3.4 C
United Kingdom
Sunday, March 8, 2026

More

    ਕਵਿਤਾ

    ਹਰਪ੍ਰੀਤ ਬਾਵਾ

    ਕਵਿਤਾ ਨੂੰ ਖੁੱਲਣ ਦਿਉ
    ਟੁੱਟਣ ਦਿਉ ਨੇਮਾਂ ਨੂੰ,
    ਪਾੜ ਦਿਉ ਪਿੰਗਲ
    ਜਲਾ ਦਿਉ ਅਰੂਜ,
    ਪਰ ਸ਼ਬਦਾਂ ਦੀ ਬੇਅਦਬੀ ਨਾ ਕਰੋ

    ਜੇ ਮਿਸਰਿਆਂ ਦੀ ਰੋਟੀ ਨਹੀਂ ਬਣਦੀ
    ਫੇਰ ਇਹਨਾਂ ਨੂੰ ਚੁੱਲ੍ਹੇ ਗਰਮ ਕਰਨ ਦਿਉ,
    ਜੇ ਮਤਲਾ ਕਿਸੇ ਬਿਮਾਰ ਦੀ ਦਵਾਈ ਨਹੀਂ
    ਫੇਰ ਇਹ ਸਿਰ ਵੀ ਕਿਉਂ ਦੁਖਾਵੇ,

    ਜੇ ਤੁਹਾਡਾ ਬਿੰਬਾਂ ਦਾ ਬੰਬ
    ਸਿਰਫ ਧੂਆਂ ਕਰਦਾ ਹੈ,
    ਟੰਗ ਲਵੋ ਇਸਨੂੰ
    ਪੁਰਸਕਾਰ ਬਣਾ ਕੇ ਕੰਧ ਤੇ,

    ਜੇ ਕਿਸਾਨ ਦੀ ਫਸਲ,
    ਮਜ਼ਦੂਰ ਦਾ ਮੁੜਕਾ,
    ਮੁਲਾਜ਼ਮ ਦੀ ਵਰਦੀ,
    ਰੁਬਾਈ ਦਾ ਹਿਸਾ ਨਹੀਂ
    ਫੇਰ ਕਿੱਥੋਂ ਭਾਲਦੇ ਹੋ
    ਇਤਿਹਾਸ ਵਿੱਚ ਹਿੱਸੇਦਾਰੀਆਂ,

    ਜਾਂ ਤਾਂ ਨੰਗਾ ਕਰੋ
    ਲਹੂ ਪੀਣ ਵਾਲਿਆਂ ਦਾ ਸੱਚ,
    ਜਾਂ ਫੇਰ ਮਕਤੇ ‘ਚੋਂ ਮਿਟਾ ਦਿਉ
    ਆਪਣਾ ਆਪੇ ਰੱਖਿਆ ਨਾਮ,

    ਸਾਡੇ ਕੋਲ ਸਮਾਂ ਨਹੀਂ ਹੈ
    ਅਸੀਂ ਕਰੀਏ ਟਕੋਰਾਂ
    ਤੁਹਾਡੀ ਬਿਮਾਰ ਨਜ਼ਮ ਦੇ ਪਿੰਡੇ ਤੇ,
    ਅਸੀਂ ਰੱਖੀਏ ਪੱਟੀਆਂ
    ਕਵੀ ਦੇ ਮੱਥੇ ਤੇ,

    ਅਸੀਂ ਜਿਸ ਜਮਾਤ ਦੇ ਹਾਂ
    ਉਹ ਜਮਾਤ ਲੁੱਟੀ ਜਾ ਰਹੀ ਹੈ,
    ਉਹ ਭੁੱਖੀ ਹੈ,
    ਬਿਮਾਰ ਹੈ,
    ਬੇਰੁਜਗਾਰ ਹੈ,

    ਜੇ ਕਵਿਤਾ ਨਹੀਂ ਕਰਦੀ ਗੱਲ
    ਇਸ ਜਮਾਤ ਦੀ ਮੁਕਤੀ ਦੀ,
    ਫੇਰ ਤੁਹਾਡੀ ਕਵਿਤਾ ਤੁਹਾਨੂੰ ਮੁਬਾਰਕ,
    ਅਸੀਂ ਆਪਣੀ ਕਵਿਤਾ ਖੁਦ ਲਿਖ ਲਵਾਂਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!