚੱਲ ਗਰਾਉਂਡ ਵਿਚ। ਲਵੋ ਜੀ ਅੱਧੇ ਟਾਇਮ ਤੋਂ ਬਾਅਦ ਬਿੱਟੂ ਵੀ ਮਾਰਦਾ ਥਾਪੀਆਂ ਤੇ ਲਲਕਾਰ ਦਾ ਵਿਰੋਧੀਆਂ ਨੂੰ ਜਾ ਵੜਿਆ ਗਰਾਉਂਡ ‘ਚ ਜਿਹੜੇ ਖੇਡ ਪ੍ਰੇਮੀ ਬਿੱਟੂ ਦੀ ਖੇਡ ਤੋਂ ਵਾਕਫ ਸੀ, ਜਾਣੂ ਸੀ ਉਹ ਤਾਂ ਆ ਗਏ ਜੋਸ਼ ਵਿਚ। ਉਏ ਉਹ ਵੇਖ ਜਸਪਾਲ ਬਾਂਗਰ ਵਾਲਾ ਆ ਗਿਆ ਬਿੱਟੂ, ਹੁਣ ਨੀ ਲਈਦੇ ਇਹ ਪਤੰਦਰ ਲਵਾਉ ਪਾਕਿਸਤਾਨ ਦੀਆਂ ਗੋਡਨੀਆਂ। ਹੁਣ ਇਹ ਪਾੜੂ ਕੰਨ ਪਾਕਿਸਤਾਨ ਦੇ ਜਾਫ਼ੀਆਂ ਦੇ ਤੇ ਜਿਹੜੇ ਬਿੱਟੂ ਦੀ ਖੇਡ ਤੋਂ ਅਣਜਾਨ ਸੀ ਉਹ ਹੱਸਣ ਲੈ ਇਹ ਆ ਗਿਆ ਉਹਨਾਂ ਨੇ ਵੱਡੇ-ਵੱਡੇ ਰੇਡਰ ਨੱਪ ਲੇ..ਇਹ ਕੀ ਕਰ ਦੂ..। ਹਾਫ ਟਾਇਮ ਖਤਮ ਹੋਇਆ। ਮੈਚ ਸ਼ੁਰੂ ਹੋਇਆ। ਲਵੋ ਜੀ ਚੱਲਿਆ ਪਾਕਿਸਤਾਨ ਦੇ ਵੇਹੜੇ ਰੇਡ ਕਰਨ ਬਿੱਟੂ ਜਸਪਾਲ ਬਾਂਗਰ। ਬਿਜਲੀ ਬੋਰਡ ਦਾ ਇਹ ਹੋਣਹਾਰ ਖਿਡਾਰੀ। ਮਾਰੀ ਥਾਪੀ। ਵੇਖੋ ਕੀ ਬਣਦਾ। ਲਾ ਲੇ ਜਾਫ਼ੀ ਮੂਹਰੇ…ਕਰੰਟ ਵਾਲੇ ਮਹਿਕਮੇ ਦਾ ਇਹ ਖਿਡਾਰੀ ਵੀ ਕਰੰਟ ਵਾਲਾ ਐ, ਲਾਈ ਫਿਰਦਾ ਨਾ ਮੂਹਰੇ। ਮੁੰਡੇ ਦਾ ਸਰੀਰ ਵੇਖ ਕੇ ਭੁੱਖ ਲੈਂਦੀਆ। ਉਹ, ਲਾ ਤਾ ਟੱਚ। ਪਾਕਿਸਤਾਨ ਦਾ ਪ੍ਰਸਿੱਧ ਜਾਫ਼ੀ ਤੇ ਇਧਰ ਬਿੱਟੂ…ਕੁੰਡੀਆਂ ਦੇ ਸਿੰਗ ਫਸਗੇ ਹੁਣ ਨਿੱਤਰੂ ਵੜੇਵੇ ਖਾਣੀ…ਹੋ ਗਏ ਧੋਲੋ-ਧੋਲੀ ਉਹ ਕਹਿੰਦਾ ਮੈਂ ਰੱਖਣਾ ਤੇ ਬਿੱਟੂ ਕਹਿੰਦਾ ਮੇਰੀ ਰਹਿਨ ਦੀ ਆਦਤ ਨਹੀਂ… ਉਹ ਮਾਰਿਆ ਪਾਕਿਸਤਾਨ ਦੇ ਜਾਫ਼ੀ ਨੂੰ ਚਲਾ ਕੇ ਬੱਲੇ ਉਏ ਗੱਭਰੂਆ ਤੇਰੇ, ਨੱਚਦਾ-ਟੱਪਦਾ ਜਵਾਨ ਆ ਵੜਿਆ ਪੁਆਇੰਟ ਲੈ ਕੇ ਭਾਰਤ ਦੇ ਪਾਲੇ ਅੰਦਰ। ਇਧਰ ਕਾਲਾ ਵੀ ਆ ਗਿਆ ਜੋਸ਼ ‘ਚ। ਪਾਕਿਸਤਾਨ ਦੇ ਰੇਡਰ ਕਾਲੇ ਤੋਂ ਡਰਨ ਲੱਗੇ…ਤੇ ਓਧਰ ਬਿੱਟੂ ਬੱਲੇ-ਬੱਲੇ ਕਰਵਾਈ ਜਾਂਦਾ। ਦਰਸਕ ਨੱਚਣ ਲੱਗੇ…ਗਰਾਉਂਡ ਵਿਚ। ਬਿੱਟੂ-ਬਿੱਟੂ ਹੋਈ ਪਵੇ। ਪਾਕਿਸਤਾਨ ਤੇ ਜਾਫ਼ੀ ਬਿੱਟੂ ਨੂੰ ਫੜਨ ਦਾ ਹੌਸਲਾ ਨਾ ਕਰਦੇ। ਜਿਹੜੀ ਭਾਰਤ ਦੀ ਟੀਮ 8 ਅੰਕ ਦੇ ਫਰਕ ਨਾਲ ਹਾਰ ਰਹੀ ਸੀ। ਇਸ ਮਾਂ ਜਾਏ ਬੱਬਰ ਸ਼ੇਰ ਬਿੱਟੂ ਦੀ ਵਧੀਆ ਖੇਡ ਸਦਕਾ ਦੋ ਪੁਆਇੰਟਾਂ ਨਾਲ ਜਿੱਤੀ ਸੀ। ਇਹ ਉਹ ਮਾਂ ਜਾਏ ਸ਼ੇਰ ਨੇ ਜਿਨ੍ਹਾਂ ਨੇ ਬੂਰੀਆਂ ਚੁੰਘੀਆਂ ਨੇ ਰੱਜ ਕੇ ਮਿਹਨਤਾਂ ਕੀਤੀਆਂ ਤੇ ਅੱਜ ਇਹਨਾਂ ਦੀਆਂ ਮਾਰੀਆਂ ਮੱਲਾਂ ਨੂੰ ਕੌਣ ਭੁੱਲ ਸਕਦਾ ਏ। ਬਿੱਟੂ ਨੂੰ ਫੜਨਾ ਤਾਂ ਸ਼ੇਰ ਦੀ ਮੁੱਛ ਦਾ ਵਾਲ ਪੱਟਣ ਬਰਾਬਰ ਐ। ਆਓ ਬਿੱਟੂ ਦੇ ਘਰ ਹੋਈਆਂ ਉਸ ਨਾਲ ਕੁੱਝ ਗੱਲਾਂ, ਪਾਠਕਾਂ ਦੇ ਸਨਮੁਖ ਕਰਦੇ ਹਾਂ –
    ਸ : ਬਿੱਟੂ ਜੀ, ਪਾਠਕਾਂ ਨੂੰ ਕਬੱਡੀ ਦੇ ਸ਼ੁਰੂਆਤੀ ਦਿਨਾਂ ਦੀ ਯਾਦ ਤਾਜ਼ਾ ਕਰਵਾਓ।
    ਜ : ਬਾਈ ਜੀ ਕਬੱਡੀ ਮੈਂ ਬਚਪਨ ਤੋਂ ਹੀ ਖੇਡਣੀ ਸ਼ੁਰੂ ਕੀਤੀ ਸੀ। ਬਾਕੀ ਘਰੇ ਖੁੱਲੀ ਖੁਰਾਕ ਸੀ। ਖੇਡਦੇ-ਕੁੱਦਦੇ ਸੀ, ਕੋਈ ਫਿਕਰ ਨਹੀਂ ਸੀ। ਸਕੂਲ ਵਿਚ ਅਸੀਂ ਟੀਮ ਤਿਆਰ ਕੀਤੀ ਸੀ। ਕਈ ਮੈਚ ਹਾਰੇ, ਕਈ ਜਿੱਤੇ। ਫਿਰ ਦਸਵੀਂ ਕਰਨ ਤੋਂ ਬਾਅਦ ਕਬੱਡੀ ਦੇ ਗੜ੍ਹ ਮਾਲਵਾ ਕਾਲਜ, ਬੌਦਲੀ (ਸਮਰਾਲਾ) ਵਿਖੇ ਦਾਖਲਾ ਲੈ ਲਿਆ, ਉਤੇ ਭੀਮਾ, ਅੰਗਰੇਜ਼, ਭਿੰਦਰ ਅਤੇ ਜਗਤਾਰ ਧਨੋਲਾ ਹੁਰੀ ਸਨ। ਉਹਨਾਂ ਨਾਲ ਮੈਂ ਪ੍ਰੈਕਟਿਸ ਕਰਨ ਲੱਗ ਪਿਆ। ਮਿਹਨਤ ਨਾਲ ਮੇਰੀ ਖੇਡ ਵਿਚ ਨਖਾਰ ਆ ਗਿਆ। 