ਮਨਦੀਪ ਕੌਰ ਭੰਮਰਾ
ਜ਼ਿੰਦਗੀ ਦੀ ਕਿਤਾਬ ਦੇ
ਵਰਕੇ ਫਰੋਲਦਿਆਂ
ਬਹੁਤ ਕੁੱਝ ਮਿਲ਼ਿਐ
ਉਹਨਾਂ ਰਾਹਵਾਂ ਦੀ ਯਾਦ
ਜਿੱਥੇ ਸੰਘਣਾ ਜੰਗਲ਼ ਸੀ
ਭਾਵਾਂ ਵਿੱਚ ਜਗਦੇ
ਜੁਗਨੂੰਆਂ ਦਾ ਮੰਗਲ਼ ਸੀ
ਗੀਤ ਗਾਉਂਦੇ ਜੁਗਨੂੰ,
ਟਿਮਟਿਮਾਉਂਦੇ ਜੁਗਨੂੰ
ਉਸਦੇ ਮਨ ਨੂੰ ਭਾਉਂਦੇ ਜੁਗਨੂੰ
ਕਦੀ ਕਦੀ ਉਹ ਜੁਗਨੂੰਆਂ ਨੂੰ
ਡੱਬੀ ‘ਚ ਬੰਦ ਕਰ ਲੈਂਦੇ
ਪਰ ਅਗਲੇ ਹੀ ਪਲ ਉਹ
ਉਡਾ ਦਿੰਦੇ ਜੁਗਨੂੰਆਂ ਨੂੰ
ਅਤੇ ਉਹ ਉੱਡ ਜਾਂਦੇ ਆਪਣੀ
ਮਸਤੀ ‘ਚ ਝੂਮਦੇ ਮਾਸੂਮ ਜਿਹੇ !
ਉਸਨੂੰ ਜਾਪਦਾ ਜਿਵੇਂ ਬੰਦ ਡੱਬੀ ਵਿੱਚ
ਉਸਦਾ ਆਪਣਾ ਦਮ ਘੁਟਦਾ ਹੋਵੇ
ਇੰਜ ਕਈ ਵਾਰ ਹੁੰਦਾ ਉਦੋਂ ਜਦੋਂ
ਕਦੀ ਉਹ ਹਨ੍ਹੇਰੇ ਵਿੱਚ ਨਿੱਕੇ ਨਿੱਕੇ
ਬਾਲ ਬੂਟਿਆਂ ਦੁਆਲ਼ੇ ਘੁੰਮਦੇ
ਜੁਗਨੂੰ ਰਾਤ ਸਮੇਂ ਦੇਖਦੇ
ਆਪਣੇ ਸਾਥੀ ਸੰਗੀਆਂ
ਨਾਲ਼ ਸ਼ਾਮ ਦੇ ਘੁਸਮੁਸੇ ਜਿਹੇ
ਬਾਹਰ ਘੁੰਮਣ ਜਾਂਦੇ
ਹਨ੍ਹੇਰਾ ਉਦੋਂ ਕੁੱਝ ਨਾ ਆਖਦਾ
ਨਾ ਕੋਈ ਡਰ ਲੱਗਦਾ ਉਦੋਂ
ਬੱਸ ਜੁਗਨੂੰਆਂ ਨੂੰ ਦੇਖਣ ਦਾ
ਚਾਅ ਹੁੰਦਾ ਤੇ ਹਵਾਵਾਂ ਨੂੰ
ਮਾਨਣ ਦਾ ਚਾਅ
ਆਜ਼ਾਦ ਜਿਹੀ ਫਿਜ਼ਾ ਵਿੱਚ
ਘੁੰਮਣ ਦਾ ਚਾਅ!
ਜ਼ਿੰਦਗੀ ਆਪਣੀ ਚਾਲੇ
ਤੁਰਦੀ ਗਈ ਤੁਰਦੀ ਗਈ
ਬੜੇ ਘੁਸਮੁਸੇ ਜਿਹੇ ਹਨ੍ਹੇਰੇ ਆਏ
ਜ਼ਿੰਦਗੀ ‘ਚ ਪਰ ਮੁੜ ਕਦੀ
ਜੁਗਨੂੰ ਨਹੀਂ ਆਏ
ਜੁਗਨੂੰ ਨੂੰ ਉਦੋਂ ਲੋਕ
ਟਟਿਆਣਾ ਆਖਦੇ ਸਨ
ਪਿੰਡਾਂ ਥਾਵਾਂ ਤੇ ਜਾਂ ਕਿਤੇ ਵੀ
ਪਤਾ ਨਹੀਂ ਹੁਣ ਵੀ ਹੁੰਦੇ ਹੋਣਗੇ
ਜੁਗਨੂੰ ਤੇ ਕੋਈ ਬਾਲੜੀ ਜਾਂ ਬਾਲ
ਮਾਣਦਾ ਹੋਵੇਗਾ ਉਹਨਾਂ ਦੀ
ਰੌਸ਼ਨੀ ਉਹਦੇ ਵਾਂਗ ਹੀ
ਕਰਦਾ ਹੋਵੇਗਾ ਬੰਦ ਕਿਸੇ ਵੇਲੇ
ਡੱਬੀ ਵਿੱਚ ਕਿਸੇ ਜੁਗਨੂੰ ਨੂੰ
ਜ਼ਿੰਦਗੀ ਦੇ ਪੰਨੇ ਇੰਜ ਹੀ ਪਲਟਦੇ
ਰਹਿੰਦੇ ਹਨ ਤੇ ਇਹੀ ਜੀਵਨ ਹੈ!
ਵਕਤ ਬੀਤ ਗਿਐ ਹੈ ਬਹੁਤ
ਜ਼ਿੰਦਗੀ ਬਹੁਤ ਅੱਗੇ ਲੰਘ ਆਈ ਹੈ
ਉੰਜ ਜੁਗਨੂੰਆਂ ਦੀ ਭਾਲ਼
ਹੁਣ ਉਸਨੂੰ ਮੁੱਕ ਚੁੱਕੀ ਹੈ
ਜੁਗਨੂੰ ਜਿਉਂਦੇ ਰਹਿਣ
ਮੱਧਮ ਮੱਧਮ ਤੇ ਮਿੱਠਾ ਮਿੱਠਾ
ਚਾਨਣ ਦਿੰਦੇ ਰਹਿਣ
ਇਹ ਕਿਸੇ ਲਈ ਵੀ
ਸੌਗਾਤ ਹੋ ਸਕਦੇ ਹਨ
ਜ਼ਿੰਦਗੀ ਨੂੰ ਰੌਸ਼ਨੀ ਦੀ
ਕਿਰਨ ਦਿਖਾ ਸਕਦੇ ਹਨ
ਬੁਝਦਿਆਂ ਬੁਝਦਿਆਂ ਵੀ
ਜਗਣਾ ਸਿਖਾ ਸਕਦੇ ਹਨ
ਉਹ ਤੁਹਾਨੂੰ ਰਿਝਾ ਸਕਦੇ ਹਨ
ਜੁਗਨੂੰ ਤੋਂ ਕੋਈ ਵੀ ਜਿਉਣਾ ਸਿੱਖ ਸਕਦੈ
ਜੁਗਨੂੰ ਵਾਂਗ ਕੋਈ ਵੀ ਜਗਣਾ ਸਿੱਖ ਸਕਦੈ!
ਜੁਗਨੂੰ ਰੂਹ ਦੇ ਚਾਨਣ ਅਤੇ
ਮਨ ਦੇ ਹਨ੍ਹੇਰੇ ਦਾ ਪ੍ਰਤੀਕ ਹੈ
ਜ਼ਿੰਦਾ ਰੌਸ਼ਨੀ ਦਾ ਪ੍ਰਤੀਬਿੰਬ ਹੈ
ਹਨ੍ਹੇਰਿਆਂ ਤੋਂ ਪਾਰ ਜਾ
ਸਕਣ ਦੀ ਹਿੰਮਤ ਅਤੇੇ
ਅਥਾਹ ਚਾਨਣਾਂ ਵਿੱਚ ਜਾਣ ਦੇ
ਆਰੰਂਭ ਦਾ ਸਰੋਤ ਹੈ
ਨਿੱਕੀ ਜਿਹੀ ਰੌਸ਼ਨੀ ਦਾ ਬਲ੍ਹਬ ਹੈ
ਆਚੰਭਿਤ ਜਿਹੀ ਕਰਦੀ ਲੋਅ
ਮਾਸੂਮੀਅਤ ਦਾ ਸੋਮਾ ਹੈ
ਕੁਦਰਤ ਦਾ ਨੰਨ੍ਹਾ ਜਿਹਾ
ਕੋਈ ਕਰਿਸ਼ਮਾ ਹੈ
ਨਿੱਕਾ ਜਿਹਾ ਸੂਰਜ ਹੈ
ਸ਼ਾਂਤਮਈ ਰੌਸ਼ਨੀ ਦਾ ਰਹੱਸ ਹੈ
ਸਕੂਨ ਉਸਦਾ ਹਾਸਿਲ ਹੈ
ਹੁਣ ਉਸਦਾ ‘ਮਸਤਕ ਤੇ ਜੁਗਨੂੰ’ ਇੱਕ ਹਨ!
-ਮਨਦੀਪ ਕੌਰ ਭੰਮਰਾ