ਭਾਲਦਾ ਸੀ ਝੋਟਿਆਂ ਦੇ ਘਰੋਂ ਲੱਸੀ
ਡੱਬਵਾਲੀ (ਪੰਜ ਦਰਿਆ ਬਿਊਰੋ)
ਨਸ਼ਾ ਤਸਕਰੀ ਦੀ ਝੂਠੀ ਮੁਖਬਰੀ ਦੇ ਨਾਂ ‘ਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਠੱਗਣ ਵਾਲੇ ਨੌਸਰਬਾਜ਼ ਬੰਟੀ ਦੇ ਸਾਥੀਆਂ ‘ਤੇ ਕੁੜਿੱਕੀ ਚੜਨ ਲੱਗੀ ਹੈ। ਸਿਟੀ ਪੁਲੀਸ ਨੇ ਬੰਟੀ ਦੇ ਸਾਥੀ ਅਮਨਪ੍ਰੀਤ ਸਿੰਘ ਉਰਫ਼ ਅਮਨ ਮਦਾਨ ਵਾਸੀ ਢਾਬਾ ਕੁਸ਼ਾਲ ਜੋਇਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੰਟੀ ਅਫ਼ਸਰਾਂ ਤੋਂ ਠੱਗੇ ਰੁਪਇਆਂ ਨੂੰ ਅਮਨਪ੍ਰੀਤ ਦੇ ਗੂਗਲ ਪੇਅ ਵਗੈਰਾ ਖਾਤੇ ‘ਚ ਟਰਾਂਸਫਰ ਕਰਵਾਉਂਦਾ ਸੀ। ਪੁਲੀਸ ਨੇ ਮੁਖ਼ਬਰੀ ਦੇ ਨਾਮ ‘ਤੇ ਹਾਸਲ ਕੀਤੇ ਅੱਠ ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ। ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ ਅਤੇ ਬਿਹਾਰ ਸਮੇਤ ਚਾਰ ਸੂਬਿਆਂ ਦੇ ਸੀਨੀਅਰ ਪੁਲੀਸ ਅਫ਼ਸਰਾਂ ਨੂੰ ਠੱਗਣ ਵਾਲਾ ਪੰਜਵੀਂ ਪਾਸ ਬੰਟੀ ਚਾਰ ਦਿਨਾਂ ਪੁਲੀਸ ਰਿਮਾਂਡ ‘ਤੇ ਹੈ। ਸਿਟੀ ਥਾਣਾ ਮੁਖੀ ਸੱਤਿਅਵਾਨ ਸ਼ਰਮਾ ਨੇ ਦੱਸਿਆ ਕਿ ਅਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਕੇ ਅੱਜ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੋਂ ਉਸਨੂੰ 14 ਦਿਨਾਂ ਨਿਆਂਇਕ ਹਿਰਾਸਤ ‘ਚ ਸਿਰਸਾ ਜੇਲ੍ਹ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਠੱਗੀ ਦੀ ਪੂਰੀ ਘੋਖ ਲਈ ਅਮਨਪ੍ਰੀਤ ਸਿੰਘ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ।