ਟਟੀਰੀ ਤੇ ਹਨੇਰੀ !
ਕਈ ਵਾਰ ਪੁੱਛਿਆ ਜਾਂਦੈ: ਤੂੰ ਰੁੱਖ, ਰਾਤ, ਰੇਤ, ਰਾਖ, ਪਾਣੀ ਤੇ ਪੰਛੀਆਂ ਬਾਰੇ ਹੀ ਲਿਖਦਾ ਏਂ ਅਕਸਰ, ਕੀ ਕਾਰਨ?
ਆਪਣੇ ਆਪ ਨੂੰ ਸਵਾਲ ਕਰਦਾਂ, ਕੋਈ ਜੁਆਬ ਨਹੀਂ। ਇਹ ਸੱਚ ਹੈ ਕਿ ਜਦ ਹਨੇਰੀ ਵਗਦੀ ਹੈ, ਮੈਨੂੰ ਵਿਹੁ ਚੜਦੀ ਹੈ। ਹਨੇਰੀ ਬਾਬਤ ਪੰਨਾ ਲਿਖ ਕੇ ਆਪਣੀ ਵਿਹੁ ਲਾਹੁੰਦਾ ਹਾਂ।
ਟਟੀਰੀ ਦੀ ਆਵਾਜ਼ ਮੈਨੂੰ ਉਦਾਸ ਕਰਦੀ ਹੈ ਹਮੇਸ਼ਾ। ਪਤਾ ਨਹੀਂ ਕਿਉਂ ਕੁਰਲਾਂਦੀ ਹੈ ਟਟੀਰੀ ਇਹਨੀ ਦਿਨੀਂ। ਕੁਲੈਹਣਿਆਂ ਕਾਵਾਂ ਤੋਂ ਡਰਦੀ ਹੈ। ਆਂਡੇ ਪੀ ਜਾਣਗੇ! ਬੱਚਾ ਹੀ ਨਾ ਮਾਰ ਜਾਵੇ, ਕੋਈ ਕਤੂਰਾ ਜਾਂ ਬਿੱਲਾ। ਕਿੰਨਾ ਕੁ ਚਿਰ ਡਰ ਡਰ ਕੇ ਕੁਰਲਾਵੇਂਗੀ ਟਟੀਰੀਏ! ਮੇਰੇ ਮੂੰਹੋ ਆਪ ਮੁਹਾਰੇ ਨਿਕਲੇ ਬੋਲ। ਸਕੂਟਰੀ ਰੋਕ ਲਈ। ਕਣਕ ਵੱਢੇ ਖਾਲੀ ਖੇਤ ਵਿਚ ਕੁਰਲਾ ਰਹੀ ਟਟੀਰੀ ਵੱਲ ਵੇਖਦਾ ਰਿਹਾ।
ਕੌਣ ਸੁਣਦੈ ਏਥੇ ਕੁਰਲੱਟਾ ਮਚਾਉਂਦੀਆਂ ਅਨੇਕ ਟਟੀਰੀਆਂ ਦੀ ਕੁਰਲਾਹਟ! ਬਥੇਰੇ ਕਾਵਾਂ ਆਂਡੇ ਪੀਤੇ ਬੇਚਾਰੀਆਂ ਦੇ ਤੇ ਪੀਂਦੇ ਰਹਿਣਗੇ। ਚੱਲ ਮਨਾਂ, ਆਪਣੀ ਮੰਜ਼ਿਲ ਵੱਲ ! ਉਦਾਸੀ ਹੈ। ਸਕੂਟਰੀ ਸੁਸਤ ਹੈ।
ਹਨੇਰੀਆਂ ਭਰੇ ਦਿਨ!
ਅੱਜਕਲ ਹਨੇਰੀਆਂ ਭਰੇ ਦਿਨ ਹਨ, ਧੂੜਾਂ ਦੇ ਧੱਫਿਆਂ ਲੱਦੇ ਤੇ ਲਿੱਬੜੇ ਦਿਨ। ਅੱਖੀਂ ਘੱਟਾ ਪੈਂਦਾ ਹੈ ਉੱਡ ਉੱਡ। ਮੂੰਹਾਂ ‘ਚ ਕਿਰਕ ਹੈ। ਪਤਾ ਨੀ ਲਗਦਾ ਕਦੋਂ ਕਿਧਰੋਂ ਹਨੇਰੀ ਚੜ ਆਉਂਦੀ ਹੈ, ਰੁੱਖਾਂ ਤੇ ਤਖਤਿਆਂ-ਬੂਹਿਆਂ ਦੀ ਵੈਰਨ।
ਚੇਤਾ ਆਉਂਦਾ ਹੈ। ਇਹਨੀਂ ਦਿਨੀਂ ਜਦ ਹਨੇਰੀ ਆਉਣੀ, ਮੇਰੇ ਦਾਦੇ ਨੂੰ ਵਿਹੁ ਚੜ ਜਾਂਦੀ ਸੀ। ਉਹ ਘਰ ਦੇ ਜੀਆਂ ਉਤੇ ਖਿਝਦਾ, ਜਿਵੇਂ ਘਰ ਦੇ ਜੀਅ ਮੱਲੋ ਮੱਲੀ ਹਨੇਰੀ ਲਿਆਏ ਹੋਣ! ਦਾਦੇ ਦੇ ਮੂੰਹੋਂ ਨਿਕਲਿਆ ਤੇ ਬਾਲ ਉਮਰੇ ਸੁਣਿਆ ਇਹ ਬੋਲ ਹਾਲੇ ਤੀਕ ਨਹੀਂ ਭੁੱਲਿਆ, “ਕਿੰਨੀ ਕੁੱਤੀ ਐ ਹਨੇਰੀ।”
ਦਾਦੇ ਨੇ ਹਨੇਰੀ ਦੀ ਤੁਲਨਾ ਇਕ ਜਾਨਵਰ ਨਾਲ ਕਿਵੇਂ ਕੀਤੀ ਹੋਣੀ, ਸੋਚ ਸਮਝਕੇ ਕੀਤੀ ਹੋਣੀ, ਜਾਂ ਅਚੇਤ ਹੀ ਬੋਲ ਗਿਆ ਹੋਣੈ ਦਾਦਾ! ਅਜਕਲ ਸੋਚਦਾ ਹਾਂ।
ਮੇਰਾ ਪਿਤਾ ਵੀ ਹਨੇਰੀ ਚੜੀ ਤੋਂ ਹਨੇਰੀ ਮਚਾ ਦਿਆ ਕਰਦਾ ਸੀ। ਉਵੇਂ ਮੈਂ ਵੀ ਕਰਦਾ ਹਾਂ। ਬੂਹਿਆਂ ਦਾ ਫਾੜ ਫਾੜ ਵੱਜਣਾ। ਕੜਾਕ ਕਰਦਿਆਂ ਕਿੱਕਰ ਦਾ ਪਾਟਣਾ। ਰੁੱਖਾਂ ਦਾ ਇਕ ਦੂਜੇ ਦੇ ਗਲ ਲੱਗ ਰੋਣਾ। ਮਿੱਟੀ ਦਾ ਮਰਨਾ। ਬਰਦਾਸ਼ਤ ਨਹੀਂ ਹੁੰਦਾ।
ਬੂਹੇ ਖੁੱਲਦੇ ਭਿੜਦੇ ਹੀ ਸ਼ੋਭਦੇ ਨੇ। ਰੁੱਖ ਛਾਂ ਦੇਂਦੇ ਹੀ ਚੰਗੇ ਲਗਦੇ ਨੇ,ਰੋਂਦੇ ਨਹੀਂ। ਮਿੱਟੀ ਵਿਛੀ ਹੀ ਰਹੇ ਤਾਂ ਚੰਗਾ ਹੈ, ਅੱਖੀਂ ਘੱਟਾ ਨਾ ਪਵੇ!
‘ਹਨੇਰੀ’ ਸ਼ਬਦ ਤੋਂ ਮੈਨੂੰ ਖਾਸੀ ਚਿੜ ਹੈ। ਜਦ ਸਾਡੇ ਪਿੰਡ ਜਾਂ ਰਿਸ਼ਤੇਦਾਰੀ ਵਿਚ ਕੋਈ ਮਰਦਾ ਤਾਂ ਦਾਦੀ, ਮਾਂ ਤੇ ਹੋਰ ਬੁੜੀਆ ਮੂੰਹੋਂ ਮੂੰਹ ਆਖਦੀਆਂ, “ਨੀ ਕੁੜੇ ਦਿਨ ਦੀਵੀਂ ਹਨੇਰੀ ਪੈ ਗਿਐ।” ਉਦੋਂ ਨਿਆਣ ਮੱਤੀਆ ਸਾਂ ਤੇ ਸਮਝ ਨਾ ਆਈ ਇਨਾ ਬੋਲਾਂ ਦੀ ਉਦੋਂ। ਆਥਣੇ ਚੜਦੀ ਲਾਲ ਹਨੇਰੀ ਤੋਂ ਹਰ ਕੋਈ ਭੈ ਖਾਂਦਾ ਤੇ ‘ਵਾਹਿਗੁਰੂ ਵਾਹਿਗੁਰੂ’ ਕਰਦਾ।
ਹੁਣ ਹੋਰ ਲਿਖ ਨਹੀਂ ਹੁੰਦਾ। ਬੱਤੀ ਚਲੀ ਗਈ ਹੈ ਤੇ ਫੋਨ ਦੀ ਬੈਟਰੀ ਵੀ ਬਹਿਣ ਵਾਲੀ ਹੈ।
ਚੰਦਰੀ ਹਨੇਰੀ ਚੜ ਆਈ ਹੈ, ਕਰੋਨਾ ਦੀ ਹਨੇਰੀ ਦੀ ਸ਼ਰੀਕਣ! ਦੁਖੀਆਂ ਨੂੰ ਹੋਰ ਦੁਖਾਉਣ ਆਈ ਹੈ। ਡਾਹਢਾ ਖੈਰ ਕਰੇ!
(12 ਮਈ ਰਾਤ, 11 ਵਜੇ)