“ ਘਰ ਸਾਡੇ ਜੰਮੇ ਥੋਡਾ ਏਨਾ ਹੀ ਕਸੂਰ ਏ , ਹਾਲੇ ਖੰਨੇ ਪਹੁੰਚੇ ਆਂ, ਬਿਹਾਰ ਬੜੀ ਦੂਰ ਏ ”
ਡਾ. ਸੁਰਜੀਤ ਸਿੰਘ ਭਦੌੜ *

ਸਿਕੰਦਰ ਸਲੀਮ ਨੇ ਹਾਲ ਹੀ ਚ
ਗਾਣਾ ਗਾਇਆ “ ਅੱਧੀ ਰਾਤੀਂ ਨਿਕਲੇ ਸਾਂ ਚੋਰੀ ਲੁਧਿਆਣਿਓ, ਥੱਕਿਓ ਨਾਂ ਤੁਰੀ ਚੱਲੋ ਨਿੱਕਿਓ ਨਿਆਣਿਓ,ਘਰ ਸਾਡੇ ਜੰਮੇ ਥੋਡਾ ਏਨਾ ਹੀ ਕਸੂਰ ਏ, ਹਾਲੇ ਖੰਨੇ ਪਹੁੰਚੇ ਆਂ ਬਿਹਾਰ ਬੜੀ ਦੂਰ ਏ ”। ਗਾਣਾ ਸੁਣਦਿਆਂ ਲੱਗਦਾ ਹੈ ਕਿ ਕਾਸ਼ ਸਰਕਾਰਾਂ ਵੀ ਕਲਾਕਾਰ ਹੋਇਆ ਕਰਨ। ਸਰਕਾਰਾਂ ਚ ਕਲਾਕਾਰਾਂ ਵਾਲਾ ਦਿਲ ਨਾਂ ਹੋਣ ਦੇ ਕਾਰਨ ਹੀ ਸ਼ਾਇਦ ਉਨਾਂ ਦਾ ਇਨਾਂ ਦੇ ਘਰਾਂ ਵਿੱਚ ਜੰਮਣਾ ਕਸੂਰ ਬਣਿਆ ਹੈ । ਸਰਕਾਰਾਂ ਦੇ ਕਲਾਕਾਰ ਹੋਂਣ ਦਾ ਫਾਇਦਾ ਹੁੰਦਾ, ਕਿਉਂਕਿ ਕਲਾਕਾਰ ਤਾਂ ਦਰਦ ਕੇਵਲ ਬਿਆਨ ਹੀ ਕਰ ਸਕਦੇ ਹਨ । ਸਰਕਾਰਾਂ ਜੇ ਕਲਾਕਾਰ ਹੋਣਗੀਆਂ ਤਾਂ ਸੂਖਮ ਦਿਲ ਨਾਲ ਲੋਕਾਈ ਦਾ ਦਰਦ ਮਹਿਸੂਸ ਕਰਦਿਆਂ ਸ਼ਾਇਦ ਕੁਛ ਕਰ ਸਕਣ । ਇਸੇ ਲਈ ਹੀ ਬਿਨਾਂ ਹਥਿਆਰਾਂ ਅਤੇ ਸਾਜੋ ਸਮਾਨ ਤੋਂ ਕਲਾਕਾਰਾਂ ਨੇ ਜਿਹੜੀ ਆਪਣੀ ਜਿੰਮੇਵਾਰੀ ਨਿਭਾਈ ਹੈ, ਉਹ ਜਿੰਮੇਵਾਰੀ ਸਰਕਾਰਾਂ ਦੇ ਖਾਨਿਆਂ ਚੋਂ ਗਾਇਬ ਦਿਖਦੀ ਹੈ । ਇਸੇ ਲਈ ਇਸ ਸਭ ਤੋਂ ਔਖੇ ਸਮੇਂ ਵਿੱਚ ਕਲਾਕਾਰੀ ਦਿਲ ਤੋਂ ਸੱਖਣੀ ਸਰਕਾਰ ਕੋਰੋਨਾ ਦੇ ਕਹਿਰ ਚ ਕੇਵਲ ਮਰੀਜਾਂ ਦੀ ਗਿਣਤੀ ਅਤੇ ਅੰਕੜਿਆਂ ਦੇ ਮੁਲੰਕਣ ਚ ਕੇਂਦਰਤ ਹੈ । ਕੋਰੋਨਾ ਦੀ ਮਾਰ ਜਿੰਨੀ ਦੋ ਡੰਗ ਦੀ ਰੋਟੀ ਖਾਣ ਵਾਲੇ ਦਿਹਾੜੀਦਾਰਾਂ ਤੇ ਪਈ ਹੈ, ਉਸ ਅੰਦਾਜੇ ਦੀ ਗੰਭੀਰਤਾ ਹਾਲੇ ਸਰਕਾਰ ਦੇ ਜਿਹਨ ਜਾਂ ਫਾਈਲਾਂ ਚ ਸ਼ੁਰੂ ਨਹੀ ਹੋਈ । ਮਜਦੂਰਾਂ ਦੀ ਭੁੱਖ ਦੀ ਦਾਸਤਾਂ ਏਨੀ ਭਿਆਨਕ ਹੈ ਕਿ ਲੋਕਡਾਊਨ ਤੇ ਪਹਿਲੇ ਦਿਨ 27 ਮਿਲੀਅਨ ਦਿਹਾੜੀਦਾਰ ਮਜਦੂਰਾਂ ਕੋਲ ਖਾਣ ਲਈ ਕੇਵਲ ਇੱਕ ਦਿਨ ਦਾ ਰਾਸ਼ਨ ਸੀ । ਇਸਤੋਂ ਵੀ ਭਿਆਨਕ ਇਹ ਹੈ ਕਿ 13 ਅਪ੍ਰੈਲ ਤੱਕ 96 ਫੀਸਦੀ ਮਜਦੂਰਾਂ ਨੂੰ ਰਾਸ਼ਨ ਨਸੀਬ ਵੀ ਨਹੀਂ ਹੋਇਆ । ਰਾਸ਼ਨ ਅਤੇ ਸਮਾਜਿਕ ਸੁਰੱਖਿਆ ਦੀ ਅਣਹੋਂਦ ਵਿੱਚ ਪਰਵਾਸੀ ਮਜਦੂਰਾਂ ਦਾ ਕੰਮ ਵਾਲੇ ਸਥਾਨਾਂ ਤੋਂ ਪਿੱਤਰੀ ਰਾਜਾਂ ਵੱਲ ਮੁੱਖ ਕਰਨਾ ਤਾਂ ਆਮ ਵਰਤਾਰਾ ਹੀ ਬਣੇਗਾ ਜਦੋਂ ਆਪਣੇ ਪਿੱਤਰੀ ਰਾਜਾਂ ਵਿੱਚ ਵਸਦੇ ਮਜਦੂਰ ਵੀ ਰੋਟੀ ਤੋਂ ਲਾਚਾਰ ਹੁੰਦਿਆਂ ਹਾਸ਼ੀਏ ਤੇ ਚਲੇ ਗਏ ਹੋਣ । ਇਸ ਮਾਰ ਵਿੱਚ ਕੰਮਾਂ ਤੋਂ ਕੱਢੇ ਅਤੇ ਬੇਘਰ ਹੋਏ ਆਪਣੇ ਹੀ ਦੇਸ਼ ਦੇ ਦੂਸਰੇ ਸੂਬਿਆਂ ਚ ਪੇਟ ਦੀ ਅੱਗ ਝੁਲਸਾਉਣ ਗਏ ਲੱਖਾਂ ਮਜਦੂਰ ਪਹਿਲਾਂ ਆਪਣੀ ਜਨਮ ਭੂਮੀ ਤੋਂ ਪਰਾਏ ਹੋਏ ਅਤੇ ਹੁਣ ਆਪਣੀਆਂ ਕਰਮ ਭੂਮੀਆਂ ਤੋਂ ਵੀ ਬੇਗਾਨੇ ਹੋ ਗਏ । ਜੰਮਣ ਵੇਲੇ ਦੀ ਗਲਤੀ ਦੇ ਕਸੂਰਵਾਰ ਤਾਂ ਜਾਮਲੋ ਬੇਟੀ ਵਰਗੇ ਲੱਖਾਂ ਹੋਰ ਵੀ ਬੱਚੇ ਹਨ, ਜਿਹੜੀ ਤੇਲੰਗਾਨਾ ਤੋਂ 150 ਕਿਲੋਮੀਟਰ ਦੂਰ ਆਪਣੇ ਪਿੱਤਰੀ ਪਿੰਡ ਤੁਰਦੀ ਤੁਰਦੀ ਘਰ ਤੋਂ ਕੇਵਲ 6 ਮੀਲ ਪਹਿਲਾਂ ਭੁੱਖ ਨਾਲ ਕਰਾਹੁੰਦੀ ਦਮ ਤੋੜ ਗਈ ਸੀ । ਜੇਬ ਤੇ ਰੋਟੀ ਤੋਂ ਵਿਹੂਣੇ ਇਹ ਲਾਚਾਰ ਕਾਮੇ ਇਹਨਾਂ ਹਾਲਾਤਾਂ ਵਿੱਚ ਵੀ ਹਿੰਮਤ ਅਤੇ ਦਲੇਰੀ ਦੀ ਮਿਸਾਲ ਨੇ । ਸਰਕਾਰਾਂ ਦੇ ਅਣ-ਮਨੁੱਖੀ ਵਤੀਰੇ ਨੇ ਇਹਨਾਂ ਪਰਵਾਸੀ ਮਜਦੂਰਾਂ ਦਾ ਮਨ ਪ੍ਰਦੇਸੀ ਕਰ ਦਿੱਤਾ ਅਤੇ ਇਹ ਆਪਣੇ ਹੱਥਾਂ ਨਾਲ ਸਿਰਜੇ ਸ਼ਹਿਰਾਂ ਨੂੰ ਬੇਦਾਵਾ ਲਿਖ ਕੇ ਉਦਾਸੀ ਦੇ ਆਲਮ ਵਿੱਚ ਹਜਾਰਾਂ ਮੀਲਾਂ ਦੇ ਸਫਰ ਤੇ ਤੁਰ ਪਏ । ਸਰਕਾਰਾਂ ਦੇ ਦਾਅਵੇ ਕਾਗਜਾਂ ਚ ਗੂੰਜਦੇ ਦਿਖਾਈ ਦੇ ਰਹੇ ਹਨ ਅਤੇ ਤਰਾਸਦੀ ਸੜਕਾਂ ਤੇ ਸਰਕਾਰਾਂ ਅਤੇ ਸਮਾਜ ਦਾ ਮੂੰਹ ਚਿੜਾਉਂਦੀ ਦਿਖ ਰਹੀ ਹੈ । ਸ਼ਹਿਰਾਂ ਦੀ ਚਕਾਚੌਂਧ ਵਿੱਚ ਇੱਕ ਬਾਬੂ ਜੀ ਨੂੰ ਖਾਣ ਨੂੰ ਕੇਲੇ ਨਾਂ ਮਿਲਣ ਦੀਆਂ ਖਬਰਾਂ ਫਲੈਸ਼ ਕਰਕੇ ਮੀਡੀਆ ਸਰਕਾਰਾਂ ਨੂੰ ਕੋਸਣ ਲੱਗਿਆ ਹੈ । ਇਸ ਮੀਡੀਆ ਦੀਆਂ ਖਬਰਾਂ ਅਤੇ ਕਵਰੇਜ ਤੋਂ ਦੇਸ਼ ਦੇ ਸਿਰਜਕ ਕਾਮਿਆਂ ਦੇ ਭੁੱਖੇ ਪੇਟ ਪਿਤਰੀ ਪਿੰਡਾਂ ਨੂੰ ਚਲਦੇ ਕਾਫਲਿਆਂ ਦੀਆਂ ਸੁਰਖੀਆਂ ਨਦਾਰਦ ਹਨ । ਸੜਕ ਦੇ ਕੰਢੇ ਆਪਣੇ ਪਿੱਤਰੀ ਰਾਜਾਂ ਨੂੰ ਮੋਢਿਆਂ ਤੇ ਸਾਮਾਨ ਚੁੱਕੀ ਛੋਟੇ ਛੋਟੇ ਬੱਚਿਆਂ ਨੂੰ ਉਂਗਲੀ ਲਾਈ ਤੁਰੇ ਜਾਂਦੇ ਪਰਵਾਸੀ ਕਾਮੇ ਮਹਾਂਮਾਰੀ ਵਿੱਚ ਢਹਿ ਢੇਰੀ ਹੋਏ ਸਮਾਜਿਕ ਤੰਤਰ ਅਤੇ ਸਰਕਾਰਾਂ ਦੀ ਨਾਕਾਮੀ ਦੀ ਘਿਨਾਉਣੀ ਤਸਵੀਰ ਪੇਸ਼ ਕਰਦੇ ਹਨ । ਚਲਦੇ ਬੱਚਿਆਂ ਬੱਚੀਆਂ ਦੇ ਪੈਰਾਂ ਤੇ ਛਾਲੇ ਬੇਸ਼ੱਕ ਤੁਰਨ ਤੋਂ ਵਰਜਦੇ ਹਨ ਪਰ ਤੁਰਨ ਬਿਨਾਂ ਹੀਲਾ ਵੀ ਕੋਈ ਨਹੀਂ ਹੈ । ਇਸ ਅਣਮਿਣੇ ਸਫਰ ਚ ਕਈ ਮੁਸਾਫਰਾਂ ਦਾ ਸਫਰ ਅਜੇ ਅਧੂਰਾ ਹੈ ਅਤੇ ਕਈ ਭੁੱਖ ਪਿਆਸ ਤੇ ਥਕਾਵਟ ਦੀ ਚਾਲ ਵਿੱਚ ਰਾਹਾਂ ਚ ਦਮ ਤੋੜ ਗਏ । ਕਈ ਬੇਚਾਰੇ ਸ਼ੂਕਦੀ ਆਉਂਦੀ ਰੇਲ ਗੱਡੀ ਨੇ ਦਰੜ ਦਿੱਤੇ । ਸਰਕਾਰ ਆਪਣੇ ਨਾਗਰਿਕਾਂ ਨੂੰ ਆਪਣੇ ਘਰਾਂ ਚ ਲਿਆਉਣ ਲਈ ਸਪੈਸ਼ਨ ਟਰੇਨਾ ਤਾਂ ਕੀ ਜਹਾਜਾਂ ਦੇ ਇੰਤਜਾਮ ਕਰਨ ਦੀਆਂ ਡੀਗਾਂ ਮਾਰਦੀ ਹੈ ਪਰ ਦਿਨ ਰਾਤ ਸੜਕਾਂ ਤੇ ਰੁਲ ਸ਼ਹਿਰਾਂ ਦਾ ਨਿਰਮਾਣ ਕਰਨ ਵਾਲੇ ਇੰਨਾਂ ਕਾਮਿਆਂ ਦੀ ਸਰਕਾਰ ਕਿਹੜੀ ਹੈ ? ਕਰਮ ਭੂਮੀ ਵਾਲੀ ਜਾਂ ਜਨਮ ਭੂਮੀ ਵਾਲੀ ? ਇਸਦਾ ਫੈਸਲਾ ਸ਼ਾਇਦ ਸੀ ਏ ਏ ਜਾਂ ਐਨ ਆਰ ਸੀ ਤੋਂ ਬਾਅਦ ਹੋਣਾ ਹੋਵੇ । ਪਰ ਨਿਸ਼ਚਤ ਰੂਪ ਵਿੱਚ ਕਰਮ ਭੂਮੀ ਤੋਂ ਬੇਗਾਨੇ ਕੀਤੇ ਇਹ ਕਾਮੇ ਜਨਮ ਭੂਮੀ ਦੇ ਟੁੱਟੇ ਘਰਾਂ ਵੱਲ ਸਕੂਨ ਦੀ ਇਸ ਉਮੀਦ ਨਾਲ ਜਰੂਰ ਤੁਰੇ ਹਨ ਕਿ ਖਾਕ ਤਾਂ ਆਪਣੀ ਮਿੱਟੀ ਵਿੱਚ ਹੋਵਾਂਗੇ ਹੀ ਕੋਰੋਨਾ ਨਾਲ ਨਹੀਂ ਤਾਂ ਭੁੱਖ ਨਾਲ ।
*98884-88060