1988 ਤੋਂ 90 ਤਕ ਲਗਾਤਾਰ ਮਾਲਵਾ ਕਾਲਜ ਬੌਦਲੀ (ਸਮਰਾਲਾ) ਦੀ ਕਬੱਡੀ ਟੀਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੂੰ ਹਰਾ ਕੇ ਜੇਤੂ ਰਹੀ। ਇਸ ਵਿਚ ਮੇਰੀ ਖੇਡ ਦੀ ਚੰਗੀ ਤਰੀਫ ਹੋਈ।
    ਸ : ਤੁਸੀਂ ਮਾਲਵਾ ਕਾਲਜ ਵੱਲੋਂ ਕਾਫੀ ਮੈਚ ਖੇਡੇ ਜਿਨ੍ਹਾਂ ਵਿਚੋਂ ਬਹੁਤੇ ਮੈਚ ਤੁਸੀਂ ਜਿੱਤੇ..ਫਿਰ ਬਿਜਲੀ ਬੋਰਡ ਵੱਲੋਂ ਕਦੋਂ ਤੋਂ ਖੇਡਣਾ ਸ਼ੁਰੂ ਕੀਤਾ?
    ਜ : ਬਾਈ ਜੀ, ਪਟਿਆਲੇ ਟੂਰਨਾਮੈਂਟ ਤੇ ਮੈਨੂੰ 15 ਅਗਸਤ 1990 ਵਿਚ ਬਿਜਲੀ ਬੋਰਡ ਵੱਲੋਂ ਖੇਡਣ ਦਾ ਮੌਕਾ ਮਿਲਿਆ। ਉਥੇ ਪੰਜਾਬ ਦੇ ਗਵਰਨਰ ਸਾਹਿਬ ਆਏ ਹੋਏ ਸੀ। ਉਹਨਾਂ ਮੇਰੀ ਖੇਡ ਦੇਖੀ। ਫਿਰ ਮੈਨੂੰ ਬਿਜਲੀ ਬੋਰਡ ਦੀ ਨੌਕਰੀ ਮਿਲ ਗਈ। ਮੇਰੇ ਹੌਸਲੇ ਹੋਰ ਬਲੰਦ ਹੋ ਗਏ।
    ਸ : ਰਾਜਸਥਾਨ ਅਤੇ ਜੀਂਦ ਵਿਖੇ 90-91-92 ਵਿਚ ਹੋਈਆਂ ਆਲ ਇੰਡੀਆ ਓਪਨ ਕਬੱਡੀ ਪ੍ਰਤੀਯੋਗਤਾ ਵਿਚ ਵੀ ਤੁਸੀਂ ਧੰਮਾਂ ਪਾਈਆਂ ਸੀ। ਇਸ ਬਾਰੇ ਪਾਠਕਾਂ ਨੂੰ ਦੱਸੋ।
    ਜ : 90-91 ਵਿਚ ਕਰਨਪੁਰ (ਰਾਜਸਥਾਨ) ਅਤੇ 92 ਵਿਚ ਜੀਂਦ ਵਿਖੇ ਹੋਈ ਆਲ ਇੰਡੀਆ ਓਪਨ ਕਬੱਡੀ ਪ੍ਰਤੀਯੋਗਤਾ ਵਿਚ ਮੈਂ ਬਿਜਲੀ ਬੋਰਡ ਦੀ ਟੀਮ ਵੱਲੋਂ ਖੇਡਿਆ ਸੀ। ਉਤੇ ਮਸ਼ਹੂਰ ਟੀਮਾਂ ਮੰਡੀਕਰਨ ਬੋਰਡ, ਪੰਜਾਬ ਪੁਲਿਸ ਦੀ ਟੀਮ ਜਿਨ੍ਹਾਂ ਵਿਚ ਹਰਜੀਤ, ਬਲਵਿੰਦਰ ਫਿੱਡੂ, ਸੱਬਾ, ਪੱਪੂ, ਹਰਪ੍ਰੀਤ ਬਾਬਾ ਵਰਗੇ ਤਕੜੇ ਖਿਡਾਰੀ ਖੇਡ ਰਹੇ ਸਨ। ਸਾਡੀ ਟੀਮ ਇਹਨਾਂ ਟੀਮਾਂ ਨੂੰ ਹਰਾ ਕੇ ਲਗਾਤਾਰ ਤਿੰਨ ਸਾਲ ਜੇਤੂ ਰਹੀ ਸੀ ਤੇ ਲਗਾਤਾਰ ਤਿੰਨ ਸਾਲ ਆਲ ਇੰਡੀਆ ਓਪਨ ਕਬੱਡੀ ਪ੍ਰਤੀਯੋਗਤਾ ਦਾ ਮੈਂ ਬੈਸਟ ਰੇਡਰ ਬਣ ਕੇ ਹੈਟਰਿਕ ਮਾਰੀ ਸੀ ਤੇ ਫਿਰ ਸੁੱਖੀ ਯਾਦਗਾਰੀ ਕਬੱਡੀ ਟੂਰਨਾਮੈਂਟ ਵਿਚ ਵੀ ਮੈਂ ਵਧੀਆ ਖੇਡਿਆ। ਸਾਡੀ ਟੀਮ ਚੈਂਪੀਅਨ ਬਣ ਗਈ। ਸਾਰੇ ਟੂਰਨਾਮੈਂਟ ਵਿਚ ਮੈਨੂੰ ਇੱਕ ਵੀ ਜੱਫਾ ਨੀ ਲੱਗਿਆ। ਉਥੇ ਮੈਨੂੰ ਨਾਨ-ਸਟਾਪ ਰੇਡਰ ਦਾ ਮਾਣ ਮਿਲਿਆ ਤੇ ਬਿਜਲੀ ਬੋਰਡ ਮਹਿਕਮੇ ਨੇ ਮੈਨੂੰ ਮਾਣ ਬਖਸ਼ਿਆ ਲਾਈਨਮੈਨ ਤੋਂ ਫੋਰਮੈਨ ਬਣਾ ਦਿੱਤਾ।
    ਸ : ਜਿਹੜੀ ਹਰਿਆਣੇ ਆਲ ਇੰਡੀਆ ਚੈਂਪੀਅਨਸ਼ਿਪ ਹੋਈ ਸੀ, ਉਸ ਬਾਰੇ ਕੁੱਝ ਦੱਸੋ?
    ਜ : ਆਲ ਇੰਡੀਆ ਚੈਂਪੀਅਨਸ਼ਿਪ ਵਿਚ ਤਕਰੀਬਨ ਚੋਟੀ ਦੀਆਂ 20 ਕੁ ਟੀਮਾਂ ਹੁੰਦੀਆਂ ਹਨ। ਉਥੇ ਸਾਡੀ ਟੀਮ ਦੇ ਰੇਡਰ ਮੈਂ, ਹਰਜੀਤ, ਫਿੱਡੂ, ਰਾਜਾ ਤੇ ਜਾਫ਼ੀ ਕਾਲਾ, ਗੇਲਾ, ਬਾਜ, ਭੀਮਾ ਦੀਨਾਂ ਸਾਹਿਬ। ਸਾਰੀ ਚੈਂਪੀਅਨਸ਼ਿਪ ਵਿਚ ਮੈਨੂੰ ਇੱਕ ਵੀ ਜੱਫਾ ਨੀ ਲੱਗਾ। ਸਾਡੀ ਟੀਮ ਜੇਤੂ ਰਹੀ। ਹਰਿਆਣੇ ਦੇ ਲੋਕਾਂ ਨੇ ਮੈਨੂੰ ਮੋਢਿਆਂ ਤੇ ਚੁੱਕ ਲਿਆ। ਉਹ ਜਿਵੇਂ ਬੋਲਦੇ ਆ ਅਰੇ ਇਹ ਤੋ ਹਮਾਰਾ ਬਾਂਗਰੂ ਹੈ। ਫਿਰ ਉਹਨਾਂ ਨੂੰ ਕਿਸੇ ਨੇ ਦੱਸਿਆ ਕਿ ਇਹ ਤਾਂ ਪੰਜਾਬ ਦਾ ਮੁੰਡਾ ਏ। ਬਿੱਟੂ ਤੇ ਬਾਂਗਰਾ ਤਾਂ ਇਸ ਦਾ ਪਿੰਡ ਏ..ਰੱਬ ਦੀ ਕ੍ਰਿਪਾ ਤੇ ਦਰਸ਼ਕਾਂ ਦੇ ਪਿਆਰ ਦੀ ਬਦੌਲਤ ਅੱਜ ਵੀ ਜਦੋਂ ਹਰਿਆਣੇ ਵਿਚ ਮੈਚ ਹੁੰਦੇ ਆ ਤਾਂ ਜ਼ਰੂਰ ਪ੍ਰਬੰਧਕਾਂ ਨੂੰ ਪੁੱਛਦੇ ਆ ਜੀ ਓਹ ਪੰਜਾਬ ਕਾ ਬਿੱਟੂ ਆਏਗਾ ਕਿਆ।
