ਅਮਰ ਮੀਨੀਆਂ, ਗਲਾਸਗੋ।

ਲੌਕਡਾਉਨ ਨੇ ਘਰ ਅੰਦਰ ਹੀ ਨਜ਼ਰਬੰਦ ਕਰ ਛੱਡਿਆ ਏ।ਸਵੇਰੇ ਅੱਖ ਖੁੱਲ੍ਹਦੇ ਹੀ ਹੱਥ ਮੋਬਾਈਲ ਵੱਲ ਵਧਦਾ ਹੈ ਕਿ ਕੋਈ ਦੁਨੀਆਂ ਦੀ ਨਵੀਂ ਤਾਜ਼ੀ ਵੇਖ ਲਈਏ। ਹੁਣ ਤਾਂ ਘਰਵਾਲੀ ਵੀ ਦਬਕਾ ਮਾਰਨੋਂ ਹਟ ਗਈ ਹੈ। ਇੱਕ ਦਿਨ ਫੇਸਬੁੱਕ ‘ਤੇ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੀ ਵੀਡੀਓ ਚੱਲ ਰਹੀ ਸੀ, ਜੋ ਇਕ ਸਕੂਲ ਵਿੱਚ ਕਰੋਨਾਂ ਦੇ ਸ਼ੱਕ ਅਧੀਨ ਡੱਕੇ ਹੋਏ ਸਨ। ਜੋ ਆਪਣੀਆਂ ਦੁੱਖ ਤਕਲੀਫਾਂ ਦੇ ਰੋਣੇ ਰੋ ਰਹੇ ਸਨ। ਮੇਰੀ ਨਿਗਾਹ ਇੱਕ ਜਾਣੇ-ਪਛਾਣੇ ਨੌਜੁਆਨ ‘ਤੇ ਜਾ ਟਿਕੀ, ਵੀਡੀਓ ਰੋਕ ਰੋਕ ਕੇ ਦੋ ਤਿੰਨ ਵਾਰ ਚਲਾਉਣ ਤੋਂ ਬਾਅਦ ਸ਼ੱਕ ਯਕੀਨ ਵਿੱਚ ਬਦਲ ਗਿਆ ਕਿ ਇਹ ਤਾਂ ਮੇਰਾ ਦੋਸਤ ਕਾਲੀਏਵਾਲ ਵਾਲਾ ਬਿੱਟੂ ਸੀ। ਸੱਤਾਂ ਪੱਤਣਾਂ ਦਾ ਤਾਰੂ ਪਹਿਲਾਂ ਟਰੱਕਾਂ ‘ਤੇ ਤਿੰਨ ਚਾਰ ਸਾਲ ਕਲੀਨਰੀ ਕਰਦਾ ਰਿਹਾ। ਫੇਰ ਬਾਪੂ ਦੇ ਗਲ ‘ਚ ਗੂਠਾ ਦੇ ਕੇ ਟਾਟਾ ਸੂਮੋ ਪਾ ਲਈ ਤੇ ਦਿੱਲੀ ਏਅਰਪੋਰਟ ਦੇ ਗੇੜੇ ਲਾਉਂਦਾ ਹੀ ਮੇਰੇ ਸੰਪਰਕ ਵਿੱਚ ਆਇਆ। ਮੇਰੇ ਵਾਗੂੰ ਗੱਲਾਂ ਦਾ ਗਾਲੜੀ ਹੋਣ ਕਰਕੇ ਚੰਗੀ ਯਾਰੀ ਪੈ ਗਈ। ਸੂਮੋ ਖੜਕ ਗਈ ਤੇ ਵੇਚ ਦਿੱਤੀ। ਅੱਜ-ਕੱਲ੍ਹ ਇਕ ਪ੍ਰਾਈਵੇਟ ਬੱਸ ‘ਤੇ ਡਰਾਇਵਰੀ ਕਰ ਰਿਹਾ ਹੈ। ਤੀਹਾਂ ਤੋਂ ਟੱਪ ਗਿਆ ਹੈ ਅਜੇ ਤੱਕ ਕੁਆਰਾ ਅਖਵਾਉਂਦਾ ਹੈ ਪਰ ਜਲਦੀ ਹੀ ਛੜੇ ਵਾਲੀ ਡਿਗਰੀ ਮਿਲ ਜਾਵੇਗੀ। ਮਹੀਨਾ ਕੁ ਪਹਿਲਾਂ ਹੀ ਉਸ ਨਾਲ ਗੱਲ ਹੋਈ ਸੀ। ਉਹ ਤਾਂ ਪਿੰਡ ਹੀ ਸੀ ਤੇ ਨਾ ਹੀ ਉਸਨੇ ਹਜ਼ੂਰ ਸਾਹਿਬ ਜਾਣ ਦਾ ਜ਼ਿਕਰ ਕੀਤਾ ਸੀ। ਇੰਨਾਂ ਤਾਂ ਮੈਂ ਯਕੀਨ ਕਰ ਸਕਦਾ ਸੀ ਕਿ ਉਹ ਹਜ਼ੂਰ ਸਾਹਿਬ ਨਹੀਂ ਗਿਆ, ਪਰ ਹੈਰਾਨੀ ਸੀ ਕਿ ਫਿਰ ਇਹ ਇੱਥੇ ਸ਼ਰਧਾਲੂਆਂ ‘ਚ ਕਿਵੇਂ ਫਸ ਗਿਆ। ਦੋ ਚਾਰ ਦੋਸਤਾਂ ਨਾਲ ਗੱਲ ਵੀ ਹੋਈ ਜੋ ਸਿਰਫ ਇੰਨਾ ਹੀ ਜਾਣਦੇ ਸਨ ਕਿ ਉਹ ਵੀ ਜੱਥੇ ਦੇ ਨਾਲ ਸੀ, ਇਸ ਕਰਕੇ ਪੰਦਰਾਂ ਦਿਨਾਂ ਵਾਸਤੇ ਇਕਾਂਤਵਾਸ ਕੀਤਾ ਹੋਇਆ ਹੈ। ਪਰਸੋਂ ਉਹ ਘਰ ਆਇਆ ਤਾਂ ਕੱਲ੍ਹ ਗੱਲ ਹੋਈ। ਮੈਂ ਫੋਨ ਕੀਤਾ ਤਾਂ ਘਰ ਹੀ ਸੀ। ਉਸਦੀ ਵੀਡੀਓ ਤੇ ਇਕਾਂਤਵਾਸ ਵਾਰੇ ਪੁੱਛਿਆ ਤਾਂ ਟਾਲ ਮਟੋਲ ਕਰ ਗਿਆ। ਫਿਰ ਵਟਸਐਪ ‘ਤੇ ਸੁਨੇਹਾ ਆ ਗਿਆ ਕਹਿੰਦਾ, “ਬਾਈ ਗੱਲ ਗੁਪਤ ਆ, ਖੇਤ ਜਾ ਕੇ ਫੋਨ ਕਰਦਾਂ।” ਦੋ ਕੁ ਘੰਟੇ ਬਾਅਦ ਫੋਨ ਆ ਗਿਆ। ਕਹਿੰਦਾ, “ਬਾਈ ਮੈਂ ਤਾਂ ਕਰੋਨਾ ‘ਚ ਕਸੂਤਾ ਹੀ ਫਸ ਗਿਆ ਸੀ। ਮੱਛਰਾਂ ਨੇ ਧੱਫੜ ਪਾ ਦਿੱਤੇ ਪੰਦਰਾਂ ਦਿਨਾਂ ਵਿੱਚ।” ਮੇਰਾ ਸੁਆਲ ਸੀ ਕਿ “ਪਹਿਲਾਂ ਇਹ ਦੱਸ ਬਈ ਤੂੰ ਹਜ਼ੂਰ ਸਾਹਿਬ ਕਿਹੜੇ ਸੰਨ੍ਹ ਵਿੱਚ ਚਲਿਆ ਗਿਆ?” ਉਹਦਾ ਜਵਾਬ ਹੈਰਾਨੀ ਵਾਲਾ ਸੀ। ਕਹਿੰਦਾ, “ਮੈਂ ਤਾਂ ਗਿਆ ਹੀ ਨਹੀਂ ਹਜ਼ੂਰ ਸਾਹਿਬ, ਅਸਲ ਵਿੱਚ ਮੇਰੀ ਨਵੀਂ ਗਰਲ ਫਰੈਂਡ ਬਣੀ ਹੋਈ ਆ ਸ਼ਹਿਰ ਰਹਿੰਦੀ ਆ। ਉਹਦੇ ਘਰਵਾਲਾ ਆਪਣੇ ਕੰਮਕਾਜ ਦੇ ਸਿਲਸਿਲੇ ਵਿੱਚ ਗੁਹਾਟੀ ਵੱਲ ਗਿਆ ਹੋਇਆ ਉੱਥੇ ਫਸ ਗਿਆ। ਉਹ ਮੈਨੂੰ ਫੋਨ ਕਰਨ ਲੱਗ ਪਈ ਵੀ ਹੁਣ ਮੌਕਾ ਇੱਥੇ ਆ ਕੇ ਰਹਿ ਜਦ ਤੱਕ ਘਰ ਦਾ ਮਾਲਕ ਨਹੀਂ ਆ ਜਾਂਦਾ।” ਜਿਵੇਂ ਕਹਿੰਦੇ ਹੁੰਦੇ ਆ ਕਿ ” ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ”। “ਹੁਣ ਘਰੋਂ ਨਿਕਲਣ ਲਈ ਬਹਾਨਾ ਚਾਹੀਦਾ ਸੀ। ਉਸੇ ਵੇਲੇ ਪਤਾ ਲੱਗਾ ਕਿ ਪੰਜਾਬ ਤੋਂ ਬੱਸਾਂ ਹਜ਼ੂਰ ਸਾਹਿਬ ਸ਼ਰਧਾਲੂਆਂ ਨੂੰ ਲੈਣ ਜਾ ਰਹੀਆਂ ਹਨ। ਮੈਂ ਘਰੇ ਫੈਂਟਰ ਮਾਰ ਦਿੱਤਾ ਕਿ ਮੈਂ ਜ਼ੀਰੇ ਵਾਲੇ ਸਿੱਧੂਆਂ ਦੀ ਬੱਸ ਲੈ ਕੇ ਹਜ਼ੂਰ ਸਾਹਿਬ ਜਾ ਰਿਹਾ ਹਾਂ। ਬੇਬੇ ਬਾਪੂ ਨੇ ਵੀ ਧਰਮ ਕਰਮ ਦੇ ਕੰਮ ਵਿੱਚ ਨੰਨਾ ਨਹੀਂ ਪਾਇਆ। ਲਓ ਜੀ ਆਪਾਂ ਸ਼ਹਿਰ ਚ ਹਰੀਆਂ ਚਰਦੇ ਰਹੇ, ਜਦੋਂ ਪਤਾ ਲੱਗਾ ਕਿ ਘਰ ਦੇ ਮਾਲਕ ਗੁਹਾਟੀ ਤੋਂ ਰਵਾਨਗੀ ਪਾ ਗਏ ਤਾਂ ਆਪਾਂ ਵੀ ਆਪਣਾ ਬੋਰੀਆ ਬਿਸਤਰਾ ਲਪੇਟ ਕੇ ਘਰ ਆ ਗਏ। ਇੱਧਰ ਬੇਬੇ ਨੇ ਸਾਰੀ ਪੱਤੀ ਵਿੱਚ ਗੁੱਡਾ ਬੰਨ੍ਹ ਰੱਖਿਆ ਸੀ ਕਿ ਮੇਰਾ ਬਿੱਟੂ ਪੁੱਤ ਤਾਂ ਭਾਈ ਹਜ਼ੂਰ ਸਾਹਿਬ ਬੱਸ ਲੈ ਕੇ ਗਿਆ ਹੋਇਆ। ਕਲਫੂ ਲੱਗਾ ਕਰਕੇ ਸੰਗਤਾਂ ਫਸੀਆਂ ਬੈਠੀਆਂ ਓਥੇ। ਊੰ ਤਾਂ ਥੇਹ ਹੋਣੇ ਦਾ ਕੋਈ ਫੈਦਾ ਨਹੀਂ, ਦੋ ਸਾਲ ਹੋ ਗਏ ਬੱਸ ਡਰੈਵਲ ਬਣੇ ਨੂੰ ਕਦੇ ਧੇਲੇ ਦੀ ਚੀਜ਼ ਨੀ ਘਰੇ ਲਿਆਇਆ। ਸਾਨੂੰ ਨੀ ਪਤਾ ਇਹਦੀ ਤਨਖਾਹ ਕਿੱਥੇ ਜਾਂਦੀ ਆ। ਪਰ ਆਹ ਪੁੰਨ ਦੇ ਕੰਮ ਲਈ ਅਸੀਂ ਨੀ ਰੋਕਿਆ। ਖਬਰੇ ਮਾਰਾਜ ਚੰਗੀ ਮੱਤ ਦੇ ਦੇਵੇ ਕੁਲੱਸ਼ਣੇ ਨੂੰ। ਮੈਂ ਵੀ ਪਾਣੀ ਵਾਰਕੇ ਪੀਂਵਾ, ਪੋਤੇ ਪੋਤੀ ਦਾ ਮੂੰਹ ਵੇਖ ਲਵਾਂ ਬੁੱਢੇ ਵਾਰੇ।”
“ਹੁਣ ਤੈਨੂੰ ਤਾਂ ਪਤਾ ਹੀ ਆ ਬਾਈ, ਸਾਰੀ ਦੁਨੀਆਂ ਵਿਹਲੀ ਬੈਠੀ ਆ ਤੇ ਹਰੇਕ ਦੇ ਹੱਥ ਚ ਮੋਬਾਈਲ ਫੜਿਆ ਹੋਇਆ। ਹਜ਼ੂਰ ਸਾਹਿਬ ਤੋਂ ਆਈਆਂ ਸੰਗਤਾਂ ਦੇ ਕਰੋਨਾਂ ਪੌਜੇਟਿਵ ਦੀਆਂ ਖਬਰਾਂ ਤਾਂ ਸਾਰੀ ਦੁਨੀਆਂ ਚ ਘੁੰਮ ਰਹੀਆਂ ਸਨ। ਮੇਰੇ ਝੂਠ ਨੂੰ ਸੱਚ ਮੰਨ ਕੇ ਮੇਰੀ ਮਾਂ ਦੀਆ ਗੱਲਾਂ ਨੇ ਰੰਗ ਵਿਖਾ ਦਿੱਤਾ। ਕਿਸੇ ਪਿੰਡ ਵਾਲੇ ਨੇ ਠਾਣੇ ਵਾਲਿਆਂ ਨੂੰ ਇਤਲਾਹ ਕਰ ਦਿੱਤੀ ਕਿ ਲੰਬੜਾਂ ਦਾ ਬਿੱਟੂ ਵੀ ਹਜ਼ੂਰ ਸਾਹਿਬ ਤੋਂ ਆਇਆ ਹੈ। ਤੀਜੇ ਦਿਨ ਸਵੇਰੇ ਹੀ ਪੁਲਸ ਨੇ ਸੈਨੇਟਾਈਜਰ ਛਿੜਕ ਕੇ ਜਿਪਸੀ ਵਿੱਚ ਬਿਠਾਅ ਕੇ ਫਿਰੋਜ਼ਪੁਰ ਵਾਲੇ ਸਕੂਲ ‘ਚ ਬੰਦ ਕਰ ਦਿੱਤਾ। ਹੁਣ ਜੇ ਸੱਚ ਦੱਸਦਾ ਤਾਂ ਬਾਹਲਾ ਖਿਲਾਰਾ ਪੈ ਜਾਣਾ ਸੀ। ਸਾਰੇ ਗੁੱਝੇ ਭੇਦ ਭਰਾੜ ਹੋ ਜਾਣੇ ਸੀ। ਇਸ ਲਈ ਪੰਦਰਾਂ ਦਿਨਾਂ ਦੀ ਜੇਲ੍ਹ ਕੱਟਣ ਚ ਹੀ ਭਲਾ ਸਮਝਿਆ। ਬਾਕੀ ਬਾਈ ਮਿੰਨਤ ਵਾਲੀ ਗੱਲ ਆ ਇਹ ਗੱਲ ਕਿਸੇ ਨੂੰ ਦੱਸੀਂ ਨਾ, ਮੈਨੂੰ ਪਤਾ ਤੇਰਾ ਹਾਜ਼ਮਾ ਘੱਟ ਆ ਮਿੰਟ ਚ ਉਲਟੀ ਕਰ ਦਿੰਨੈ।”