ਨਿਹਾਲ ਸਿੰਘ ਵਾਲਾ (ਸੁਖਮੰਦਰ ਹਿੰਮਤਪੁਰੀ)
ਨੌਜਵਾਨ ਭਾਰਤ ਸਭਾ ਅਤੇ ਕ੍ਰਾਂਤੀਕਾਰੀ ਮਜਦੂਰ ਯੂਨੀਅਨ ਯੂਨੀਅਨ ਦੀ ਅਗਵਾਈ ਹੇਠ ਅੱਜ ਦਲਿਤ ਔਰਤਾਂ ਨੇ ਮਾਈਕ੍ਰੋ ਫਾਈਨਾਂਸ ਕੰਪਨੀਆਂ ਵੱਲੋ ਜਬਰੀ ਭਰਾਈਆਂ ਜਾ ਰਹੀਆਂ ਕਿਸ਼ਤਾਂ ਦੇ ਖਿਲਾਫ ਨਿਹਾਲ ਸਿੰਘ ਵਾਲਾ ਵਿਖੇ ਰੋਸ ਮੁਜਾਹਰਾ ਕਰਕੇ ਐਸਡੀਐਮ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਧਰਨੇ ‘ਤੇ ਆ ਰਹੇ ਇੱਕ ਮਜਦੂਰ ਕੇਵਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਿਸ ਦੇ ਕਾਰਨ ਪ੍ਰਸਾਸ਼ਨ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ, ਮੰਗ ਵੀ ਕੀਤੀ ਕਿ ਪ੍ਰਸਾਸ਼ਨ ਕੇਵਲ ਸਿੰਘ ਦੇ ਪਰਿਵਾਰ ਨੂੰ ਮੁਆਵਜਾ ਦੇਵੇ।
ਨੌਜਵਾਨ ਭਾਰਤ ਸਭਾ ਦੇ ਇਲਾਕਾ ਸਕੱਤਰ ਕਰਮਜੀਤ ਮਾਣੂੰਕੇ, ਅਰਸ਼ਦੀਪ ਕੌਰ ਬਿਲਾਸਪੁਰ, ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਆਗੂ ਜੀਵਨ ਬਿਲਾਸਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਲਾਕਡਾਉਨ ਦੇ ਦੌਰਾਨ ਸਰਕਾਰ ਦੀਆਂ ਆਪਣੀਆਂ ਹਦਾਇਤਾਂ ਹਨ ਕਿ ਕੋਈ ਬੈਂਕ, ਕੰਪਨੀਆਂ ਕਰਜਿਆਂ ਦੀ ਤੇ ਇਸ ‘ਤੇ ਵਿਆਜ ਦੀ ਵਸੂਲੀ ਨਹੀਂ ਕਰ ਸਕਦੀਆਂ। ਪਰ ਮਾਈਕ੍ਰੋ ਫਾਈਨਾਂਸ ਕੰਪਨੀਆਂ ਕੰਮਾਂ ਕਾਰਾਂ ਤੋਂ ਵਾਂਝੇ ਮਜਦੂਰਾਂ ਤੋਂ ਕਰਜਿਆਂ ਦੀਆਂ ਕਿਸ਼ਤਾਂ ਵਸੂਲ ਕਰਨ ਆ ਰਹੀਆਂ ਹਨ। ਭਜਦੂਰਾਂ ਨੂੰ ਧਮਕਾ ਕੇ ਉਹਨਾਂ ਦਾ ਸਮਾਨ ਤੱਕ ਲੈ ਕੇ ਜਾ ਰਹੇ ਹਨ। ਪ੍ਰਸਾਸ਼ਨ ਇਹਨਾਂ ਨੂੰ ਨੱਥ ਪਾਵੇ, ਮਜਦੂਰ ਲਾਕਡਾਉਨ ਖਤਮ ਹੋਣ ਤੋਂ ਬਾਅਦ ਉਨਾ ਸਮਾਂ ਕਿਸ਼ਤਾਂ ਨਹੀਂ ਭਰਨਗੇ ਜਿੰਨਾਂ ਸਮਾਂ ਕੇ ਉਹਨਾਂ ਦੀ ਰੋਜੀ ਕਮਾਉਣ ਦਾ ਬੰਦੋਬਸਤ ਨਹੀਂ ਹੋ ਜਾਂਦਾ। ਲਾਕਡਾਉਨ ਦੇ ਦੌਰਾਨ ਦਾ ਵਿਆਜ ਵੀ ਨਾ ਵਸੂਲਿਆ ਜਾਵੇ।
ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਆਗੂ ਗੁਰਮੇਲ ਸਿੰਘ ਮਾਛੀਕੇ ਨੇ ਕਿਹਾ ਕਿ ਮੰਗ ਪੱਤਰ ਵਿੱਚ ਮੰਗ ਕੀਤੀ ਹੈ ਕਿ ਮਜਦੂਰਾਂ ਦੇ ਖਾਤਿਆਂ ਵਿੱਚ 10-10 ਹਜਾਰ ਰੁਪਏ ਜਮ੍ਹਾਂ ਕਰਵਾਏ ਜਾਣ ਤਾਂ ਜੋ ਲਾਕਡਾਉਨ ਦੇ ਝੰਬੇ ਉਹ ਆਪਣਾ ਘਰ ਦਾ ਗੁਜਾਰਾ ਚਲਾ ਸਕਣ।
ਕ੍ਰਾਂਤੀਕਾਰੀ ਮਜਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਬਿਲਾਸਪੁਰ ਨੇ ਕਿਹਾ ਕਿ ਲਾਕਡਾਉਨ ਮਹਾਂਮਾਰੀ ਨੂੰ ਰੋਕਣ ਵਿੱਚ ਬੁਰੀ ਤਰਾਂ ਨਾਕਾਮ ਰਿਹਾ ਹੈ। ਸਰਕਾਰ ਦੀਆਂ ਬਦਇੰਤਜਾਮੀਆਂ ਕਰਕੇ ਸੌ ਤੋਂ ਉੱਪਰ ਮਜਦੂਰ ਜਾਨ ਗੁਆ ਚੁੱਕੇ ਹਨ। ਲੋੜ੍ਹਵੰਦਾਂ ਦੀਆਂ ਲੋੜ੍ਹਾਂ ਪੂਰੀਆਂ ਕਰਨ ਦੀ ਬਜਾਏ ਚਿੱਟੇ, ਸ਼ਰਾਬ ਦੀ ਵਿਕਰੀ ਨਿਰੰਤਰ ਚੱਲਦੀ ਰਹੀ ਹੈ। ਇਹ ਵੀ ਮੰਗ ਕੀਤੀ ਗਈ ਕਿ ਨਸ਼ਾ ਸਮੱਗਲਰਾਂ ਨੂੰ ਨੱਥ ਪਾਈ ਜਾਵੇ। ਡਾਕਟਰਾਂ ਖਿਲਾਫ ਗਲਤ ਸ਼ਬਦਾਵਲੀ ਬੋਲਣ ਵਾਲੇ ਭਾਜਪਾ ਲੀਡਰ ਅਸ਼ੋਕ ਸਰੀਨ ਹਿੱਕੀ ਖਿਲਾਫ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਅੱਜ ਦਾ ਧਰਨਾ ਸੰਕੇਤ ਧਰਨਾ ਸੀ, ਜੇਕਰ ਪ੍ਰਸਾਸ਼ਨ ਨੇ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਤੇਜ ਕਰਾਂਗੇ। ਇਸ ਮੌਕੇ ਸੁਖਵਿੰਦਰ ਸਿੰਘ ਰਾਮਗੜ੍ਹ, ਜਰਨੈਲ ਰਾਮਗੜ੍ਹ, ਗੋਰਾ ਸਿੰਘ ਬਿਲਾਸਪੁਰ, ਮਨਵੀਰ ਬੀਹਲਾ ਆਦਿ ਵੀ ਹਾਜਰ ਸਨ।