ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ, ਸੰਜੀਵ ਭਨੋਟ)
ਲੰਕਾਸ਼ਾਇਰ ਦੇ ਇਕ ਕਸਬੇ ਵਿਚ ਸ਼ੱਕੀ ਗੋਲੀਬਾਰੀ ਵਿਚ ਇਕ ਮੁਟਿਆਰ ਦੀ ਮੌਤ ਹੋਣ ਤੋਂ ਬਾਅਦ ਕਤਲ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਬਲੈਕਬਰਨ ਵਿੱਚ ਕਿੰਗ ਸਟ੍ਰੀਟ ‘ਤੇ ਇੱਕ ਔਰਤ ਦੇ ਗੋਲੀ ਲੱਗਣ ਦੀ ਖਬਰ ਮਿਲਣ ਤੋਂ ਬਾਅਦ ਦੁਪਹਿਰ 3 ਵਜੇ ਦੇ ਕਰੀਬ ਘਟਨਾ ਸਥਾਨ ‘ਤੇ ਪੁਲਿਸ ਨੇ ਇੱਕ ਹੈਲੀਕਾਪਟਰ ਅਤੇ ਐਮਰਜੈਂਸੀ ਸੇਵਾਵਾਂ ਨਾਲ ਜਾਇਜਾ ਲਿਆ। ਇੱਥੇ ਇੱਕ ਮੁਟਿਆਰ ਨੂੰ ਲਿਡਲ ਸੁਪਰ ਮਾਰਕੀਟ ਦੇ ਨਜ਼ਦੀਕ ਜਖਮੀ ਪਾਉਣ ‘ਤੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਥੋੜੀ ਦੇਰ ਬਾਅਦ ਉਸਦੀ ਮੌਤ ਹੋ ਗਈ। ਉਸਦੀ ਰਸਮੀ ਪਛਾਣ ਅਜੇ ਹੋਣੀ ਬਾਕੀ ਹੈ।ਪਰ ਉਸਦੀ ਮੌਤ ਗੋਲੀਆਂ ਦੇ ਨਾਲ ਜ਼ਖਮੀ ਹੋਣ ਕਾਰਨ ਹੋਈ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਜਾਵੇਗਾ। ਪੁਲਿਸ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਗਵਾਹਾਂ ਨੇ ਕਿਹਾ ਕਿ ਇੱਕ ਹਰੇ ਰੰਗ ਦੀ ਟੋਯੋਟਾ ਐਵੇਨਸਿਸ ਨੂੰ ਜਾਂਦੇ ਦੇਖਿਆ ਗਿਆ ਸੀ। ਇਸ ਸੰਬੰਧ ਵਿੱਚ ਅਜੇ ਕੋਈ ਗਿਰਫਤਾਰੀ ਨਹੀਂ ਕੀਤੀ ਗਈ ਹੈ ਅਤੇ ਅਧਿਕਾਰੀ ਲੋਕਾਂ ਨੂੰ ਜਾਣਕਾਰੀ ਲਈ ਅਪੀਲ ਕਰ ਰਹੇ ਹਨ। ਪੁਲਿਸ ਆਪਣੀ ਜਾਂਚ ਜਾਰੀ ਰੱਖਦਿਆਂ ਘਟਨਾ ਵਾਲੀ ਥਾਂ ‘ਤੇ ਛਾਣਬੀਣ ਕਰ ਰਹੀ ਹੈ।