    ਸ : ਵਿਦੇਸਾਂ ਦੀ ਧਰਤੀ ਤੇ ਕਦੋਂ ਅਤੇ ਕਿਸ ਦੇ ਸਹਿਯੋਗ ਨਾਲ ਖੇਡਣ ਗਏ?
    ਜ : ਬਾਈ ਜਗਦੇਵ ਮੈਂ 1995 ਵਿਚ ਸ਼ ਸੁਰਜਣ ਸਿੰਘ ਚੱਠਾ ਤੇ ਕਾਕਾ ਜਾਨਪੁਰੀਆ ਦੇ ਸਹਿਯੋਗ ਨਾਲ ਇੰਗਲੈਂਡ ਪਹਿਲੀ ਵਾਰ ਖੇਡਣ ਗਿਆ। ਉਥੇ ਵੀ ਪ੍ਰਮਾਤਮਾ ਦੀ ਕ੍ਰਿਪਾ ਨਾਲ ਵਧੀਆ ਖੇਡਿਆ। ਫਿਰ ਚੱਲ ਸੋ ਚੱਲ ਹੁਣ ਵੀ ਕਨੈਡਾ, ਅਮਰੀਕਾ, ਇੰਗਲੈਂਡ ਹਰ ਸਾਲ ਟੂਰਨਾਮੈਂਟ ਵਿਚ ਹਿੱਸਾ ਲੈਂਦਾ ਹਾਂ।
    ਸ : ਵਿਦੇਸਾਂ ਵਿਚ ਵੀ ਤੇ ਪੰਜਾਬ ਵਿਚ ਵੀ ਤੁਹਾਡੇ ਜ਼ਿਆਦਾ ਸੋਅ ਮੈਚ ਹਰਜੀਤ ਦੇ ਵਿਰੁੱਧ ਹੀ ਹੁੰਦੇ ਸੀ। ਕੋਈ ਵਿਦੇਸੀ ਮੈਚ ਜਿਹੜਾ ਤੁਸੀਂ ਹਰਜੀਤ ਦੀ ਟੀਮ ਵੱਲੋਂ ਖੇਡੇ ਹੋਵੋ?
    ਜ : ਵੈਸੇ ਜ਼ਿਆਦਾ ਸੋਅ ਮੈਚ ਅਸੀਂ ਹਰਜੀਤ ਦੇ ਵਿਰੁੱਧ ਹੀ ਖੇਡੇ ਆ, ਪਰ ਫਿਰ ਵੀ ਕਈ ਚੈਂਪੀਅਨਸ਼ਿਪਾਂ ਮੈਂ ਹਰਜੀਤ ਨਾਲ ਖੇਡਿਆਂ। ਇੰਗਲੈਂਡ ਵਿਖੇ ਮੈਂ ਹਰਜੀਤ ਦੀ ਟੀਮ ਸਾਉਥਹਾਲ ਵੱਲੋਂ ਖੇਡਿਆ ਸੀ। ਉਥੇ ਹਰਜੀਤ ਨੂੰ ਇੱਕ ਜੱਪਾ ਲੱਗਾ ਸੀ ਤੇ ਮੈਨੂੰ ਕੋਈ ਜੱਫਾ ਨੀ ਲੱਗਾ। ਮੈਚ ਅਸੀਂ ਜਿੱਤੇ ਸੀ। ਉਦੋਂ ਬੇਸ਼ਕ ਮੈਂ ਵਧੀਆ ਖੇਡਿਆ ਸੀ ਪਰ ਮੇਰੇ ਗੋਡੇ ਤੇ ਸੱਟ ਵੱਜੀ ਸੀ। ਮੈਨੂੰ ਸੰਤੁਸ਼ਟੀ ਨਹੀਂ ਆਈ ਖੇਡ ਕੇ।
    ਸ : ਤੁਸੀਂ ਹੁਣ ਤੱਕ ਮਿਲੇ ਸਨਮਾਨ ‘ਚੋਂ ਕਿਸ ਨੂੰ ਖੁਸ਼ੀ ਮੰਨਦੇ ਹੋ ਜਾਂ ਤਰੱਕੀ ਸਮਝਦੇ ਹੋ?
    ਜ : ਮੈਂ ਆਪਣੀ ਖੇਡ ਸਦਕਾ ਅੱਜ ਬਿਜਲੀ ਬੋਰਡ ਵਿਚ ਫੋਰਮੈਨ ਹਾਂ। ਇਹ ਵੀ ਮੇਰਾ ਇਕ ਤਰ੍ਹਾਂ ਦਾ ਇਨਾਮ ਹੈ। ਮੇਰੀ ਤਰੱਕੀ ਹੈ, ਮੇਰੀ ਖੁਸ਼ੀ ਹੈ। ਬਾਕੀ 1999 ਵਿਚ ਪਿੰਡ ਫੁੱਲਾਵਾਲ ਦੇ ਕੌਮਾਂਤਰੀ ਖੇਡ ਮੇਲੇ ‘ਚ ਮੇਰਾ ਸਨਮਾਨ ਸੀ। ਤਕਰੀਬਨ ਦਸ ਗੱਡੀਆਂ ਪੂਰੀ ਤਰ੍ਹਾਂ ਫੁੱਲਾਂ ਨਾਲ ਸਿੰਗਾਰੀਆਂ ਸਾਡੇ ਘਰ ਆਈਆ। ਮੈਨੂੰ ਗਲ ਵਿਚ ਹਾਰ ਪਾ ਕੇ ਜਿਪਸੀ ‘ਚ ਖੜਾ ਕੀਤਾ। ਸਾਰੇ ਪਿੰਡ ਦਾ ਗੇੜਾ ਲਵਾਇਆ। ਪੂਰੇ ਵਾਜੇ-ਗਾਜੇ ਵਜਾਏ, ਭੰਗੜੇ ਪਾਏ ਤੇ ਮੈਨੂੰ ਫੁੱਲਾਂਵਾਲਾ ਖੇਡ ਮੇਲੇ ਤੇ ਲਿਜਾ ਕੇ ਹਰਜੀਤ ਬਰਾੜ ਐਵਾਰਡ ਦੇ ਕੇ ਨਿਵਾਜਿਆ। ਫਿਰ 2002 ਵਿਚ ਮਾਤਾ ਸਾਹਿਬ ਕੌਰ ਗੋਲਡ ਕਬੱਡੀ ਕੱਪ ਜਰਖੜ ਵਿਖੇ ਵੀ ਹਰਜੀਤ ਬਰਾੜ ਐਵਾਰਡ ਦੇ ਕੇ ਸਨਮਾਨਿਤ ਕੀਤਾ। 2004 ਵਿਚ ਮਾਲਵਾ ਸਭਿਆਚਾਰਕ ਮੰਚ ਰਾਮਪੁਰਾਫੂਲ ਵੱਲੋਂ ਮੈਨੂੰ ਹਰਜੀਤ ਬਰਾੜ ਐਵਾਰਡ ਦੇ ਕੇ ਸਨਮਾਨਿਤ ਕੀਤਾ। ਇਹ ਜੀ ਰੱਬ ਦੀ ਕ੍ਰਿਪਾ ਏ ਜਿਹੜਾ ਲੋਕ ਐਨਾ ਪਿਆਰ ਕਰਦੇ ਆ।
    ਸ : ਤੁਸੀਂ ਲੁਧਿਆਣੇ ਜ਼ਿਲ੍ਹੇ ਦੇ ਪਹਿਲੇ ਅਤੇ ਪੰਜਾਬ ਦੇ ਤੀਸਰੇ ਖਿਡਾਰੀ ਹੋ ਜਿਸ ਨੂੰ ਇਨਾਮ ਵਜੋਂ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਇਸ ਬਾਰੇ ਕੀ ਕਹੋਗੇ?
    ਜ : ਇਹ ਜੀ ਮੇਰੀ ਖੁਸ਼ਕਿਸਮਤੀ ਹੈ। ਮੇਰੇ ਤੋਂ ਪਹਿਲਾਂ ਪ੍ਰਸਿੱਧ ਕਬੱਡੀ ਖਿਡਾਰੀ ਬਲਵਿੰਦਰ ਫਿੱਡੂ ਅਤੇ ਪ੍ਰਸਿੱਧ ਜਾਫੀ ਕਾਲਾ ਗਾਜੀਆਣਾ ਨੂੰ ਕਾਰ ਦੇ ਕੇ ਸਨਮਾਨਿਤ ਕੀਤਾ ਗਿਆ। 9 ਫਰਵਰੀ 2005 ਨੂੰ ਪਟਿਆਲਾ ਵਿਖੇ ਕਰਵਾਏ ਗਏ ਕਬੱਡੀ ਕੱਪ ਵਿਚ ਪਾਲੀਓ ਕਾਰ ਦੇ ਕੇ ਸਨਮਾਨਿਤ ਕੀਤਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰਾ ਮਾਲਵਿੰਦਰ ਸਿੰਘ ਵੱਲੋਂ ਮੈਨੂੰ ਚਾਬੀਆਂ ਭੇਂਟ ਕੀਤੀਆਂ ਗਈਆਂ।
    ਸ : ਤੁਸੀਂ ਅਨੇਕਾਂ ਦੇਸਾਂ-ਵਿਦੇਸਾਂ ‘ਚ ਬੈਸਟ ਧਾਵੀ ਚੁਣੇ ਗਏ, ਅਨੇਕਾਂ ਐਵਾਰਡ ਪਰਾਪਤ ਕੀਤੇ। ਅੱਜ ਦੀ ਕਬੱਡੀ ਅਤੇ ਪਹਿਲਾਂ ਦੀ ਕਬੱਡੀ ਵਿਚ ਕੀ ਅੰਤਰ ਤੁਹਾਨੂੰ ਮਹਿਸੂਸ ਹੁੰਦਾ ਹੈ?
    ਜ : ਪਹਿਲਾਂ ਜੀ ਤਕਰੀਬਨ ਟੂਰਨਾਮੈਂਟ ਬਹੁਤ ਵੱਡੇ ਹੁੰਦੇ ਸੀ ਤੇ ਉਥੇ ਦਰਸ਼ਕਾਂ ਦਾ ਰਿਕਾਰਡ ਤੋੜ ਇਕੱਠ ਹੁੰਦਾ ਸੀ। ਹੁਣ ਹਰੇਕ ਪਿੰਡ-ਪਿੰਡ ਟੂਰਨਾਮੈਂਟ ਹੋਣ ਲੱਗ ਪਏ। ਇਸ ਨਾਲ ਦਰਸ਼ਕਾਂ ਦਾ ਸਵਾਦ ਬਦਲ ਜਾਂਦਾ। ਪਹਿਲਾਂ ਦਰਸ਼ਕਾਂ ਨੂੰ ਹੁੰਦਾ ਸੀ ਕਿ ਫਲਾਨੇ ਖੇਡ ਮੇਲੇ ‘ਤੇ ਜ਼ਰੂਰ ਜਾਨਾ ਏ। ਹੁਣ ਉਹ ਖਿੱਚ ਨੀ ਰਹੀ। ਉਹ ਸਵਾਦ ਨਹੀਂ ਰਿਹਾ ਜੀ। ਹਾਂ ਇੱਕ ਗੱਲ ਜ਼ਰੂਰ ਏ ਹੁਣ ਪ੍ਰਮੋਟਰ ਵੀਰ ਵਧੀਆ ਨੇ ਤੇ ਉਹਨਾਂ ਦਾ ਉਪਰਾਲਾ ਵਧੀਆ ਜੀ।
    ਸ : ਨਵੇਂ ਖਿਡਾਰੀਆਂ ਨੂੰ ਸੀਨੀਅਰ ਹੋਣ ਦੇ ਨਾਤੇ ਕੀ ਸੁਝਾਅ ਦੇਓਗੇ?
    ਜ : ਨਵੇਂ ਮੁੰਡੇ ਵਧੀਆ ਖੇਡ ਰਹੇ ਹਨ। ਕਈ ਮੁੰਡੇ ਸਰੀਰ ਬਣਾਉਣ ਦੇ ਚੱਕਰ ਵਿਚ ਗਲਤ ਆਦਮੀਆਂ ਦੇ ਹੱਥੀ ਚੜ੍ਹ ਜਾਂਦੇ ਨੇ। ਪੋਡਰ ਵਗੈਰਾ ਖਾਣ ਲੱਗ ਪੈਂਦੇ ਹਨ ਜੋ ਨੁਕਸਾਨ ਕਰਦਾ ਹੈ। ਬੇਨਤੀ ਹੈ ਅਜਿਹੇ ਕੰਮਾਂ ‘ਚ ਨਾ ਪਓ। ਰੱਜ ਕੇ ਮਿਹਨਤ ਕਰੋ ਤੇ ਮਾਂ ਖੇਡ ਕਬੱਡੀ ਦਾ ਸਿਰ ਉੱਚਾ ਚੁੱਕੋ।
    ਸ : ਅੱਜਕਲ੍ਹ ਤੁਸੀਂ ਸਰਕਲ ਸਟਾਈਲ ਕਬੱਡੀ ਫੈਡਰੇਸ਼ਨ ਨਾਰਥ ਇੰਡੀਆ ਦੇ ਕਾਰਜਕਾਰੀ ਪ੍ਰਧਾਨ ਬਣਨ ਦੌਰਾਨ ਤੁਸੀਂ ਕਬੱਡੀ ਲਈ ਕੀ ਨਵੇਂ ਨਿਯਮ ਪੈਦਾ ਕੀਤੇ?
    ਜ : ਸਭ ਤੋਂ ਪਹਿਲਾਂ ਸਾਡੀ ਫੈਡਰੇਸ਼ਨ ਨਾਲ ਜੁੜ ਕੇ ਖੇਡਣ ਵਾਲੀਆਂ ਟੀਮਾਂ ਲਈ ਕਿੱਟ ਜ਼ਰੂਰੀ ਕੀਤੇ ਹਨ। ਹਰੇਕ ਟੀਮ ਦੀ ਆਪੋ ਆਪਣੀ ਵੱਖਰੀ ਕਿੱਟ ਹੋਵੇਗੀ। ਹਰੇਕ ਟੀਮ ਆਪੋ ਆਪਣੀ ਕਿੱਟ ਪਾ ਕੇ ਗਰਾਊਂਡ ਵਿਚ ਆਵੇਗੀ। ਕੋਈ ਵੀ ਖਿਡਾਰੀ ਚੱਲਦੇ ਮੈਚ ਦੌਰਾਨ ਪਾਣੀ ਨਹੀਂ ਪੀਵੇਗਾ। ਪਾਣੀ ਹਾਫ ਟਾਈਮ ‘ਤੇ ਹੀ ਦੋਵਾਂ ਟੀਮਾਂ ਨੂੰ ਦਿੱਤਾ ਜਾਵੇਗਾ। ਹੋਰ ਵੀ ਕਈ ਰੂਲ ਅਸੀਂ ਕਬੱਡੀ ਟੀਮਾਂ ਲਈ ਬਣਾਏ ਹਨ ਜੋ ਜਲਦੀ ਹੀ ਲਾਗੂ ਕੀਤੇ ਜਾਣਗੇ।
    ਸ : ਜਾਂਦੇ-ਜਾਂਦੇ ਪਰਿਵਾਰ ਬਾਰੇ ਦੱਸੋ?
    ਜ : ਮੈਂ ਜੀ ਮਾਤਾ-ਪਿਤਾ ਆਪਣੀ ਜੀਵਨ ਸਾਥਣ ਸੰਦੀਪ ਕੌਰ, ਬੇਟੇ ਅਜੈ ਪਾਲ ਸਿੰਘ ਅਜੈ ਤੇ ਹਰਕੰਵਲ ਸਿੰਘ ਹੈਰੀ ਨਾਲ ਪ੍ਰਮਾਤਮਾ ਦੀ ਕ੍ਰਿਪਾ ਨਾਲ ਪਿੰਡ ਜਸਪਾਲ ਬਾਂਗਰ ਵਿਖੇ ਰਹਿ ਰਿਹਾ ਹਾਂ।
    ਜਗਦੇਵ ਬਰਾੜ,
    ਮੋਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!