ਸੰਜੀਵ ਭਨੋਟ
ਖ਼ੁੰਘ (ਤੁੰਬ੍ਹ) ਲੱਗੇ ਰਿਸ਼ਤਿਆਂ ਦਾ ਜੇਕਰ,
ਕੋਈ ਰਫੂਗਰ ਹੁੰਦਾ।
ਅੱਜ ਤੇਰਾ ਮੇਰਾ ਵੀ ਵਸਿਆ ਹੋਇਆ,
ਇੱਕ ਘਰ ਹੁੰਦਾ।
?ਪਹਿਲ ਤੂੰ ਵੀ ਕੀਤੀ ਨਾ,
ਤੇ ਨਾ ਮੈਥੋਂ ਹੋ ਸਕੀ,
ਕੋਸ਼ਿਸ਼ ਜੇ ਕਰ ਲੈਂਦੇ
ਕਿਲ੍ਹਾ ਹਉਮੈ ਦਾ ਸਰ ਹੁੰਦਾ।
ਕਿਸਮਤ ਤੇ ਲਿਖੀਆਂ ‘ਤੇ,
ਭਲਾ ਜ਼ੋਰ ਕਿਸਦਾ ਚਲਦਾ ਹੈ,
ਦੁੱਖਾਂ ‘ਚ ਵੀ ਮੁਸਕਾਉਣ ਦਾ,
ਕਿਸੇ ਕਿਸੇ ਨੂੰ ਵਰ ਹੁੰਦਾ।
ਰੰਗੀਨੀ ਸ਼ਹਿਰ ਦੀ ਅਕਸਰ,
ਬੰਦੇ ਨੂੰ ਮੋਹ ਹੀ ਲੈਂਦੀ ਹੈ,
ਲੋੜ ਤੋਂ ਵੱਧ ਰੌਸ਼ਨੀ ‘ਚ ਵੀ,
ਕਹਿੰਦੇ ਅੱਖਾਂ ਜਾਣ ਦਾ ਡਰ ਹੁੰਦਾ।
ਸਿਰ ਧੜ ਤੋਂ ਅਲੱਗ ਹੋਣ ਦਾ,
ਖੌਫ਼ ਜੇ ਡਰਾਉਂਦਾ ਰਹੇ,
ਫਿਰ ਸਿਰ ਮਹਿਬੂਬ ਦੇ ਕਦਮਾਂ ‘ਚ,
‘ਸੰਜੀਵ’ ਕਦੇ ਧਰ ਨਹੀਂ ਹੁੰਦਾ।