
ਗੁਰਮੇਲ ਕੌਰ ਸੰਘਾ (ਥਿੰਦ), ਲੰਡਨ।
ਜਦ ਵੀ ਤੱਕਦੀ ਸ਼ੀਸ਼ਾ ਮੈਨੂੰ ਸੂਰਤ ਦਿਸਦੀ ਤੇਰੀ।
ਜਾਂ ਤਾਂ ਸ਼ੀਸ਼ਾ ਝੂਠ ਬੋਲਦਾ, ਜਾਂ ਕੋਈ ਹੇਰਾਫੇਰੀ।
ਜਿੱਧਰ ਵੇਖਾਂ ਤੂੰ ਹੀ ਤੂੰ, ਹੁਣ ਕੁਝ ਵੀ ਵੱਸ ਨਾ ਮੇਰੇ।
ਰਾਂਝਣਾ ਵਸ ਗਿਆ ਵੇ ,ਲੂੰ ਲੂੰ ਦੇ ਵਿੱਚ ਮੇਰੇ।
ਜਦ ਸੀ ਮੈਂ ਅਨਜਾਣ, ਮੇਰੇ ਵਿੱਚ ਮੈਂ ਹੀ ਮੈਂ ਸੀ ਰਹਿੰਦੀ।
ਲਾਹ ਤੀ ਮਨ ਤੋਂ ਮੈਂ ਮਾਹੀ, ਰੂਹ ਤੂੰ ਹੀ ਤੂੰ ਹੀ ਕਹਿੰਦੀ।
ਅੱਖੀਆਂ ਦਾ ਤੂੰ ਚਾਨਣ ਮੇਰਾ, ਰੂਹ ਵਿੱਚ ਸੱਜਣਾ ਡੇਰੇ।
ਰਾਂਝਣਾ ਵਸ ਗਿਆ ਵੇ ,ਲੂੰ ਲੂੰ ਦੇ ਵਿੱਚ ਮੇਰੇ।
ਜੱਗ ਝਮੇਲੇ ਸਮਝੋਂ ਬਾਹਰ, ਤੇ ਪਿਸ ਰਹੀ ਜਿੰਦ ਨਿਮਾਣੀ।
ਜਿਸਮਾਂ ਦੇ ਸ਼ਿਕਾਰੀ ‘ਸੰਘਾ’ ਕੋਈ ਨਾ ਰੂਹ ਦਾ ਹਾਣੀ।
ਇੱਕੋ ਝਲਕ ਮਾਹੀ ਦੀ ਰੌਸ਼ਨ ਕਰ ਗਈ ਰੂਹ ਦੇ ਹਨ੍ਹੇਰੇ।
ਮਾਹੀਆ ਵਸ ਗਿਆ ਵੇ ,ਲੂੰ ਲੂੰ ਦੇ ਵਿੱਚ ਮੇਰੇ।